18.2 C
Vancouver
Thursday, August 13, 2026

ਨੋਵਾ ਸਕੋਸ਼ੀਆ ’ਚ ਸੁਰੱਖਿਅਤ ਸਮੁੰਦਰੀ ਖੇਤਰ ਵਿੱਚੋਂ 170,000 ਡਾਲਰ ਦੀ ਗੈਰ-ਕਾਨੂੰਨੀ ਹੈਲੀਬੱਟ ਮੱਛੀ ਜ਼ਬਤ

ਵੈਨਕੂਵਰ (ਏਕਜੋਤ ਸਿੰਘ): ਨੋਵਾ ਸਕੋਸ਼ੀਆ ਵਿੱਚ ਫੈਡਰਲ ਮੱਛੀ ਪਾਲਣ ਅਧਿਕਾਰੀਆਂ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ 170,000 ਡਾਲਰ ਤੋਂ ਵੱਧ ਕੀਮਤ ਦੀ ਹੈਲੀਬੱਟ ਮੱਛੀ ਜ਼ਬਤ ਕੀਤੀ ਹੈ।
ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਇੱਕ ਬੇੜੀ ਦੇ ਕਪਤਾਨ ਉੱਤੇ ਨੋਵਾ ਸਕੋਸ਼ੀਆ ਦੇ ਇੱਕ ਸੁਰੱਖਿਅਤ ਸਮੁੰਦਰੀ ਖੇਤਰ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਮੱਛੀਆਂ ਫੜਨ ਦਾ ਦੋਸ਼ ਲੱਗਿਆ। ਫਿਸ਼ਰੀਜ਼ ਐਂਡ ਓਸ਼ਨਜ਼ ਕੈਨੇਡਾ ਨੇ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੇ 6 ਜੁਲਾਈ ਅਤੇ 8 ਜੁਲਾਈ ਨੂੰ ਕੇਪ ਬ੍ਰਿਟਨ ਦੇ ਪੂਰਬ ਵਿੱਚ ਸਥਿਤ ਸੈਂਟ ਐਨਜ਼ ਬੈਂਕ ਮਰੀਨ ਪ੍ਰੋਟੈਕਟਿਡ ਏਰੀਆ ਦੇ ਅੰਦਰ ਇਸ ਬੇੜੀ ਦੀ ਨਿਗਰਾਨੀ ਕੀਤੀ ਸੀ।
ਵਿਭਾਗ ਅਨੁਸਾਰ ਅਧਿਕਾਰੀਆਂ ਨੇ ਬੇੜੀ ਦੇ ਕਪਤਾਨ ਨਾਲ ਸੰਪਰਕ ਕਰਨ ਅਤੇ ਉਸ ਨੂੰ ਰੋਕਣ ਦੀਆਂ ਕਈ ਵਾਰ ਕੋਸ਼ਿਸ਼ਾਂ ਕੀਤੀਆਂ, ਪਰ ਬੇੜੀ ਉੱਤੇ ਮੌਜੂਦ ਲੋਕਾਂ ਨੇ ਚੇਤਾਵਨੀਆਂ ਦੀ ਪ੍ਰਵਾਹ ਕੀਤੇ ਬਿਨਾਂ ਮੱਛੀਆਂ ਫੜਨਾ ਜਾਰੀ ਰੱਖਿਆ। ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ, 8 ਜੁਲਾਈ ਨੂੰ ਫੈਡਰਲ ਅਧਿਕਾਰੀ ਬੇੜੀ ਉੱਤੇ ਸਵਾਰ ਹੋ ਗਏ ਅਤੇ ਉਨ੍ਹਾਂ ਨੇ ਕਪਤਾਨ ਨੂੰ ਆਪਣੀ ਬੇੜੀ ਨੂੰ ਲੂਈਸਬਰਗ, ਨੋਵਾ ਸਕੋਸ਼ੀਆ ਦੀ ਬੰਦਰਗਾਹ ‘ਤੇ ਲਿਜਾਣ ਦੇ ਹੁਕਮ ਦਿੱਤੇ।
ਅਗਲੇ ਦਿਨ, ਵਿਭਾਗ ਨੇ ਬੇੜੀ ਵਿੱਚੋਂ ਫੜੀ ਗਈ 8,000 ਕਿਲੋਗ੍ਰਾਮ ਹੈਲੀਬੱਟ ਮੱਛੀ ਦੀ ਪੂਰੀ ਖੇਪ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਅਧਿਕਾਰੀਆਂ ਨੇ ਬੇੜੀ ਦੇ ਕਪਤਾਨ ਉੱਤੇ ਗੈਰ-ਕਾਨੂੰਨੀ ਮੱਛੀ ਫੜਨ, ਕਾਨੂੰਨੀ ਕਾਰਵਾਈ ਵਿੱਚ ਵਿਘਨ ਪਾਉਣ ਅਤੇ ਫੜੀ ਗਈ ਮੱਛੀ ਦੀ ਸਹੀ ਰਿਪੋਰਟ ਨਾ ਕਰਨ ਦੇ ਗੰਭੀਰ ਦੋਸ਼ ਆਇਦ ਕੀਤੇ ਹਨ। ਫੈਡਰਲ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਮੁੰਦਰੀ ਜੀਵ-ਜੰਤੂਆਂ ਅਤੇ ਸੁਰੱਖਿਅਤ ਖੇਤਰਾਂ ਦੀ ਸੁਰੱਖਿਆ ਲਈ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ