ਸਰੀ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋ ਗੁਰਦੁਆਰਾ ਸਿੰਘ ਸਭਾ ਸਰੀ ਨੂੰ ਭੇਜੇ ਗਏ ਗੁਰੂ ਗ੍ਰੰਥ ਸਾਹਿਬ ਦੇ 225 ਸਰੂਪਾਂ ਦੇ ਸਤਿਕਾਰ ਅਤੇ ਮਰਿਆਦਾ ਦੇ ਮੁੱਦੇ ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਲੋਂ ਬੁਲਾਈ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਗੰਭੀਰ ਸਵਾਲ ਉਠਾਏ ਗਏ ਹਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲੇ ਸਿੱਖ ਆਗੂਆਂ ਵਿਚ ਸ਼ਾਮਿਲ ਗਿਆਨੀ ਜੈਮਲ ਸਿੰਘ, ਭਾਈ ਹਰਦੀਪ ਸਿੰਘ ਨਾਗਰਾ, ਭਾਈ ਗਗਨ ਸਿੰਘ, ਭਾਈ ਜਸਵੀਰ ਸਿੰਘ ਸੈਕਟਰੀ ਦਸਮੇਸ਼ ਦਰਬਾਰ ਸਰੀ, ਭਾਈ ਗੁਰਦੀਪ ਸਿੰਘ ਸਮਰਾ ਗੁਰਦੁਆਰਾ ਨਿਊ ਵੈਸਟ ਮਨਿਸਟਰ, ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਅਮਨਦੀਪ ਸਿੰਘ ਜੌਹਲ, ਭਾਈ ਰਣਜੀਤ ਸਿੰਘ ਖਾਲਸਾ ਗੁਰਦੁਆਰਾ ਬਾਬਾ ਬੰਦਾ ਬਹਾਦਰ ਸਾਹਿਬ ਐਬਸਫੋਰਡ ਤੇ ਭਾਈ ਲਖਵੰਤ ਸਿੰਘ ਸ਼ਾਮਿਲ ਸਨ। ਭਾਈ ਜੈਮਲ ਸਿੰਘ ਨੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਬੀਤੇ ਦਿਨੀ ਜੋ ਗੁਰੂ ਗਰੰਥ ਸਾਹਿਬ ਦੇ ਸਰੂਪ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਪੁੱਜੇ ਹਨ, ਉਹਨਾਂ ਨੂੰ ਸ੍ਰੋਮਣੀ ਕਮੇਟੀ ਵਲੋਂ ਇਕ ਬੱਸ ਵਿਚ ਰੱਖਕੇ ਕੰਨਟੇਨਰ ਅਤੇ ਸਮੁੰਦਰੀ ਰਸਤੇ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਸਮੁੰਦਰੀ ਰਸਤੇ ਆਉਣ ਕਾਰਣ ਸਪੱਸ਼ਟ ਹੈ ਕਿ ਇਹਨਾਂ ਸਰੂਪਾਂ ਦੇ ਸਤਿਕਾਰ ਅਤੇ ਰੱਖ ਰੱਖਾਵ ਵਿਚ ਕੁਤਾਹੀ ਹੋਈ ਹੈ। ਉਹਨਾਂ ਗੁਰੁਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਵਲੋਂ ਉਹਨਾਂ ਨੂੰ ਇਹਨਾਂ ਸਰੂਪਾਂ ਦੇ ਦਰਸ਼ਨ ਨਾ ਕਰਵਾਏ ਜਾਣ ਅਤੇ ਜਦੋਂ ਇਹ ਸਰੂਪ ਗੁਰਦੁਆਰਾ ਸਾਹਿਬ ਲਿਆਂਦੇ ਗਏ, ਉਸ ਸਮੇ ਹੋਰ ਕਿਸੇ ਗੁਰਦੁਆਰਾ ਸਾਹਿਬ ਅਤੇ ਪ੍ਰਬੰਧਕੀ ਕਮੇਟੀਆਂ ਨੂੰ ਸੂਚਿਤ ਨਾ ਕੀਤੇ ਜਾਣ ਤੇ ਵੀ ਕਈ ਸਵਾਲ ਉਠਾਏ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਹਨਾਂ ਸਰੂਪਾਂ ਦੇ ਕੈਨੇਡਾ ਵਿਖੇ ਪੁੱਜਣ ਵਿਚ ਪੂਰੀ ਮਰਿਯਾਦਾ ਦਾ ਖਿਆਲ ਰੱਖੇ ਜਾਣ ਸਬੰਧੀ ਜਾਰੀ ਪੱਤਰ ਉਪਰ ਕਿੰਤੂ ਪ੍ਰਗਟ ਕਰਦਿਆਂ ਕਿਹਾ ਕਿ ਇਸ ਪੱਤਰ ਉਪਰ ਸਿੰਘ ਸਾਹਿਬ ਦੇ ਦਸਤਖਤਾਂ ਦੀ ਥਾਂ ਇਕ ਕਰਮਚਾਰੀ ਬਗੀਚਾ ਸਿੰਘ ਦੇ ਦਸਤਖਤ ਹਨ। ਉਹਨਾਂ ਹੋਰ ਕਿਹਾ ਕਿ ਸ੍ਰੋਮਣੀ ਕਮੇਟੀ ਨੂੰ ਇਸ ਸਬੰਧੀ ਸਪੱਸ਼ਟ ਕੀਤੇ ਜਾਣ ਬਾਰੇ ਲਿਖੇ ਗਏ ਪੱਤਰ ਦਾ ਵੀ ਉਹਨਾਂ ਨੂੰ ਕੋਈ ਜਵਾਬ ਨਹੀ ਆਇਆ।
ਇਸ ਮੌਕੇ ਉਹਨਾਂ ਸਰੂਪਾਂ ਨੂੰ ਵੱਡੀ ਗਿਣਤੀ ਵਿਚ ਇਥੇ ਲਿਆਂਦੇ ਜਾਣ ਅਤੇ ਰਸਤੇ ਵਿਚ ਸਤਿਕਾਰ ਸਬੰਧੀ ਹੋਈਆਂ ਕੁਤਾਹੀਆਂ ਤੇ ਸਵਾਲ ਖੜੇ ਕਰਦਿਆਂ ਇਸ ਲਈ ਗੁਰੁਦਆਰਾ ਸਿੰਘ ਸਭਾ ਸਰੀ ਦੇ ਪ੍ਰਬੰਧਕਾਂ ਨੂੰ ਜਿੰਮੇਵਾਰ ਠਹਿਰਾਇਆ ਤੇ ਐਲਾਨ ਕੀਤਾ ਕਿ ਉਹ 19 ਜੁਲਾਈ ਨੂੰ ਸੰਗਤੀ ਰੂਪ ਵਿਚ ਗੁਰਦੁਆਰਾ ਸਿੰਘ ਸਭਾ ਜਾਣਗੇ ਤੇ ਉਥੋਂ ਦੇ ਪ੍ਰਬੰਧਕਾਂ ਤੋਂ ਜਵਾਬ ਲੈਣਗੇ। ਉਹਨਾਂ ਸੰਗਤਾਂ ਨੂੰ ਵੱਡੀ ਗਿਣਤੀ ਵਿਚ ਉਥੇ ਪੁੱਜਣ ਤੇ ਫਿਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੱਕ ਰੋਸ ਮਾਰਚ ਕੀਤੇ ਜਾਣ ਦਾ ਸੱਦਾ ਦਿੱਤਾ ਹੈ।
ਜਦੋਂ ਕੁਝ ਪੱਤਰਕਾਰਾਂ ਨੇ ਪ੍ਰੈੱਸ ਕਾਨਫਰੰਸ ਦੇ ਪ੍ਰਬੰਧਕਾਂ ਨੂੰ ਸਵਾਲ ਕੀਤਾ ਕਿ ਕੁਝ ਸਾਲ ਪਹਿਲਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਲਗਭੱਗ 74 ਸਰੂਪ ਖਾਲਸਾ ਸਕੂਲ ਦੇ ਪ੍ਰਬੰਧਕਾਂ ਤੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਲਿਆਂਦੇ ਗਏ ਸਨ ਉਹ ਕਿਥੇ ਹਨ? ਕਿਸ ਤਰ੍ਹਾਂ ਉਨ੍ਹਾਂ ਦਾ ਰਖ-ਰਖਾਵ ਕੀਤਾ ਗਿਆ? ਇਸ ਬਾਰੇ ਪ੍ਰੈੱਸ ਕਾਨਫਰੰਸ ਦੇ ਪ੍ਰਬੰਧਕਾਂ ਨੇ ਕੋਈ ਵੀ ਸ਼ਪੱਸ਼ਟ ਜਵਾਬ ਨਹੀਂ ਦਿੱਤਾ। ਪ੍ਰੈੱਸ ਕਾਨਫਰੰਸ ਦੇ ਪ੍ਰਬੰਧਕਾਂ ‘ਚੋਂ ਇੱਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ‘ਚ ਕੋਈ ਵੀ ਗਲਤੀ ਨਹੀਂ ਪਾਈ ਗਈ ਸੀ ਪਰ ਇਹ ਨਹੀਂ ਦੱਸਿਆ ਗਿਆ ਕਿ ਉਹ ਇਸ ਸਮੇਂ ਕਿਥੇ ਹਨ।
ਇਸ ਸਮੇਂ ਪੱਤਰਕਾਰ ਭਾਵੇਂ ਤਿੰਨ ਚਾਰ ਹੀ ਸਨ ਉਨਾ ਨੇ ਇਹ ਸੁਝਾਅ ਦਿੱਤਾ ਇਹ ਮਸਲਾ ਬਹੁਤ ਹੀ ਸੂਖਮ ਹੈ ਲੰਮੇ ਸਮੇਂ ਤੋਂ ਸਿੱਖ ਕੌਮ ਅੱਗੇ ਵਿਚਾਰ ਅਧੀਂਨ ਹੈ। ਇਸਨੂੰ ਸੁਸਇਟੀਆਂ ਬੈਠ ਕੇ ਸੁਲਝਾਉਂਣ ਨਾ ਕਿ ਸਿੱਖ ਕੌਮ ਨੂੰ ਪਾਟੋ ਧਾੜ ਕਰਨ ਲਈ ਜ਼ਜ਼ਬਾਤੀ ਰੌਂਅ ਵਿੱਚ ਫੈਸਲੇ ਲਏ ਜਾਣ। ਪਹਿਲਾ ਹੀ ਖੇਰੂੰ-ਖੈਰੰੂ ਹੋਈ ਸਿੱਖ ਕੌਮ ਅੱਗੇ ਵੱਡੀਆਂ ਚੁਣੌਤੀਆਂ ਹਨ ਪਰ ਇਹ ਵਿਚਾਰ ਜਰੂਰ ਹੋਣੀਂ ਚਾਹੀਦੀ ਹੈ ਕਿਸ ਮਸਲੇ ਬਾਰੇ ਗੱਲ ਕਦੋਂ ਕਰਨੀ ਹੈ, ਕਿਵੇਂ ਕਰਨੀ ਹੈ ਤੇ ਕਿਵੇਂ ਸੁਲਝਾਇਆ ਜਾ ਸਕਦਾ ਹੈ। ਅੱਜ ਸਾਡੇ ਸਾਹਮਣੇਂ ਸਾਡੇ ਬੱਚਿਆਂ ਦਾ ਗੈਂਗਾ ਵਿੱਚ ਜਾਣਾ ਤੇ ਕਈ ਹੋਰ ਵੀ ਚੁਣੌਤੀਆਂ ਹਨ।
ਜਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਸਬੰਧੀ ਆਦੇਸ਼ ਪੱਤਰ ਜਾਰੀ ਕਰਦਿਆਂ ਸਰੂਪ ਭੇਜਣ ਦੀ ਪ੍ਰਕਿਰਿਆ ਨੂੰ ਮਰਿਯਾਦਾ ਮੁਤਾਬਿਕ ਦੱਸਿਆ ਗਿਆ ਹੈ ਤੇ ਪੰਥ ਵਿਚ ਕਿਸੇ ਵੀ ਤਰਾਂ ਦੀ ਦੁਬਿਧਾ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਸ੍ਰੇਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਇਸ ਸਬੰਧੀ ਇਕ ਵੀਡੀਓ ਸੁਨੇਹਾ ਜਾਰੀ ਕੀਤਾ ਹੈ ਜਦੋਂਕਿ ਪ੍ਰੈਸ ਕਾਨਫਰੰਸ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਸ੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਨੇ ਉਹਨਾਂ ਦੇ ਤੌਖਲੇ ਦੂਰ ਨਹੀਂ ਕੀਤੇ।
ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਸਤਿਕਾਰ ਤੇ ਮਰਿਆਦਾ ਨੂੰ ਲੈ ਕੇ ਸਰੀ ’ਚ ਪ੍ਰੈੱਸ ਕਾਨਫਰੰਸ

