18.2 C
Vancouver
Thursday, August 13, 2026

ਵਿਧਾਇਕ ਆਮਨਾ ਸ਼ਾਹ ਵੱਲੋਂ ਕਰਿਆਨੇ ਦੀਆਂ ਵਧਦੀਆਂ ਕੀਮਤਾਂ ਖਿਲਾਫ ਵਿਸ਼ੇਸ਼ ਮਤਾ ਪੇਸ਼

ਵੈਨਕੂਵਰ (ਏਕਜੋਤ ਸਿੰਘ): ਵਿਧਾਇਕ ਆਮਨਾ ਸ਼ਾਹ ਨੇ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਅਤੇ ਸਬੰਧਤ ਧਿਰਾਂ ਤੋਂ ਉਸ ਕਾਨੂੰਨੀ ਮਤੇ ਬਾਰੇ ਸੁਝਾਅ ਮੰਗੇ ਹਨ ਜਿਸਦਾ ਉਦੇਸ਼ ਆਨਲਾਈਨ ਅਤੇ ਕਰਿਆਨੇ ਦੀਆਂ ਦੁਕਾਨਾਂ ਵਿੱਚ ਪਾਈਆਂ ਜਾਣ ਵਾਲੀਆਂ ਅਣਉਚਿਤ ਕੀਮਤਾਂ ਨੂੰ ਨੱਥ ਪਾਉਣਾ ਹੈ। ਸ਼ਾਹ ਨੇ ਕਿਹਾ ਕਿ ਭਾਵੇਂ ਇਹ ਆਨਲਾਈਨ ਕੰਪਨੀਆਂ ਵੱਲੋਂ ਕਿਸੇ ਵਿਅਕਤੀ ਲਈ ਕੀਮਤਾਂ ਵਧਾਉਣ ਲਈ ਨਿੱਜੀ ਡੇਟਾ ਦੀ ਵਰਤੋਂ ਕਰਨ ਦੀਆਂ ਖ਼ਬਰਾਂ ਹੋਣ ਜਾਂ ਸਥਾਨਕ ਏਕਾਧਿਕਾਰ ਵਾਲੇ ਕਰਿਆਨੇ ਦੇ ਸਟੋਰਾਂ ਵੱਲੋਂ ਕੀਮਤਾਂ ਵਧਾਉਣ ਦੀ ਗੱਲ ਹੋਵੇ ਲੋਕ ਬੇਇਨਸਾਫੀ ਮਹਿਸੂਸ ਕਰ ਰਹੇ ਹਨ। ਉਹਨਾਂ ਸਪੱਸ਼ਟ ਕੀਤਾ ਕਿ ਉਹਨਾਂ ਦੇ ਮਤੇ ਦਾ ਮੁੱਖ ਟੀਚਾ ਇਸ ਮੁੱਦੇ ਨਾਲ ਨਜਿੱਠਣਾ ਅਤੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਉਹਨਾਂ ਅਣਉਚਿਤ ਅਭਿਆਸਾਂ ਤੋਂ ਬਚਾਉਣਾ ਹੈ ਜੋ ਉਹਨਾਂ ਲਈ ਰੋਜ਼ਮਰ੍ਹਾ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਦੇ ਹਨ। ਮਈ ਵਿੱਚ ਆਪਣਾ ਮਤਾ ਪੇਸ਼ ਕਰਨ ਤੋਂ ਬਾਅਦ ਸ਼ਾਹ ਨੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਨਾਲ ਵੀ ਮੁਲਾਕਾਤ ਕੀਤੀ ਸੀ ਜਿਹਨਾਂ ਨੇ ਇਸ ਮਤੇ ਦਾ ਪੂਰਾ ਸਮਰਥਨ ਕੀਤਾ ਸੀ। ਵਿਧਾਇਕ ਸ਼ਾਹ ਨੇ ਸਬੰਧਤ ਧਿਰਾਂ, ਮਾਹਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਕਾਰ ਨਾਲ ਇਸ ਮੁੱਦੇ ਉੱਤੇ ਕੰਮ ਕਰਦੇ ਸਮੇਂ ਲੋਕਾਂ ਦੀਆਂ ਚਿੰਤਾਵਾਂ ਨੂੰ ਸਭ ਤੋਂ ਅੱਗੇ ਰੱਖਿਆ ਜਾਵੇ। ਉਹਨਾਂ ਕਿਹਾ ਕਿ ਉਹ ਉਹਨਾਂ ਲੋਕਾਂ ਤੋਂ ਸੁਣਨਾ ਚਾਹੁੰਦੇ ਹਨ ਜੋ ਇਹ ਸਾਬਤ ਕਰ ਸਕਦੇ ਹਨ ਕਿ ਉਹ ਨਿਗਰਾਨੀ ਕੀਮਤ ਨਿਰਧਾਰਨ ਦਾ ਸ਼ਿਕਾਰ ਹੋਏ ਹਨ। ਉਹ ਉਹਨਾਂ ਸੰਸਥਾਵਾਂ ਨਾਲ ਵੀ ਗੱਲ ਕਰਨਾ ਚਾਹੁੰਦੇ ਹਨ ਜੋ ਇਸ ਪ੍ਰਥਾ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ। ਸ਼ਾਹ ਨੇ ਉਹਨਾਂ ਆਂਢ ਗੁਆਂਢ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ ਦਿਵਾਇਆ ਜਿੱਥੇ ਇੱਕ ਕਰਿਆਨੇ ਦੇ ਸਟੋਰ ਦਾ ਜ਼ਮੀਨੀ ਸਮਝੌਤਾ ਹੁੰਦਾ ਹੈ ਜੋ ਕਿਸੇ ਹੋਰ ਸਟੋਰ ਨੂੰ ਨੇੜੇ ਆਉਣ ਤੋਂ ਰੋਕਦਾ ਹੈ ਅਤੇ ਮੁਕਾਬਲੇਬਾਜ਼ੀ ਨੂੰ ਖਤਮ ਕਰ ਦਿੰਦਾ ਹੈ। ਇਸ ਨਾਲ ਇੱਕ ਸਟੋਰ ਨੂੰ ਉੱਚੀਆਂ ਕੀਮਤਾਂ ਤੈਅ ਕਰਨ ਦੀ ਖੁੱਲ੍ਹ ਮਿਲ ਜਾਂਦੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਗਾਹਕਾਂ ਕੋਲ ਕੋਈ ਹੋਰ ਵਿਕਲਪ ਨਹੀਂ ਹੈ।
ਇਸ ਖਪਤਕਾਰ ਸੁਰੱਖਿਆ ਮਤੇ ਉੱਤੇ ਆਗਾਮੀ ਪਤਝੜ ਸੈਸ਼ਨ ਵਿੱਚ ਬਹਿਸ ਕੀਤੀ ਜਾਵੇਗੀ। ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਬੀਸੀ ਸਰਕਾਰ ਐਲਗੋਰਿਦਮਿਕ ਵਿਅਕਤੀਗਤ ਕੀਮਤ ਨਿਰਧਾਰਨ ਦੇ ਵਿਰੁੱਧ ਖਪਤਕਾਰ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰੇ। ਇਸ ਤੋਂ ਇਲਾਵਾ ਕੀਮਤਾਂ ਵਿੱਚ ਪਾਰਦਰਸ਼ਤਾ ਦੀਆਂ ਜ਼ਰੂਰਤਾਂ ਨੂੰ ਵਧਾਉਣ ਅਤੇ ਕਰਿਆਨੇ ਦੇ ਸਟੋਰਾਂ ਦੇ ਜਾਇਦਾਦ ਸਮਝੌਤਿਆਂ ਦੀ ਸਮੀਖਿਆ ਕਰਨ ਦੀ ਵੀ ਮੰਗ ਕੀਤੀ ਗਈ ਹੈ ਜੋ ਮੁਕਾਬਲੇ ਨੂੰ ਸੀਮਤ ਕਰ ਸਕਦੇ ਹਨ। ਸ਼ਾਹ ਨੇ ਅਪੀਲ ਕੀਤੀ ਹੈ ਕਿ ਕਰਿਆਨੇ ਦੀਆਂ ਕੀਮਤਾਂ ਨਾਲ ਸਬੰਧਤ ਤਜ਼ਰਬੇ ਰੱਖਣ ਵਾਲਾ ਕੋਈ ਵੀ ਵਿਅਕਤੀ ਉਹਨਾਂ ਨਾਲ ਈਮੇਲ ਰਾਹੀਂ ਸੰਪਰਕ ਕਰ ਸਕਦਾ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ