ਰਿਚਮੰਡ ਬੀ.ਸੀ. (ਬਲਵੰਤ ਸਿੰਘ ਸੰਘੇੜਾ): ਸਾਡੀ ਕਮਿਊਨਿਟੀ ਲਈ ਇਹ ਬਹੁਤ ਹੀ ਤਸੱਲੀ ਦੀ ਗੱਲ ਹੈ ਕਿ ਹੁਣ ਸਾਨੂੰ ਆਪਣੇ ਪਿਆਰਿਆਂ ਦੀਆਂ ਅਸਤੀਆਂ ਬੇੜੀਆਂ ਕਿਰਾਏ ਉੱਪਰ ਕਰਕੇ ਸਮੁੰਦਰ ਵਿਚ ਜਲ ਪ੍ਰਵਾਹ ਕਰਨ ਲਈ ਜਾਂ ਇੰਡੀਆ ਨੂੰ ਨਹੀਂ ਲਿਜਾਣੀਆਂ ਪੈਣਗੀਆਂ। ਸਾਡੀ ਕਮਿਊਨਿਟੀ, ਖਾਸਕਰ ਕਾਫੀ ਗੁਰਦਵਾਰਾ ਸਾਹਿਬਾਨ, ਮੰਦਰਾਂ ਦੀਆਂ ਕਮੇਟੀਆਂ, ਸਾਊਥ ਏਸ਼ੀਅਨ ਮੀਡੀਆ, ਡੈਲਟਾ ਦੇ ਮੇਅਰ ਜੌਰਜ ਹਾਰਵੀ, ਡੈਲਟਾ ਦੀ ਸਿਟੀ ਕੌਂਸਲ, ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਅਤੇ ਡੈਲਟਾ ਨੌਰਥ ਦੇ ਐੱਮ.ਐੱਲ.ਏ. ਅਤੇ ਮੰਤਰੀ ਰਵੀ ਕਾਹਲੋਂ ਦੇ ਉਪਰਾਲਿਆਂ ਸਦਕਾ ਇਹ ਮਸਲਾ ਹੱਲ ਹੋ ਗਿਆ ਹੈ।
ਹੁਣ ਆਪਣੇ ਪਿਆਰਿਆਂ ਦੀਆਂ ਅਸਤੀਆਂ ਅਸੀਂ ਡੈਲਟਾ ਦੇ ਟਿਲਬਰੀ ਆਈਲੈਂਡ ਵਿਖੇ ਫਰੇਜ਼ਰ ਵਿਊਪੁਆਇੰਟ ਪਬਲਿਕ ਪਾਰਕ ਵਿਖੇ ਫਰੇਜ਼ਰ ਦਰਿਆ ਦੇ ਚੱਲਦੇ ਪਾਣੀ ਵਿਚ ਜਲ ਪ੍ਰਵਾਹ ਕਰ ਸਕਦੇ ਹਾਂ। ਇਹ ਪਾਰਕ ਫਾਈਵ ਰਿਵਰਜ਼ ਫਿਊਨਰਲ ਹੋਮ ਦੇ ਕਾਫੀ ਨਜ਼ਦੀਕ ਹੈ। ਇਸ ਲਈ ਸਾਡੀ ਕਮਿਊਨਿਟੀ ਇਹਨਾਂ ਸਭ ਦੀ ਬਹੁਤ ਧੰਨਵਾਦੀ ਹੈ। ਇਹ ਖਾਸ ਪਾਰਕ, ਪਰਿਵਾਰ ਨੂੰ ਵਿਛੜੀ ਹੋਈ ਆਤਮਾਂ ਨੂੰ ਆਖਰੀ ਵਿਦਾਇਗੀ ਦੇਣ ਲਈ ਇਕ ਇਕਾਂਤ ਨਿਵੇਕਲੀ ਅਤੇ ਢੁੱਕਵੀਂ ਥਾਂਹ ਬਣ ਗਈ ਹੈ।
ਇਹ ਥਾਂਹ ਵੈਸੇ ਵੀ ਬਹੁਤ ਹੀ ਸ਼ਾਂਤੀ ਅਤੇ ਆਦਰਯੋਗ ਵਾਤਾਵਰਨ ਵਾਲੀ ਜਗ੍ਹਾ ਹੈ। ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਇੱਥੇ ਵਿਛੜੀ ਹੋਈ ਆਤਮਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਆਪਣਾ ਦੁੱਖ ਸੁਖ ਵੀ ਸਾਂਝਾ ਕਰ ਸਕਦੇ ਹਨ। ਇਸ ਥਾਂਹ ਉੱਪਰ ਹਾਲੇ ਕਾਫੀ ਹੋਰ ਕੰਮ ਕਰਨ ਵਾਲਾ ਹੈ ਜੋ ਸਿਟੀ ਆਫ ਡੈਲਟਾ ਦੇ ਮੇਅਰ ਜੌਰਜ ਹਾਰਵੀ ਅਨੁਸਾਰ ਛੇਤੀ ਹੀ ਹੋ ਜਾਵੇਗਾ। ਇਸ ਬੇਹੱਦ ਲੋੜੀਂਦੇ ਕਾਰਜ ਦੀ ਪੂਰਤੀ ਦੇ ਵਿਚ ਯੋਗਦਾਨ ਪਾਉਣ ਲਈ ਸਭ ਸੱਜਣ ਅਤੇ ਬੀਬੀਆਂ ਧੰਨਵਾਦ ਦੇ ਪਾਤਰ ਹਨ।
ਕੈਨੇਡਾ ਦੇ ਸ਼ਹਿਰ ਡੈਲਟਾ ਵਿਚ ‘ਸ਼ਾਂਤੀ ਘਾਟ’ ਦੀ ਸਥਾਪਨਾ

