ਵੈਨਕੂਵਰ (ਏਕਜੋਤ ਸਿੰਘ): ਨੌਰਥ ਓਕਾਨਾਗਨ ਲੈਜੈਂਡਜ਼ ਮਾਈਨਰ ਲੈਕਰੋਸ ਟੀਮ ਦੇ ਕੋਚ ਨੇ ਆਪਣੀ ਟੀਮ ਨੂੰ 9 ਤੋਂ 12 ਜੁਲਾਈ ਤੱਕ ਪ੍ਰਿੰਸ ਜਾਰਜ ਵਿਖੇ ਆਯੋਜਿਤ ਬੀਸੀ ਅੰਡਰ 15 ਬੀ ਡਿਵੀਜ਼ਨ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕਰਨ ਵਿੱਚ ਅਹਿਮ ਮਾਰਗਦਰਸ਼ਨ ਦਿੱਤਾ। ਕੋਚ ਮਾਨ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਕਦੇ ਵੀ 100 ਮਾਈਲ ਹਾਊਸ ਦੇ ਉੱਤਰ ਵੱਲ ਨਹੀਂ ਗਏ ਸਨ। ਉਨ੍ਹਾਂ ਲਈ ਪ੍ਰਿੰਸ ਜਾਰਜ ਦਾ ਦੌਰਾ ਬਹੁਤ ਸ਼ਾਨਦਾਰ ਰਿਹਾ ਅਤੇ ਬੱਚਿਆਂ ਨੂੰ ਇਕੱਠੇ ਹੋ ਕੇ ਤਗਮਾ ਜਿੱਤਦੇ ਦੇਖਣਾ ਬਹੁਤ ਹੀ ਮਾਣ ਵਾਲੀ ਗੱਲ ਸੀ। ਲੈਜੈਂਡਜ਼ ਨੇ ਰਾਊਂਡ ਰੋਬਿਨ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਹਾਲਾਂਕਿ ਉਨ੍ਹਾਂ ਨੇ ਆਪਣਾ ਸ਼ੁਰੂਆਤੀ ਮੈਚ ਮੇਜ਼ਬਾਨ ਪ੍ਰਿੰਸ ਜਾਰਜ ਪੋਸੇ ਤੋਂ 5 ਅਤੇ 4 ਦੇ ਫਰਕ ਨਾਲ ਹਾਰਿਆ ਸੀ ਪਰ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ। ਨੌਰਥ ਓਕਾਨਾਗਨ ਨੇ ਆਪਣੇ ਅਗਲੇ ਦੋਵਾਂ ਮੈਚਾਂ ਵਿੱਚ 10-10 ਗੋਲ ਕਰਕੇ ਮਿਸ਼ਨ ਸੈਸਕੁਐਚ ਨੂੰ 10 ਅਤੇ 2 ਦੇ ਫਰਕ ਨਾਲ ਅਤੇ ਕੋਕੁਇਟਲਮ ਅਡਾਨੈਕਸ ਨੂੰ 10 ਅਤੇ 1 ਦੇ ਫਰਕ ਨਾਲ ਹਰਾਇਆ। ਸੈਮੀਫਾਈਨਲ ਵਿੱਚ ਲੈਜੈਂਡਜ਼ ਨੂੰ ਪੈਂਟਿਕਟਨ ਹੀਟ ਹੱਥੋਂ 6 ਅਤੇ 1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕਾਂਸੀ ਦੇ ਤਗਮੇ ਵਾਲੇ ਮੈਚ ਵਿੱਚ ਉਨ੍ਹਾਂ ਨੇ ਵੈਨਕੂਵਰ ਬਰਾਰਡਜ਼ ਨੂੰ 9 ਅਤੇ 2 ਦੇ ਫਰਕ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਪ੍ਰਿੰਸ ਜਾਰਜ ਨੇ ਫਾਈਨਲ ਵਿੱਚ ਪੈਂਟਿਕਟਨ ਨੂੰ 8 ਅਤੇ 3 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
ਇਸਤੋਂ ਇੱਕ ਹਫ਼ਤਾ ਪਹਿਲਾਂ ਐਂਡਰਬੀ ਅਤੇ ਸੈਲਮਨ ਆਰਮ ਨੇ ਅੰਡਰ 13 ਅਤੇ ਅੰਡਰ 15 ਡਿਵੀਜ਼ਨਾਂ ਵਿੱਚ ਸੂਬਾਈ ਚੈਂਪੀਅਨਸ਼ਿਪਾਂ ਦੀ ਮੇਜ਼ਬਾਨੀ ਕੀਤੀ ਸੀ ਜਿਸ ਵਿੱਚ ਨੌਰਥ ਓਕਾਨਾਗਨ ਐਸੋਸੀਏਸ਼ਨ ਦੀਆਂ ਦੋ ਟੀਮਾਂ ਨੇ ਹਿੱਸਾ ਲਿਆ ਸੀ। ਅੰਡਰ 13 ਬੀ ਟੀਮ ਦੀ ਕੋਚਿੰਗ ਵੀ ਮਾਨ ਕੋਲ ਸੀ ਜਿਸਨੇ ਦੋ ਮੈਚ ਜਿੱਤੇ ਅਤੇ ਇੱਕ ਹਾਰਿਆ ਪਰ ਗਣਿਤਿਕ ਸਮੀਕਰਨਾਂ ਕਾਰਨ ਉਹ ਫਾਈਨਲ ਚਾਰ ਵਿੱਚ ਜਗ੍ਹਾ ਨਹੀਂ ਬਣਾ ਸਕੇ। ਟੀਮ ਵਿੱਚ ਖਿਡਾਰੀਆਂ ਦੀ ਕਮੀ ਕਾਰਨ ਅੰਡਰ 11 ਪ੍ਰੋਗਰਾਮ ਵਿੱਚੋਂ ਕੁਝ ਬੱਚਿਆਂ ਨੂੰ ਬੁਲਾਇਆ ਗਿਆ ਸੀ ਅਤੇ ਸਾਰਿਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਨੌਰਥ ਓਕਾਨਾਗਨ ਨੇ ਰਿਚਮੰਡ ਰੋਡਰਨਰਜ਼ ਨੂੰ 9 ਅਤੇ 5 ਨਾਲ ਅਤੇ ਨਾਨਾਇਮੋ ਟਿੰਬਰਮੈਨ ਨੂੰ 13 ਅਤੇ 1 ਦੇ ਫਰਕ ਨਾਲ ਹਰਾਇਆ ਸੀ। ਜੂਨੀਅਰ ਲੈਕਰੋਸ ਦੇ ਖੇਤਰ ਵਿੱਚ ਥੌਮਸਨ ਓਕਾਨਾਗਨ ਜੂਨੀਅਰ ਲੈਕਰੋਸ ਲੀਗ ਦਾ ਪਲੇਆਫ ਚੈਂਪੀਅਨ ਇਸ ਵੀਕੈਂਡ ਕੇਲੋਵਨਾ ਵਿਖੇ ਤੈਅ ਹੋਵੇਗਾ। ਨਿਯਮਤ ਸੀਜ਼ਨ ਦੀ ਚੈਂਪੀਅਨ ਟੀਮ ਆਇਰਨ ਘੋਸਟ ਕੰਸਟ੍ਰਕਸ਼ਨ ਨੌਰਥ ਓਕਾਨਾਗਨ ਰੀਪਰਜ਼ ਦਾ ਮੁਕਾਬਲਾ ਕੇਲੋਵਨਾ ਕੋਡੀਅਕਸ, ਕ੍ਰੈਨਬਰੂਕ ਬਲੈਕਵੋਲਵਜ਼ ਅਤੇ ਕੈਮਲੂਪਸ ਵੇਨਮ ਨਾਲ ਹੋਵੇਗਾ। ਚਾਰੇ ਟੀਮਾਂ 17 ਅਤੇ 18 ਜੁਲਾਈ ਨੂੰ ਇੱਕ ਦੂਜੇ ਨਾਲ ਭਿੜਨਗੀਆਂ ਅਤੇ ਚੋਟੀ ਦੀਆਂ ਦੋ ਟੀਮਾਂ ਐਤਵਾਰ 19 ਜੁਲਾਈ ਨੂੰ ਫਾਈਨਲ ਵਿੱਚ ਆਹਮੋ ਸਾਹਮਣੇ ਹੋਣਗੀਆਂ। ਸਾਰੇ ਮੈਚ ਕੇਲੋਵਨਾ ਮੈਮੋਰੀਅਲ ਏਰੀਨਾ ਵਿਖੇ ਖੇਡੇ ਜਾਣਗੇ। This report was written by Ekjot Singh as part of the Local Journalism Initiative.
ਪ੍ਰਿੰਸ ਜਾਰਜ ਲੈਕਰੋਸ ਚੈਂਪੀਅਨਸ਼ਿਪ: ਨੌਰਥ ਓਕਾਨਾਗਨ ਲੈਜੈਂਡਜ਼ ਨੇ ਜਿੱਤਿਆ ਕਾਂਸੀ ਦਾ ਤਗਮਾ

