18.2 C
Vancouver
Thursday, August 13, 2026

ਅਮਰੀਕਾ ਜਾਣ ਵਾਲੇ ਕੈਨੇਡੀਅਨ ਯਾਤਰੀਆਂ ਦੀ ਗਿਣਤੀ ਵਿੱਚ ਮੁੜ ਇਜ਼ਾਫਾ

ਵੈਨਕੂਵਰ (ਏਕਜੋਤ ਸਿੰਘ): ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਜਨਵਰੀ 2025 ਤੋਂ ਬਾਅਦ ਕੈਨੇਡੀਅਨਾਂ ਦੀ ਅਮਰੀਕਾ ਯਾਤਰਾ ਵਿੱਚ ਦੂਜੀ ਵਾਰ ਮਾਸਿਕ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਜੂਨ ਮਹੀਨੇ ਦੌਰਾਨ ਅਮਰੀਕਾ ਤੋਂ ਕੈਨੇਡੀਅਨ ਵਸਨੀਕਾਂ ਦੀਆਂ ਵਾਪਸੀ ਯਾਤਰਾਵਾਂ 1.7 ਮਿਲੀਅਨ ਦੇ ਬਰਾਬਰ ਰਹੀਆਂ ਜੋ ਕਿ 2025 ਦੇ ਇਸੇ ਮਹੀਨੇ ਦੇ ਮੁਕਾਬਲੇ 3.2 ਫੀਸਦੀ ਵੱਧ ਹਨ। ਇਸ ਦੇ ਨਾਲ ਹੀ ਆਟੋਮੋਬਾਈਲ ਰਾਹੀਂ ਵਾਪਸੀ ਯਾਤਰਾਵਾਂ ਵਿੱਚ ਵੀ 5.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਏਜੰਸੀ ਨੇ ਇਹ ਵੀ ਨੋਟ ਕੀਤਾ ਹੈ ਕਿ ਹਵਾਈ ਮਾਰਗ ਰਾਹੀਂ ਅਮਰੀਕਾ ਤੋਂ ਵਾਪਸੀ ਯਾਤਰਾਵਾਂ ਵਿੱਚ 3.8 ਫੀਸਦੀ ਦੀ ਗਿਰਾਵਟ ਆਈ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਕੈਨੇਡਾ ਵਿਰੁੱਧ ਛੇੜੀ ਗਈ ਵਪਾਰਕ ਜੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਧਮਕੀਆਂ ਤੋਂ ਬਾਅਦ ਕੈਨੇਡੀਅਨ ਹੌਲੀ ਹੌਲੀ ਅਮਰੀਕਾ ਦੀ ਯਾਤਰਾ ਕਰਨ ਲੱਗੇ ਹਨ। ਟਰੰਪ ਨੇ ਜਨਵਰੀ 2025 ਵਿੱਚ ਅਹੁਦੇ ਦੀ ਸਹੁੰ ਚੁੱਕੀ ਸੀ ਜਿਸ ਤੋਂ ਬਾਅਦ ਕੈਨੇਡੀਅਨਾਂ ਨੇ 15 ਮਹੀਨਿਆਂ ਤੋਂ ਵੱਧ ਸਮੇਂ ਤੱਕ ਅਮਰੀਕਾ ਦੀ ਯਾਤਰਾ ਦਾ ਬਾਈਕਾਟ ਕੀਤਾ ਸੀ।
ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਜੂਨ 2026 ਵਿੱਚ ਯਾਤਰਾਵਾਂ ਦੀ ਗਿਣਤੀ ਦੀ ਤੁਲਨਾ ਜੂਨ 2024 ਨਾਲ ਕਰਨ ਉੱਤੇ 28.7 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਇਹ ਗਿਰਾਵਟ ਆਟੋਮੋਬਾਈਲ ਦੁਆਰਾ 29.6 ਫੀਸਦੀ ਅਤੇ ਹਵਾਈ ਮਾਰਗ ਦੁਆਰਾ 25.0 ਫੀਸਦੀ ਘੱਟ ਯਾਤਰਾਵਾਂ ਕਾਰਨ ਆਈ ਹੈ। ਅਪ੍ਰੈਲ ਮਹੀਨੇ ਵਿੱਚ ਪਹਿਲੀ ਵਾਰ ਉਛਾਲ ਦਰਜ ਕੀਤਾ ਗਿਆ ਸੀ ਜਦੋਂ ਕੈਨੇਡੀਅਨ ਵਸਨੀਕਾਂ ਲਈ ਅਮਰੀਕਾ ਤੋਂ ਵਾਪਸੀ ਯਾਤਰਾਵਾਂ ਵਿੱਚ ਸਾਲ ਦਰ ਸਾਲ 1.8 ਫੀਸਦੀ ਦਾ ਵਾਧਾ ਹੋਇਆ ਸੀ। ਵਿਦੇਸ਼ੀ ਵਸਨੀਕਾਂ ਦੁਆਰਾ ਕੈਨੇਡਾ ਦੀ ਯਾਤਰਾ ਵਿੱਚ ਵੀ ਵਾਧਾ ਹੋਇਆ ਹੈ ਅਤੇ ਪਿਛਲੇ ਜੂਨ ਵਿੱਚ ਵਿਦੇਸ਼ੀ ਵਸਨੀਕਾਂ ਦੀਆਂ ਕੈਨੇਡਾ ਯਾਤਰਾਵਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 5.1 ਫੀਸਦੀ ਵੱਧ ਸਨ। ਆਟੋਮੋਬਾਈਲ ਦੇ ਮੁਕਾਬਲੇ ਹਵਾਈ ਮਾਰਗ ਰਾਹੀਂ ਵਧੇਰੇ ਵਿਦੇਸ਼ੀ ਵਸਨੀਕ ਕੈਨੇਡਾ ਪਹੁੰਚੇ ਜਿਸ ਵਿੱਚ 5.8 ਫੀਸਦੀ ਦਾ ਵਾਧਾ ਹੋਇਆ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ