18.2 C
Vancouver
Thursday, August 13, 2026

ਐਨਰਜੀ ਡਰਿੰਕਸ ‘ਤੁਰੰਤ ਊਰਜਾ’ ਦੇ ਨਾਮ ’ਤੇ ਸਿਹਤ ਲਈ ਮਿੱਠਾ ਜ਼ਹਿਰ

ਡਾ. ਕ੍ਰਿਸ਼ਨ ਲਾਲ
91 – 62831 – 16797
ਅੱਜ ਦੇ ਡਿਜਿਟਲ ਅਤੇ ਤੇਜ਼ ਰਫਤਾਰ ਯੁਗ ਵਿੱਚ ‘ਇੰਸਟੈਂਟ ਐਨਰਜੀ’ (ਤੁਰੰਤ ਊਰਜਾ) ਦਾ ਸੰਕਲਪ ਬਹੁਤ ਪ੍ਰਸਿੱਧ ਹੋ ਚੁੱਕਾ ਹੈ। ਸਕੂਲਾਂ-ਕਾਲਜਾਂ ਦੇ ਵਿਦਿਆਰਥੀ, ਆਈ.ਟੀ. ਸੈਕਟਰ ਵਿੱਚ ਰਾਤਾਂ ਨੂੰ ਕੰਮ ਕਰਨ ਵਾਲੇ ਪੇਸ਼ਾਵਰ, ਜਿਮ ਜਾਣ ਵਾਲੇ ਨੌਜਵਾਨ ਅਤੇ ਆਨਲਾਈਨ ਗੇਮਰਜ਼ ਇਸ ਸ਼੍ਰੇਣੀ ਦੇ ਸਭ ਤੋਂ ਵੱਡੇ ਉਪਭੋਗਤਾ ਹਨ। ਪ੍ਰਭਾਵਸ਼ਾਲੀ ਮਾਰਕੀਟਿੰਗ, ਆਕਰਸ਼ਕ ਪੈਕੇਜਿੰਗ ਅਤੇ “ਖੇਡਾਂ ਵਿੱਚ ਪ੍ਰਦਰਸ਼ਨ ਵਧਾਉਣ” ਦੇ ਦਾਅਵਿਆਂ ਸਦਕਾ ਐਨਰਜੀ ਡਰਿੰਕਸ ਅੱਜ ਹਰ ਘਰ ਤਕ ਪਹੁੰਚ ਚੁੱਕੇ ਹਨ। ਪਰ ਮੈਡੀਕਲ ਵਿਗਿਆਨ ਅਤੇ ਵਿਸ਼ਵ ਸਿਹਤ ਸੰਗਠਨ ਦੀਆਂ ਹਾਲੀਆ ਰਿਪੋਰਟਾਂ ਇੱਕ ਬਹੁਤ ਹੀ ਡਰਾਉਣੀ ਤਸਵੀਰ ਪੇਸ਼ ਕਰਦੀਆਂ ਹਨ। ਇਹ ਪੀਣ ਵਾਲੇ ਪਦਾਰਥ ਸਰੀਰ ਨੂੰ ਅਸਲੀ ਊਰਜਾ ਦੇਣ ਦੀ ਬਜਾਏ, ਅੰਦਰੂਨੀ ਅੰਗਾਂ ਨੂੰ ਹੌਲੀ-ਹੌਲੀ ਖੋਖਲਾ ਕਰ ਰਹੇ ਹਨ।
ਆਮ ਖਪਤਕਾਰ ਐਨਰਜੀ ਡਰਿੰਕ ਨੂੰ ਇੱਕ ਸਧਾਰਨ ਕੋਲਡ ਡਰਿੰਕ ਵਾਂਗ ਸਮਝ ਕੇ ਪੀਂਦਾ ਹੈ, ਪਰ ਇਸਦਾ ਕੈਮੀਕਲ ਫਾਰਮੂਲੇਸ਼ਨ ਬਹੁਤ ਜ਼ਿਆਦਾ ਤਾਕਤਵਰ ਅਤੇ ਉਤੇਜਕ ਹੁੰਦਾ ਹੈ। ਜਿੱਥੇ ਇੱਕ ਸਧਾਰਨ ਚਾਹ ਦੇ ਕੱਪ ਵਿੱਚ 20-30 ਮਿਲੀਗ੍ਰਾਮ ਅਤੇ ਕੌਫੀ ਵਿੱਚ 60-80 ਮਿਲੀਗ੍ਰਾਮ ਕੈਫੀਨ ਹੁੰਦੀ ਹੈ, ਉੱਥੇ ਹੀ ਐਨਰਜੀ ਡਰਿੰਕ ਦੇ ਇੱਕ ਕੈਨ ਵਿੱਚ 80 ਮਿਲੀਗ੍ਰਾਮ ਤੋਂ ਲੈ ਕੇ 300 ਮਿਲੀਗ੍ਰਾਮ ਤਕ ਸਿੰਥੈਟਿਕ ਕੈਫੀਨ ਹੁੰਦੀ ਹੈ, ਜੋ ਸਿੱਧਾ ਸਾਡੇ ਨਰਵਸ ਸਿਸਟਮ ’ਤੇ ਹਮਲਾ ਕਰਦੀ ਹੈ। ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਮੁਤਾਬਿਕ ਇੱਕ ਇਨਸਾਨ ਨੂੰ ਦਿਨ ਵਿੱਚ 25 ਗ੍ਰਾਮ (5 ਚਮਚੇ) ਤੋਂ ਵੱਧ ਖੰਡ ਨਹੀਂ ਖਾਣੀ ਚਾਹੀਦੀ, ਜਦੋਂ ਕਿ ਇੱਕ 500ml ਦੇ ਐਨਰਜੀ ਡਰਿੰਕ ਕੈਨ ਵਿੱਚ 45 ਤੋਂ 54 ਗ੍ਰਾਮ ਤਕ ਖੰਡ ਹੁੰਦੀ ਹੈ। ਯਾਨੀ ਇੱਕੋ ਵਾਰ ਵਿੱਚ ਦੋ ਦਿਨਾਂ ਦਾ ਕੋਟਾ ਸਰੀਰ ਵਿੱਚ ਚਲਾ ਜਾਂਦਾ ਹੈ। ਇਨ੍ਹਾਂ ਵਿੱਚ ਮਿਲਾਏ ਜਾਣ ਵਾਲੇ ਤੱਤ ਜਿਵੇਂ ਕਿ ਟੌਰੀਨ ਅਤੇ ਗੁਆਰਾਨਾ (ਜਿਸ ਵਿੱਚ ਕੌਫੀ ਨਾਲੋਂ ਦੁੱਗਣੀ ਕੈਫੀਨ ਹੁੰਦੀ ਹੈ) ਇਸ ਨੂੰ ਜਾਨਲੇਵਾ ਹੱਦ ਤਕ ਵਧਾ ਦਿੰਦੇ ਹਨ, ਅਤੇ ਗਲੂਕੁਰੋਨੋਲੈਕਟੋਨ ਵਰਗੇ ਆਰਟੀਫੀਸ਼ਲ ਰੰਗ ਜਿਗਰ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ।
ਐਨਰਜੀ ਡਰਿੰਕ ਪੀਣ ਦੇ 24 ਘੰਟਿਆਂ ਦੇ ਅੰਦਰ ਹੀ ਸਰੀਰ ਵਿੱਚ ਸਭ ਤੋਂ ਵੱਡਾ ਅਤੇ ਖਤਰਨਾਕ ਬਦਲਾਅ ਦਿਲ ਦੇ ਸਿਸਟਮ ਵਿੱਚ ਦੇਖਿਆ ਜਾਂਦਾ ਹੈ। ਕੈਫੀਨ ਅਤੇ ਟੌਰੀਨ ਦਾ ਮਿਸ਼ਰਣ ਦਿਲ ਦੀਆਂ ਮਾਸਪੇਸ਼ੀਆਂ ਨੂੰ ਬਹੁਤ ਤੇਜ਼ੀ ਨਾਲ ਸੁੰਗੜਨ ਲਈ ਮਜਬੂਰ ਕਰਦਾ ਹੈ, ਜਿਸ ਨਾਲ ਦਿਲ ਦੀ ਧੜਕਣ ਅਚਾਨਕ ਅਸੰਤੁਲਿਤ ਹੋ ਕੇ 100 ਤੋਂ ਪਾਰ ਹੋ ਜਾਂਦੀ ਹੈ, ਜਿਸ ਨੂੰ ਮੈਡੀਕਲ ਭਾਸ਼ਾ ਵਿੱਚ ‘ਟੈਚੀਕਾਰਡੀਆ’ ਕਹਿੰਦੇ ਹਨ। ਇਸਦੇ ਨਾਲ ਹੀ ਖੂਨ ਦੀਆਂ ਨਾੜੀਆਂ ਅਚਾਨਕ ਸੁੰਗੜ ਜਾਣ ਕਾਰਨ ਬਲੱਡ ਪ੍ਰੈੱਸ਼ਰ ਬਹੁਤ ਤੇਜ਼ੀ ਨਾਲ ਵਧਦਾ ਹੈ, ਜੋ ਬਰੇਨ ਹੈਮਰੇਜ ਜਾਂ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ। ਖੋਜਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਡਰਿੰਕਸ ਖੂਨ ਨੂੰ ਸੰਘਣਾ ਕਰਦੇ ਹਨ, ਜਿਸ ਨਾਲ ਨਾੜੀਆਂ ਵਿੱਚ ਬਲਾਕੇਜ ਜਾਂ ਖੂਨ ਦੇ ਗਤਲੇ (ਥੱਕੇ C) ਜੰਮਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।
ਇਹ ਡਰਿੰਕਸ ਦਿਮਾਗ ਵਿੱਚ ‘ਅਡੈਨੋਸਾਈਨ’ (ਉਹ ਕੈਮੀਕਲ ਜੋ ਸਾਨੂੰ ਥਕਾਵਟ ਦਾ ਅਹਿਸਾਸ ਕਰਵਾਉਂਦਾ ਹੈ) ਨੂੰ ਬਲਾਕ ਕਰਕੇ ਸਾਡੇ ਦਿਮਾਗ ਨੂੰ ਮੂਰਖ ਬਣਾਉਂਦੀਆਂ ਹਨ। ਰਾਤ ਨੂੰ ਇਸਦਾ ਸੇਵਨ ਕਰਨ ਨਾਲ ਸਰੀਰ ਦਾ ਕੁਦਰਤੀ ਸਲੀਪ ਸਾਈਕਲ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ ਅਤੇ ਇਨਸੋਮਨੀਆ (ਨੀਂਦ ਨਾ ਆਉਣਾ) ਦੀ ਬਿਮਾਰੀ ਲੱਗ ਜਾਂਦੀ ਹੈ। ਕੈਫੀਨ ਦੀ ਓਵਰਡੋਜ਼ ਕਾਰਨ ਸਰੀਰ ਵਿੱਚ ‘ਐਡਰੇਨਾਲੀਨ’ ਹਾਰਮੋਨ ਦਾ ਪੱਧਰ ਵਧਦਾ ਹੈ, ਜਿਸ ਨਾਲ ਬਿਨਾਂ ਕਿਸੇ ਕਾਰਨ ਘਬਰਾਹਟ, ਫਿਕਰਮੰਦੀ, ਹੱਥਾਂ ਦਾ ਕੰਬਣਾ ਅਤੇ ਚਿੜਚਿੜਾਪਨ ਪੈਦਾ ਹੁੰਦਾ ਹੈ। ਜਦੋਂ ਡਰਿੰਕ ਦਾ ਅਸਰ ਖਤਮ ਹੁੰਦਾ ਹੈ ਤਾਂ ਬਲੱਡ ਸ਼ੂਗਰ ਅਚਾਨਕ ਡਿਗਦੀ ਹੈ, ਜਿਸ ਨਾਲ ਮੂਡ ਸਵਿੰਗਜ਼ ਹੁੰਦੇ ਹਨ ਅਤੇ ਲੰਬੇ ਸਮੇਂ ਬਾਅਦ ਇਨਸਾਨ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦਾ ਹੈ।
ਪਾਚਨ ਪ੍ਰਣਾਲੀ ਅਤੇ ਗੁਰਦਿਆਂ ਉੱਤੇ ਵੀ ਐਨਰਜੀ ਡਰਿੰਕ ਦਾ ਬਹੁਤ ਘਾਤਕ ਅਸਰ ਪੈਂਦਾ ਹੈ। ਕੈਫੀਨ ਇੱਕ ‘ਡਾਇਯੂਰੇਟਿਕ’ ਤੱਤ ਹੈ, ਜੋ ਸਰੀਰ ਵਿੱਚੋਂ ਪਾਣੀ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ। ਜਦੋਂ ਖਿਡਾਰੀ ਜਾਂ ਜਿਮ ਜਾਣ ਵਾਲੇ ਲੋਕ ਪਸੀਨਾ ਵਹਾਉਣ ਤੋਂ ਬਾਅਦ ਇਸ ਨੂੰ ਪੀਂਦੇ ਹਨ ਤਾਂ ਸਰੀਰ ਵਿੱਚ ਭਿਆਨਕ ਡੀਹਾਈਡਰੇਸ਼ਨ (ਪਾਣੀ ਦੀ ਕਮੀ) ਹੋ ਜਾਂਦੀ ਹੈ। ਗੁਰਦਿਆਂ ਨੂੰ ਖੂਨ ਸਾਫ ਕਰਨ ਲਈ ਲੋੜੀਂਦਾ ਪਾਣੀ ਨਹੀਂ ਮਿਲਦਾ, ਜਿਸ ਨਾਲ ਪੱਥਰੀ ਅਤੇ ਕਿਡਨੀ ਫੇਲ੍ਹ ਹੋਣ ਦੀ ਨੌਬਤ ਆ ਸਕਦੀ ਹੈ। ਇਨ੍ਹਾਂ ਡਰਿੰਕਸ ਦਾ ਬਹੁਤ ਜ਼ਿਆਦਾ ਐਸਿਡਿਕ ਹੋਣਾ ਪੇਟ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਗੈਸਟ੍ਰਿਕ ਅਲਸਰ ਅਤੇ ਛਾਤੀ ਵਿੱਚ ਜਲਣ ਹੁੰਦੀ ਹੈ। ਰੋਜ਼ਾਨਾ ਇੰਨੀ ਵੱਧ ਸ਼ੂਗਰ ਲੈਣ ਨਾਲ ਨੌਜਵਾਨ ਉਮਰ ਵਿੱਚ ਹੀ ਟਾਈਪ-2 ਸ਼ੂਗਰ ਦੀ ਬਿਮਾਰੀ ਲੱਗ ਜਾਂਦੀ ਹੈ, ਅਤੇ ਜ਼ਿਆਦਾ ਕੈਫੀਨ ਸਰੀਰ ਵਿੱਚ ਕੈਲਸ਼ੀਅਮ ਦੇ ਜਜ਼ਬ ਹੋਣ ਦੀ ਪ੍ਰਕਿਰਿਆ ਨੂੰ ਰੋਕ ਕੇ ਹੱਡੀਆਂ ਅਤੇ ਦੰਦਾਂ ਨੂੰ ਕਮਜ਼ੋਰ ਕਰ ਦਿੰਦੀ ਹੈ।
ਐਨਰਜੀ ਡਰਿੰਕਸ ਦਾ ਕਾਰੋਬਾਰ ਦੁਨੀਆ ਭਰ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸੈਕਟਰ ਬਣ ਚੁੱਕਾ ਹੈ, ਜਿਸਦੀ ਮਾਰਕੀਟ ਵੈਲਿਊ 83.31 ਬਿਲੀਅਨ ਡਾਲਰ ਨੂੰ ਪਾਰ ਕਰ ਗਈ ਹੈ। ਰੈੱਡ ਬੁੱਲ੍ਹ ਵਰਗੇ ਵੱਡੇ ਬ੍ਰਾਂਡ ਖੁਦ ਨੂੰ ਐਡਵੈਂਚਰ ਸਪੋਰਟਸ ਅਤੇ ਫਾਰਮੂਲਾ 1 ਰੇਸਿੰਗ ਰਾਹੀਂ ਨੌਜਵਾਨਾਂ ਦੇ ਆਈਕੌਨ ਵਜੋਂ ਪੇਸ਼ ਕਰਦੇ ਹਨ। ਮੌਨਸਟਰ ਵਰਗੀਆਂ ਕੰਪਨੀਆਂ ਵੱਡੇ ਕੈਨਾਂ ਵਿੱਚ ਰੋਜ਼ਾਨਾ ਲੋੜ ਨਾਲੋਂ ਦੁੱਗਣੀ ਕੈਫੀਨ ਅਤੇ ਖੰਡ ਵੇਚ ਰਹੀਆਂ ਹਨ। ਉੱਥੇ ਹੀ ਪੈਪਸੀਕੋ ਨੇ ‘ਸਟਿੰਗ’ ਨੂੰ ਮਾਤਰ 20 ਰੁਪਏ ਵਰਗੀ ਸਸਤੀ ਕੀਮਤ ’ਤੇ ਲਾਂਚ ਕਰਕੇ ਇਸ ਨੂੰ ਛੋਟੇ ਬੱਚਿਆਂ ਅਤੇ ਮਜ਼ਦੂਰਾਂ ਤਕ ਪਹੁੰਚਾ ਦਿੱਤਾ ਹੈ। ਇਹ ਸਾਰੀਆਂ ਕੰਪਨੀਆਂ ਆਪਣੇ ਡਰਿੰਕਸ ਉੱਤੇ “ਵਿਟਾਮਿਨ ਬੀ3, ਬੀ6, ਬੀ12” ਅਤੇ “ਜਿਨਸੈਂਗ” ਵਰਗੇ ਸ਼ਬਦਾਂ ਨੂੰ ਵੱਡਾ-ਵੱਡਾ ਲਿਖ ਕੇ ਗਾਹਕਾਂ ਨੂੰ ਗੁਮਰਾਹ ਕਰਦੀਆਂ ਹਨ ਤਾਂ ਜੋ ਲੋਕ ਇਸ ਨੂੰ ਹੈਲਥ ਡਰਿੰਕ ਸਮਝਣ, ਜਦੋਂ ਕਿ ਇਨ੍ਹਾਂ ਵਿਟਾਮਿਨਾਂ ਦਾ ਫਾਇਦਾ ਕੈਫੀਨ ਅਤੇ ਖੰਡ ਦੇ ਨੁਕਸਾਨ ਅੱਗੇ ਬਿਲਕੁਲ ਜ਼ੀਰੋ ਹੁੰਦਾ ਹੈ।
ਸਾਲ 2026 ਵਿੱਚ ਐਨਰਜੀ ਡਰਿੰਕਸ ਦੇ ਖਿਲਾਫ ਭਾਰਤ ਵਿੱਚ ਬਹੁਤ ਵੱਡੀਆਂ ਰੈਗੂਲੇਟਰੀ ਕਾਰਵਾਈਆਂ ਹੋਈਆਂ ਹਨ। ਭਾਰਤੀ ਖਾਧ ਸੁਰੱਖਿਆ ਅਤੇ ਮਾਨਕ ਅਥਾਰਟੀ (ਐੱਫਐੱਸ.ਐੱਸ.ਏ.ਆਈ.) ਨੇ ਦੇਸ਼ ਦੇ ਪ੍ਰਮੁੱਖ ਬ੍ਰਾਂਡਾਂ ਨੂੰ ਗੁਮਰਾਹਕੁੰਨ ਇਸ਼ਤਿਹਾਰਬਾਜ਼ੀ ਲਈ ਸਖਤ ਨੋਟਿਸ ਜਾਰੀ ਕੀਤੇ ਹਨ। ਐੱਫਐੱਸ.ਐੱਸ.ਏ.ਆਈ. ਨੇ ਸਾਫ ਕਿਹਾ ਹੈ ਕਿ ਭਾਰਤੀ ਕਾਨੂੰਨ ਵਿੱਚ ‘ਐਨਰਜੀ ਡਰਿੰਕ’ ਨਾਮ ਦਾ ਕੋਈ ਮਾਨਕ ਨਹੀਂ ਹੈ ਅਤੇ ਕੰਪਨੀਆਂ ਦੇ ਦਾਅਵਿਆਂ ਦਾ ਕੋਈ ਵਿਗਿਆਨਕ ਅਧਾਰ ਨਹੀਂ ਹੈ। ਹੁਣ ਇਨ੍ਹਾਂ ਡਰਿੰਕਸ ਨੂੰ “ਕੈਫੀਨੇਟਿਡ ਬੇਵਰੇਜ” ਲਿਖਣਾ ਪਵੇਗਾ ਅਤੇ ਕੈਨ ਦੇ ਉੱਪਰ ਸਪਸ਼ਟ ਚਿਤਾਵਣੀ ਲਿਖਣੀ ਲਾਜ਼ਮੀ ਹੋਵੇਗੀ ਕਿ ਇਹ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਉਚਿਤ ਨਹੀਂ ਹੈ। ਹਾਰਵਰਡ ਹੈਲਥ ਦੀਆਂ ਰਿਪੋਰਟਾਂ ਮੁਤਾਬਿਕ ਇਨ੍ਹਾਂ ਨੂੰ ਰੋਜ਼ਾਨਾ ਪੀਣ ਵਾਲੇ ਨੌਜਵਾਨਾਂ ਦੀਆਂ ਨਾੜੀਆਂ ਦੀ ਅੰਦਰੂਨੀ ਪਰਤ ਖਰਾਬ ਹੋ ਰਹੀ ਹੈ, ਅਤੇ ‘ਕੈਫੀਨ ਟੌਕਸਿਸਿਟੀ’ ਦੇ ਕਾਰਨ ਬੱਚਿਆਂ ਵਿੱਚ ਉਲਟੀਆਂ, ਹਲੂਸੀਨੇਸ਼ਨ (ਭਰਮ ਹੋਣਾ) ਅਤੇ ਦਿਲ ਦੇ ਦੌਰੇ ਦੇ ਮਾਮਲੇ 40% ਤਕ ਵਧੇ ਹਨ।
ਸਿਹਤ ਮਾਹਰਾਂ ਨੇ ਦੋ ਸਥਿਤੀਆਂ ਵਿੱਚ ਐਨਰਜੀ ਡਰਿੰਕਸ ਦੇ ਸੇਵਨ ਨੂੰ ਬੇਹੱਦ ਜਾਨਲੇਵਾ ਦੱਸਿਆ ਹੈ: ਸ਼ਰਾਬ ਦੇ ਨਾਲ ਮਿਲਾ ਕੇ ਪੀਣਾ: ਅੱਜਕੱਲ੍ਹ ਪਾਰਟੀਆਂ ਵਿੱਚ ਸ਼ਰਾਬ ਦੇ ਅੰਦਰ ਰੈੱਡ ਬੁੱਲ ਜਾਂ ਮੌਨਸਟਰ ਮਿਲਾ ਕੇ ਪੀਣ ਦਾ ਫੈਸ਼ਨ ਹੈ। ਸ਼ਰਾਬ ਇੱਕ ‘ਡਿਪਰੈਸੈਂਟ’ (ਸਰੀਰ ਨੂੰ ਸ਼ਾਂਤ ਕਰਨ ਵਾਲੀ) ਹੈ ਅਤੇ ਐਨਰਜੀ ਡਰਿੰਕ ਇੱਕ ‘ਸਟਿਮੂਲੈਂਟ’ (ਸਰੀਰ ਨੂੰ ਉਤੇਜਿਤ ਕਰਨ ਵਾਲੀ) ਹੈ। ਜਦੋਂ ਇਹ ਦੋਵੇਂ ਇਕੱਠੇ ਮਿਲਦੇ ਹਨ, ਤਾਂ ਦਿਮਾਗ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਵਿਅਕਤੀ ਨੂੰ ਨਸ਼ੇ ਦਾ ਅਹਿਸਾਸ ਨਹੀਂ ਹੁੰਦਾ, ਜਿਸ ਨਾਲ ‘ਅਲਕੋਹਲ ਪੁਆਇਜ਼ਨਿੰਗ’ ਅਤੇ ਅਚਾਨਕ ਹਾਰਟ ਫੇਲ੍ਹ ਹੋਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਭਾਰੀ ਵਰਕਆਊਟ ਤੋਂ ਬਾਅਦ ਪੀਣਾ: ਜਿਮ ਵਿੱਚ ਭਾਰੀ ਕਸਰਤ ਕਰਨ ਤੋਂ ਤੁਰੰਤ ਬਾਅਦ ਦਿਲ ਪਹਿਲਾਂ ਹੀ ਬਹੁਤ ਤੇਜ਼ ਧੜਕ ਰਿਹਾ ਹੁੰਦਾ ਹੈ। ਉਸ ਸਮੇਂ ਅਜਿਹੀ ਹਾਈ-ਕੈਫੀਨ ਡਰਿੰਕ ਪੀਣ ਨਾਲ ਦਿਲ ’ਤੇ ਦਬਾਅ ਇੰਨਾ ਵਧ ਜਾਂਦਾ ਹੈ ਕਿ ਕਾਰਡੀਐੱਕ ਅਰੈਸਟ ਹੋ ਸਕਦਾ ਹੈ।
ਐਨਰਜੀ ਡਰਿੰਕਸ ਅਸਲ ਵਿੱਚ ਸਿਹਤ ਲਈ ਇੱਕ “ਮਿੱਠਾ ਜ਼ਹਿਰ” ਹਨ, ਜੋ ਸਰੀਰ ਨੂੰ ਕੋਈ ਅਸਲੀ ਕੈਲੋਰੀ ਜਾਂ ਪੋਸਣ ਨਹੀਂ ਦਿੰਦੀਆਂ, ਬਲਕਿ ਸਿਰਫ ਦਿਮਾਗ ਨੂੰ ਕੁਝ ਸਮੇਂ ਲਈ ਝੂਠੀ ਊਰਜਾ ਦਾ ਅਹਿਸਾਸ ਕਰਵਾਉਂਦੀਆਂ ਹਨ। ਜੇਕਰ ਤੁਹਾਨੂੰ ਸੱਚਮੁੱਚ ਊਰਜਾ ਦੀ ਲੋੜ ਹੈ ਤਾਂ ਨਕਲੀ ਕੈਮੀਕਲਾਂ ਦੀ ਬਜਾਏ ਕੁਦਰਤੀ ਚੀਜ਼ਾਂ ਵੱਲ ਮੁੜਨਾ ਚਾਹੀਦਾ ਹੈ। ਕੁਦਰਤੀ ਇਲੈਕਟ੍ਰੋਲਾਈਟਸ ਨਾਲ ਭਰਪੂਰ ਤਾਜ਼ਾ ਨਾਰੀਅਲ ਪਾਣੀ, ਘਰ ਦੀ ਬਣੀ ਨਿੰਬੂ ਕਾਂਜੀ ਜਾਂ ਪੁਦੀਨੇ ਦਾ ਰਸ, ਤਾਜ਼ੇ ਫਲਾਂ ਦਾ ਜੂਸ ਪੀਓ। ਇਸਦੇ ਨਾਲ ਹੀ ਪੂਰੇ ਦਿਨ ਵਿੱਚ ਭਰਪੂਰ ਪਾਣੀ ਪੀਣਾ ਅਤੇ 7-8 ਘੰਟਿਆਂ ਦੀ ਚੰਗੀ ਨੀਂਦ ਲੈਣੀ ਚਾਹੀਦੀ ਹੈ ਕਿਉਂਕਿ ਡੀਹਾਈਡਰੇਸ਼ਨ ਅਤੇ ਨੀਂਦ ਦੀ ਕਮੀ ਹੀ ਸਰੀਰਕ ਥਕਾਵਟ ਦਾ ਮੁੱਖ ਕਾਰਨ ਹੁੰਦੀ ਹੈ। ਆਪਣੇ ਸਰੀਰ ਦੀ ਪ੍ਰਾਕ੍ਰਿਤਿਕ ਊਰਜਾ ਦਾ ਸਤਿਕਾਰ ਕਰੋ ਅਤੇ ਇਨ੍ਹਾਂ ਡੱਬਾਬੰਦ ਕੈਮੀਕਲਾਂ ਤੋਂ ਦੂਰ ਰਹਿ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕਰੋ।

ਰੁਝਾਨ ਖਬਰਾਂ