(ਇਹ ਲੇਖ ਪਹਿਲੀ ਵਾਰ ਬ੍ਰੌਡਵੈਂਟ ਇੰਸਟੀਚਿਊਟ ਦੀ ਨਿਊਜ਼ ਡਿਵੀਜ਼ਨ ਪ੍ਰੈੱਸ ਪ੍ਰੋਗਰੈੱਸ ਦੀ ਸਾਈਟ (pressprogress.ca) `ਤੇ 6 ਮਈ 2026 ਨੂੰ ਛਪਿਆ ਸੀ। ਪੰਜਾਬੀ ਪਾਠਕਾਂ ਲਈ ਇਸ ਦਾ ਪੰਜਾਬੀ ਅਨੁਵਾਦ ਪੇਸ਼ ਹੈ।)
ਬ੍ਰਿਟਿਸ਼ ਕੋਲੰਬੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪਿਛਲੇ ਸੱਤਾਂ ਸਾਲਾਂ ਦੌਰਾਨ ਸੂਬੇ ਦੇ ਹੈਲਥ ਕੇਅਰ (ਸਿਹਤ ਸੇਵਾ) ਦੇ ਖ਼ਜ਼ਾਨੇ ਵਿੱਚ ਅੱਧੇ ਅਰਬ ਡਾਲਰ ਦੇ ਕਰੀਬ ਦਾ ਯੋਗਦਾਨ ਪਾਇਆ ਹੈ, ਅਤੇ ਫੈਡਰਲ ਸਰਕਾਰ ਵੱਲੋਂ ਸਟੱਡੀ ਪਰਮਿਟਾਂ `ਤੇ ਲਾਈਆਂ ਪਾਬੰਦੀਆਂ ਦੇ ਬਾਵਜੂਦ ਇਹ ਰਕਮ ਹਰ ਸਾਲ ਵਧਦੀ ਜਾ ਰਹੀ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੈਲਥ ਕੇਅਰ ਤੱਕ ਪਹੁੰਚ ਕਰਨ ਦੇ ਮਾਮਲੇ ਵਿੱਚ ਬੀ. ਸੀ. ਕਨੇਡਾ ਦਾ ਦੂਜਾ ਸਭ ਤੋਂ ਮਹਿੰਗਾ ਸੂਬਾ ਹੈ, ਜਿੱਥੇ ਹਰੇਕ ਵਿਦਿਆਰਥੀ ਨੂੰ ਪਬਲਿਕ ਹੈਲਥ ਕੇਅਰ ਸਿਸਟਮ ਦਾ ਮੈਂਬਰ ਬਣਨ ਲਈ ਹਰ ਸਾਲ 900 ਡਾਲਰ ਅਦਾ ਕਰਨੇ ਪੈਂਦੇ ਹਨ। ਸਭ ਤੋਂ ਮਹਿੰਗਾ ਸੂਬਾ ਮੈਨੀਟੋਬਾ ਹੈ, ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਕ ਪ੍ਰਾਈਵੇਟ ਇਨਸ਼ੋਰੈਂਸ ਕੰਪਨੀ ਨੂੰ ਹਰ ਸਾਲ 1200 ਡਾਲਰ ਦਾ ਪ੍ਰੀਮੀਅਮ ਦੇਣਾ ਪੈਂਦਾ ਹੈ।
ਪ੍ਰੈੱਸਪ੍ਰੋਗਰੈੱਸ ਵੱਲੋਂ ਫ੍ਰੀਡਮ ਔਫ ਇਨਫਰਮੇਸ਼ਨ ਦੀ ਬੇਨਤੀ ਰਾਹੀਂ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ, ਬੀ. ਸੀ. ਨੇ ਅੰਤਰਰਾਸ਼ਟਰੀ ਸਟੂਡੈਂਟ ਸਿਹਤ ਫੀਸ (ਇੰਟਰਨੈਸ਼ਨਲ ਸਟੂਡੈਂਟ ਹੈਲਥ ਫੀ ਭਾਵ ਆਈ ਐੱਸ ਐੱਚ ਐੱਫ) ਰਾਹੀਂ ਸਿੱਧੇ ਤੌਰ `ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ 41 ਕ੍ਰੋੜ 70 ਲੱਖ (417 ਮਿਲੀਅਨ) ਡਾਲਰ ਤੋਂ ਜ਼ਿਆਦਾ ਰਕਮ ਇਕੱਠੀ ਕੀਤੀ ਹੈ – ਪਬਲਿਕ ਹੈਲਥਕੇਅਰ ਲਈ ਲਿਆ ਜਾਣ ਵਾਲਾ ਇਹ ਖਰਚਾ ਸਿਰਫ ਇਸ ਵਰਗ (ਅੰਤਰਰਾਸ਼ਟਰੀ ਵਿਦਿਆਰਥੀਆਂ) `ਤੇ ਹੀ ਲਾਗੂ ਹੁੰਦਾ ਹੈ।
ਸੰਨ 2020 ਤੋਂ ਬੀ.ਸੀ. ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਈ ਐੱਸ ਐੱਚ ਐੱਫ (ਇੰਟਰਨੈਸ਼ਨਲ ਸਟੂਡੈਂਟ ਹੈਲਥ ਫੀ) ਰਾਹੀਂ ਹਰ ਮਹੀਨੇ 75 ਡਾਲਰ ਅਦਾ ਕਰਨਾ ਲਾਜ਼ਮੀ ਹੈ। ਪਹਿਲਾਂ ਵੀ ਕਈ ਸਾਲਾਂ ਲਈ ਵਿਦਿਆਰਥੀਆਂ ਤੋਂ ਇਹੋ ਜਿਹੀ ਫੀਸ ਲਈ ਜਾਂਦੀ ਸੀ, ਜਿਸ ਨੂੰ 2019 ਵਿੱਚ ਥੋੜ੍ਹੇ ਸਮੇਂ ਲਈ ਘਟਾ ਕੇ 37.50 ਡਾਲਰ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਸੀ, ਅਤੇ ਫਿਰ 2020 ਵਿੱਚ ਇਸ ਪੁਰਾਣੇ ਰੇਟ ਨੂੰ ਮੁੜ ਬਹਾਲ ਕਰ ਦਿੱਤਾ ਗਿਆ।
ਫ੍ਰੀਡਮ ਆਫ ਇਨਫਰਮੇਸ਼ਨ (ਐੱਫ ਓ ਆਈ) ਰਾਹੀਂ ਪ੍ਰਾਪਤ ਕੀਤੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਭਾਵੇਂ ਜਨਵਰੀ 2024 ਵਿੱਚ ਸਟੱਡੀ ਪਰਮਿਟਾਂ `ਤੇ ਫੈਡਰਲ ਸਰਕਾਰ ਵਲੋਂ ਲਾਈਆਂ ਪਾਬੰਦੀਆਂ ਦੇ ਲਾਗੂ ਹੋ ਜਾਣ ਕਾਰਨ ਕੈਨੇਡਾ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫੀ ਗਿਰਾਵਟ ਆ ਗਈ ਸੀ, ਫਿਰ ਵੀ ਬੀ. ਸੀ. ਦੀ ਮੈਡੀਕਲ ਸਰਵਿਸਿਜ਼ ਪਲੈਨ (ਐੱਮ ਐੱਸ ਪੀ) ਲਈ ਬਿੱਲ ਕੀਤੀ ਗਈ ਕੁੱਲ ਰਕਮ ਵਧਦੀ ਜਾ ਰਹੀ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਐੱਮ ਐੱਸ ਪੀ ਵਿੱਚ ਪਾਇਆ ਜਾਂਦਾ ਯੋਗਦਾਨ 2021 ਤੋਂ ਹਰ ਸਾਲ 1 ਕ੍ਰੋੜ (10 ਮਿਲੀਅਨ) ਡਾਲਰ ਦੇ ਲਗਭਗ ਵਧਿਆ ਹੈ, ਅਤੇ ਪਿਛਲੇ ਸਾਲ ਇਹ ਰਕਮ 9 ਕ੍ਰੋੜ 30 ਲੱਖ (93 ਮਿਲੀਅਨ) ਡਾਲਰ ਤੋਂ ਉੱਤੇ ਪਹੁੰਚ ਗਈ ਸੀ।
ਕੈਨੇਡੀਅਨ ਫੈਡਰੇਸ਼ਨ ਆਫ਼ ਸਟੂਡੈਂਟਸ ਦੀ ਚੇਅਰਪਰਸਨ ਮੈਰੀ ਫੈਲਥਮ ਨੇ ਪ੍ਰੈੱਸ-ਪ੍ਰੋਗਰੈੱਸ ਨਾਲ ਕੀਤੀ ਇੱਕ ਇੰਟਰਵਿਊ ਦੌਰਾਨ ਕਿਹਾ, “ਇਹ ਜਾਣਕੇ ਹੈਰਾਨੀ ਹੁੰਦੀ ਹੈ ਕਿ ਭਾਵੇਂ ਕੈਨੇਡਾ ਭਰ ਵਿੱਚ ਵਿਦਿਅਕ ਅਦਾਰਿਆਂ ਵਿੱਚ ਘੱਟ ਅੰਤਰਰਾਸ਼ਟਰੀ ਵਿਦਿਆਰਥੀ ਦਾਖਲ ਹੋ ਰਹੇ ਹਨ, ਫਿਰ ਵੀ ਉਹ ਸੂਬੇ ਦੇ ਹੈਲਥ ਸੈਕਟਰ ਵਿੱਚ ਕ੍ਰੋੜਾਂ ਡਾਲਰ ਦਾ ਯੋਗਦਾਨ ਪਾ ਰਹੇ ਹਨ। ਅੰਤਰਰਾਸ਼ਟਰੀ ਵਿਦਿਆਰਥੀ ਆਰਥਿਕਤਾ ਅਤੇ ਉਸ ਭਾਈਚਾਰੇ ਵਿੱਚ ਬਹੁਤ ਸਾਰੀ ਪੂੰਜੀ ਦਾ ਯੋਗਦਾਨ ਪਾਉਂਦੇ ਹਨ,ਜਿਸ ਵਿੱਚ ਉਹ ਰਹਿੰਦੇ ਹਨ।”
ਪ੍ਰੈੱਸਪ੍ਰੋਗਰੈੱਸ ਨੂੰ ਭੇਜੇ ਇੱਕ ਬਿਆਨ ਵਿੱਚ, ਬੀ.ਸੀ. ਦੀ ਹੈਲਥ ਮਨਿਸਟਰੀ ਦੇ ਇੱਕ ਨੁਮਾਇੰਦੇ ਨੇ ਕਿਹਾ ਕਿ ਬਿੱਲਾਂ ਦੀ ਕੁੱਲ ਰਕਮ ਉਦੋਂ ਵੀ ਵੱਧ ਸਕਦੀ ਹੈ ਜਦੋਂ ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਗਿਰਾਵਟ ਆ ਰਹੀ ਹੋਵੇ।
ਉਨ੍ਹਾਂ ਨੇ ਇੱਕ ਈਮੇਲ ਵਿੱਚ ਲਿਖਿਆ, “ਇਹ ਤਬਦੀਲੀਆਂ ਬਿਲਿੰਗ ਦੇ ਸਮੇਂ ਅਤੇ ਕਵਰੇਜ ਦੀ ਮਿਆਦ ਵਿੱਚ ਅੰਤਰ ਸਮੇਤ ਪ੍ਰੋਗਰਾਮ ਦੀ ਆਮ ਪ੍ਰਕ੍ਰਿਆ ਦਾ ਅਕਸ ਦਿਖਾਉਂਦੀਆਂ ਹਨ ਨਾ ਕਿ ਕਿਸੇ ਖਾਸ ਸਾਲ ਵਿੱਚ ਜਾਰੀ ਕੀਤੇ ਗਏ ਸਟੱਡੀ ਪਰਮਿਟਾਂ ਦੀ ਗਿਣਤੀ ਵਰਗੇ ਕਿਸੇ ਇਕ ਕਾਰਨ ਨੂੰ। ਇਸ ਪਿੱਛੇ ਕੰਮ ਕਰਦਾ ਇਕ ਹੋਰ ਕਾਰਨ ਇਹ ਹੈ ਕਿ ਇੰਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸਿ਼ੱਪ ਕੈਨੇਡਾ ਵਲੋਂ ਪਹਿਲਾਂ ਦੇ ਸਾਲਾਂ ਵਿੱਚ ਮਨਜ਼ੂਰ ਕੀਤੇ ਸਟੱਡੀ ਪਰਮਿਟਾਂ ਅਧੀਨ ਬੀ ਸੀ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀ ਮੈਡੀਕਲ ਸਰਵਿਸਜ਼ ਪਲੈਨ (ਐੱਮ ਐੱਸ ਪੀ) ਦੇ ਮੈਂਬਰ ਬਣੇ ਰਹਿੰਦੇ ਹਨ।”
ਹੈਲਥ ਮਨਿਸਟਰੀ ਦੇ ਬਿਆਨ ਵਿੱਚ ਕਿਹਾ ਗਿਆ ਕਿ ਡਾਲਰਾਂ ਦੀਆਂ ਰਕਮਾਂ “ਬਿੱਲ ਕੀਤੀਆਂ ਗਈਆਂ ਰਕਮਾਂ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਉਹ ਉਸੇ ਸਾਲ ਵਸੂਲੀਆਂ ਜਾਂ ਪ੍ਰਾਪਤ ਕੀਤੀਆਂ ਗਈਆਂ ਰਕਮਾਂ ਹੋਣ।” ਪਰ ਫ੍ਰੀਡਮ ਆਫ ਇਨਫਰਮੇਸ਼ਨ ਅਧੀਨ ਫਾਈਨੈਂਸ ਮਨਿਸਟਰੀ ਵਲੋਂ ਜਾਰੀ ਕੀਤੇ ਗਏ ਦਸਤਾਵੇਜ਼ ਇਹਨਾਂ ਰਕਮਾਂ ਨੂੰ ਹਰ ਸਾਲ “ਵਸੂਲੀਆਂ ਗਈਆਂ ਨਿਰੋਲ ਫੀਸਾਂ” ਵਜੋਂ ਦਰਸਾਉਂਦੇ ਹਨ।
ਪ੍ਰੈੱਸਪ੍ਰੋਗਰੈੱਸ ਵੱਲੋਂ ਫ੍ਰੀਡਮ ਆਫ ਇਨਫਰਮੇਸ਼ਨ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਪਹਿਲਾਂ ਬੀ ਸੀ ਦੀ ਹੈਲਥ ਮਨਿਸਟਰੀ ਤੋਂ ਮੰਗੀ ਗਈ ਸੀ। ਉਹਨਾਂ ਨੇ ਇਹ ਜਾਰੀ ਕਰਨ ਲਈ 427.50 ਡਾਲਰ ਦੀ ਫੀਸ ਦੱਸੀ ਸੀ। ਅਸੀਂ ਫਿਰ ਉਹੀ ਬੇਨਤੀ ਸੂਬੇ ਦੀ ਫਾਈਨੈਂਸ ਮਨਿਸਟਰੀ ਕੋਲ ਭੇਜੀ, ਜਿਹਨਾਂ ਨੇ ਬਿਨਾਂ ਕਿਸੇ ਖਰਚੇ, ਦੇਰੀ ਜਾਂ ਕਾਂਟ-ਸ਼ਾਂਟ ਦੇ ਮੰਗੇ ਗਏ ਦਸਤਾਵੇਜ਼ ਜਾਰੀ ਕਰ ਦਿੱਤੇ।
ਸੂਬਿਆਂ ਵਿੱਚ ਵੱਖ-ਵੱਖ ਪਹੁੰਚ
ਕੈਨੇਡੀਅਨ ਹੈਲਥ ਕੋਲੀਸ਼ਨ ਅਤੇ ਮਾਈਗ੍ਰੈਂਟ ਜਸਟਿਸ ਸੈਂਟਰ ਦੀ ਮਧੂ ਵਰਮਾ ਵੱਲੋਂ ਜਨਵਰੀ ਵਿੱਚ ਜਾਰੀ ਕੀਤੀ ਗਈ ਇੱਕ ਵਿਸਤ੍ਰਿਤ ਰਿਪੋਰਟ ਅਨੁਸਾਰ, ਵੱਖ ਵੱਖ ਸੂਬਿਆਂ ਅਤੇ ਟੈਰਾਟਰੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਬਲਿਕ ਹੈਲਥ ਕੇਅਰ (ਸਰਕਾਰੀ ਸਿਹਤ ਸੇਵਾਵਾਂ) ਤੱਕ ਪਹੁੰਚ ਵੱਖਰੀ ਵੱਖਰੀ ਹੈ।
ਅਲਬਰਟਾ, ਸਸਕੈਚਵਨ, ਨਿਊ ਬਰੰਸਵਿਕ, ਨਿਊਫਾਊਂਡਲੈਂਡ ਅਤੇ ਲੈਬਰਾਡੋਰ, ਨੌਰਥਵੈਸਟ ਟੈਰੀਟਰੀਜ਼ ਅਤੇ ਪ੍ਰਿੰਸ ਐਡਵਰਡ ਆਈਲੈਂਡ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਸ਼ਰਤ ਦੇ ਮੁਫਤ ਪਬਲਿਕ ਹੈਲਥ ਕੇਅਰ ਪ੍ਰਦਾਨ ਕਰਦੇ ਹਨ।
ਕਿਊਬੈਕ ਵਿੱਚ ਸੂਬੇ ਨਾਲ ਸੋਸ਼ਲ ਸਿਕਿਊਰਟੀ ਐਗਰੀਮੈਂਟ `ਤੇ ਦਸਖਤ ਕਰਨ ਵਾਲੇ ਯੂਰਪ ਦੇ 11 ਦੇਸ਼ਾਂ – ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਗ੍ਰੀਸ, ਲਕਸਮਬਰਗ, ਨਾਰਵੇ, ਪੁਰਤਗਾਲ, ਰੋਮਾਨੀਆ, ਸਰਬੀਆ ਅਤੇ ਸਵੀਡਨ – ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਬਲਿਕ ਹੈਲਥ ਕੇਅਰ ਮੁਫਤ ਹੈ। ਬਾਕੀ ਸਾਰੇ ਦੇਸ਼ਾਂ ਤੋਂ ਆਕੇ ਕਿਊਬਕ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਹੈਲਥ ਇਨਸ਼ੋਰੈਂਸ ਕਰਵਾਉਣੀ ਪੈਂਦੀ ਹੈ।
ਓਨਟਾਰੀਓ ਵਿੱਚ, ਜਿੱਥੇ ਆਮ ਤੌਰ ‘ਤੇ ਸਭ ਤੋਂ ਵੱਧ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਹਨ- ਸਟੈਟਿਸਕਸ ਕੈਨੇਡਾ ਅਨੁਸਾਰ ਕੈਨੇਡਾ ਵਿੱਚ ਆਉਣ ਵਾਲੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ 56% ਤੋਂ ਵੱਧ – ਵਿਦਿਆਰਥੀਆਂ ਲਈ ਆਮ ਤੌਰ ‘ਤੇ ਆਪਣੇ ਸਕੂਲ ਵੱਲੋਂ ਪੇਸ਼ ਕੀਤੀ ਗਈ ਪ੍ਰਾਈਵੇਟ ਇਨਸ਼ੋਰੈਂਸ ਪਲੈਨ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਆਮ ਤੌਰ ‘ਤੇ ਉਹਨਾਂ ਨੂੰ ਯੂਨੀਵਰਸਿਟੀ ਹੈਲਥ ਇੰਸ਼ੋਰੈਂਸ ਪਲੈਨ (ਯੂ ਐੱਚ ਆਈ ਪੀ) ਪੇਸ਼ ਕੀਤੀ ਜਾਂਦੀ ਹੈ, ਜੋ ਓਨਟਾਰੀਓ ਦੀ ਪਬਲਿਕ ਹੈਲਥ ਪਲੈਨ ਹੇਠ ਆਉਣ ਵਾਲੀਆਂ ਸੇਵਾਵਾਂ ਨੂੰ ਕਵਰ ਕਰਦੀ ਹੈ, ਅਤੇ ਇਸ ਦਾ ਖਰਚਾ 792 ਡਾਲਰ ਪ੍ਰਤੀ ਸਾਲ ਜਾਂ 66 ਡਾਲਰ ਪ੍ਰਤੀ ਮਹੀਨਾ ਹੈ।
ਹੁਣ ਤੱਕ ਦਾ ਸਭ ਤੋਂ ਮਹਿੰਗਾ ਸੂਬਾ ਮੈਨੀਟੋਬਾ ਹੈ, ਜਿੱਥੇ ਜ਼ਿਆਦਾਤਰ ਅਦਾਰਿਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੂਬੇ ਵੱਲੋਂ ਸੰਨ 2018 ਵਿੱਚ ਲਾਗੂ ਕੀਤੀ ਲਾਜ਼ਮੀ ਸ਼ਰਤ ਅਧੀਨ ਮੈਨੀਟੋਬਾ ਇੰਟਰਨੈਸ਼ਨਲ ਸਟੂਡੈਂਟ ਹੈਲਥ ਪਲੈਨ ਰਾਹੀਂ 1,200 ਡਾਲਰ ਪ੍ਰਤੀ ਸਾਲ ਦੀ ਲਾਗਤ ‘ਤੇ ਪ੍ਰਾਈਵੇਟ ਹੈਲਥ ਇਨਸ਼ੋਰੈਂਸ ਖਰੀਦਣੀ ਪੈਂਦੀ ਹੈ — ਜਿਸ ਦਾ ਪ੍ਰਬੰਧ ਸਟੂਡੈਂਟਕੇਅਰ ਅਤੇ ਮੈਨੀਟੋਬਾ ਬਲੂ ਕਰੌਸ ਦੁਆਰਾ ਕੀਤਾ ਜਾਂਦਾ ਹੈ।
ਉਹਨਾਂ ਸੂਬਿਆਂ ਅਤੇ ਟੈਰੀਟਰੀਆਂ ਵਿੱਚ ਵੀ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਬਲਿਕ ਹੈਲਥ ਕੇਅਰ ਮੁਫ਼ਤ ਹੈ, ਕਵਰੇਜ ਸ਼ੁਰੂ ਹੋਣ ਤੋਂ ਪਹਿਲਾਂ ਅਕਸਰ ਇੱਕ ਉਡੀਕ ਦਾ ਸਮਾਂ (ਵੇਟਿੰਗ ਪੀਰੀਅਡ) ਹੁੰਦਾ ਹੈ, ਅਤੇ ਮੈਡੀਕਲ ਪਲੈਨ ਨੂੰ ਨਵਿਆਉਣ ਲਈ ਇਕ ਅਮਲ ਹੁੰਦਾ ਹੈ ਜਿਸ ਵਿੱਚੋਂ ਦੀ ਵਿਦਿਆਰਥੀਆਂ ਨੂੰ ਲੰਘਣਾ ਪੈਂਦਾ ਹੈ।
ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਇੱਕ ਰਜਿਸਟਰਡ ਨਰਸ ਵਜੋਂ ਕੰਮ ਕਰ ਰਹੀ ਫੈਲਥਮ ਨੇ ਕਿਹਾ, “ਇਸ ਗੱਲ ਦੇ ਆਧਾਰ `ਤੇ ਕਿ ਉਹ ਕਿਸ ਸੂਬੇ ਵਿੱਚ ਹਨ, ਵਿਦਿਆਰਥੀ ਨਿਸ਼ਚਿਤ ਤੌਰ `ਤੇ ਬੀਮਾਰ ਹੋਣ ਤੋਂ ਡਰਦੇ ਹਨ ਕਿਉਂਕਿ ਉਹ ਜਾਣਦੇ ਹੁੰਦੇ ਹਨ ਕਿ ਇਸ ਨਾਲ ਉਹਨਾਂ ਦਾ ਕਾਫੀ ਖਰਚਾ ਆ ਸਕਦਾ ਹੈ ਜਾਂ ਉਹ ਇਲਾਜ ਕਰਾਉਣ ਵਿੱਚ ਦੇਰੀ ਕਰਦੇ ਹਨ ਕਿਉਂਕਿ ਉਹਨਾਂ ਨੂੰ ਪੱਕੀ ਤਰ੍ਹਾਂ ਪਤਾ ਨਹੀਂ ਹੁੰਦਾ ਕਿ ਉਹਨਾਂ ਦੀ ਕਵਰੇਜ ਨੂੰ ਅਜੇ ਮਨਜ਼ੂਰੀ ਮਿਲੀ ਹੈ ਜਾਂ ਨਹੀਂ। ਅਸਲ ਵਿੱਚ ਜਦੋਂ ਮੈਂ ਨਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਆਪਣੀ ਅੰਡਰਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਸੀ , ਉਸ ਸਮੇਂ ਇਕ ਕੇਸ ਸਾਹਮਣੇ ਆਇਆ ਸੀ, ਜਿੱਥੇ ਇਕ ਵਿਅਕਤੀ ਨੇ ਆਪਣੀ ਪਲੈਨ ਨੂੰ ਸਮੇਂ ਸਿਰ ਨਵਿਆਇਆ ਸੀ, ਪਰ ਸੂਬਾਈ ਸਰਕਾਰ ਨੇ ਇਸ ਨੂੰ ਸਵੀਕਾਰ ਕਰਨ ਵਿੱਚ ਇਕ ਮਹੀਨੇ ਦੇ ਦੇਰੀ ਕਰ ਦਿੱਤੀ ਸੀ। ਉਸ ਸਮੇਂ ਦੌਰਾਨ ਉਸ ਨੂੰ ਇਕ ਐਮਰਜੈਂਸੀ ਸਰਜਰੀ ਕਰਵਾਉਣੀ ਪਈ ਸੀ ਅਤੇ ਉਸ ਸਰਜਰੀ ਲਈ 2,000 ਡਾਲਰ ਤੋਂ ਵੱਧ ਅਦਾ ਕਰਨੇ ਪਏ ਸਨ ਜੋ ਕਿ ਸੂਬੇ ਦੇ ਕਿਸੇ ਵੀ ਹੋਰ ਨਿਵਾਸੀ ਨੂੰ ਅਦਾ ਨਹੀਂ ਕਰਨੇ ਪੈਂਦੇ।”
ਸਭ ਤੋਂ ਤਾਜ਼ਾ ਮਿਲਦੇ ਅੰਕੜਿਆਂ ਅਨੁਸਾਰ, ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2022 ਵਿੱਚ ਕੈਨੇਡਾ ਦੀ ਆਰਥਿਕਤਾ ਵਿੱਚ 37 ਅਰਬ (ਬਿਲੀਅਨ) ਡਾਲਰ ਤੋਂ ਵੱਧ ਦਾ ਯੋਗਦਾਨ ਪਾਇਆ।
ਵਿਦੇਸ਼ੀ ਵਿਦਿਆਰਥੀਆਂ ਵੱਲੋਂ ਬੀ.ਸੀ. ਅਤੇ ਹੋਰ ਸੂਬਿਆਂ ਵਿੱਚ ਹੈਲਥ ਕੇਅਰ ਪ੍ਰਬੰਧ ਵਿੱਚ ਸਿੱਧੇ ਤੌਰ ‘ਤੇ ਪਾਏ ਗਏ ਵਿੱਤੀ ਯੋਗਦਾਨ ਦੇ ਬਾਵਜੂਦ, ਫੈਡਰਲ ਲਿਬਰਲ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਵਿੱਚ ਪੋਸਟ-ਸੈਕੰਡਰੀ ਸਿੱਖਿਆ ਲਈ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਏ ਵਾਧੇ ਕਾਰਨ “ਰਿਹਾਇਸ਼, ਹੈਲਥਕੇਅਰ ਅਤੇ ਹੋਰ ਸੇਵਾਵਾਂ `ਤੇ ਪਏ ਦਬਾਅ” ਨੂੰ ਘਟਾਉਣ ਲਈ ਸਟੱਡੀ ਪਰਮਿਟਾਂ `ਤੇ ਪਾਬੰਦੀਆਂ ਲਾਉਣੀਆਂ ਜ਼ਰੂਰੀ ਸਨ।
ਮਾਰਚ ਵਿੱਚ ਜਾਰੀ ਕੀਤੀ ਗਈ ਆਡੀਟਰ ਜਨਰਲ ਦੀ ਇੱਕ ਰਿਪੋਰਟ ਅਨੁਸਾਰ, ਇਸ ਦੇ ਨਤੀਜੇ ਵਜੋਂ ਕੈਨੇਡਾ ਵਿੱਚ ਆਉਣ ਵਾਲੇ ਨਵੇਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਉਮੀਦ ਤੋਂ ਕਿਤੇ ਵੱਧ ਗਿਰਾਵਟ ਆਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, “2024 ਵਿੱਚ, ਡਿਪਾਰਟਮੈਂਟ (ਇੰਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸਿ਼ੱਪ ਕੈਨੇਡਾ) ਨੇ ਅਨੁਮਾਨਿਤ ਗਿਣਤੀ ਤੋਂ ਅੱਧੇ ਤੋਂ ਵੀ ਘੱਟ ਨਵੇਂ ਸਟੱਡੀ ਪਰਮਿਟਾਂ ਨੂੰ ਮਨਜ਼ੂਰੀ ਦਿੱਤੀ ਸੀ। ਇਹ ਰੁਝਾਨ 2025 ਵਿੱਚ ਵੀ ਜਾਰੀ ਰਿਹਾ, ਜਿਸ ਵਿੱਚ ਸਤੰਬਰ ਤੱਕ ਅਨੁਮਾਨਿਤ 255,360 ਨਵੇਂ ਸਟੱਡੀ ਪਰਮਿਟਾਂ ਵਿੱਚੋਂ ਸਿਰਫ਼ 50,000 ਤੋਂ ਥੋੜ੍ਹੇ ਜਿਹੇ ਵੱਧ ਨੂੰ ਹੀ ਮਨਜ਼ੂਰੀ ਮਿਲੀ। ਡਿਪਾਰਟਮੈਂਟ ਨੂੰ ਇਹ ਪਤਾ ਨਹੀਂ ਕਿ ਮਨਜ਼ੂਰੀ ਦਰਾਂ ਅਨੁਮਾਨ ਤੋਂ ਘੱਟ ਕਿਉਂ ਸਨ।”

