22.2 C
Vancouver
Thursday, August 13, 2026

1989 ਤੋਂ ਬਾਅਦ ਪਹਿਲੀ ਵਾਰ ਬੀ.ਸੀ. ਦੀਆਂ ਨਰਸਾਂ ਵੱਲੋਂ ਹੜ੍ਹਤਾਲ

ਵੈਨਕੂਵਰ, (ਏਕਜੋਤ ਿਸੰਘ): ਬ੍ਰਿਟਿਸ਼ ਕੋਲੰਬੀਆ ਦੀਆਂ ਨਰਸਾਂ ਨੇ ਮੰਗਲਵਾਰ ਸਵੇਰੇ ਵੈਨਕੂਵਰ ਜਨਰਲ ਹਸਪਤਾਲ ਦੇ ਬਾਹਰ ਪਿਕਟ ਲਾਈਨਾਂ ਲਗਾ ਕੇ ਆਪਣੀ ਹੜਤਾਲ ਦੀ ਸ਼ੁਰੂਆਤ ਕਰ ਦਿੱਤੀ ਹੈ। ਸੂਬੇ ਦੇ ਇਤਿਹਾਸ ਵਿੱਚ ਸਾਲ 1989 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਨਰਸਾਂ ਨੂੰ ਆਪਣੀਆਂ ਮੰਗਾਂ ਲਈ ਸੜਕਾਂ ‘ਤੇ ਉਤਰਨਾ ਪਿਆ ਹੈ। ਬੀਸੀ ਨਰਸਿਜ਼ ਯੂਨੀਅਨ ਦੀ ਪ੍ਰਧਾਨ ਐਡਰਿਏਨ ਗੇਅਰ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇੱਕ ਇਤਿਹਾਸਕ ਪਰ ਗੰਭੀਰ ਦਿਨ ਹੈ ਜਦੋਂ ਨਰਸਾਂ ਨੂੰ ਮਰੀਜ਼ ਦੇ ਬਿਸਤਰੇ ਕੋਲ ਹੋਣ ਦੀ ਬਜਾਏ ਧਰਨੇ ‘ਤੇ ਬੈਠਣਾ ਪੈ ਰਿਹਾ ਹੈ।ਇਹ ਹੜਤਾਲ ਪਿਛਲੇ ਵੀਰਵਾਰ ਨੂੰ ਉਦੋਂ ਸ਼ੁਰੂ ਹੋਈ ਜਦੋਂ ਦੋ ਤਿਹਾਈ ਨਰਸਾਂ ਨੇ ਬੀਸੀ ਹੈਲਥ ਇੰਪਲਾਇਰਜ਼ ਐਸੋਸੀਏਸ਼ਨ ਨਾਲ ਹੋਏ ਸਮਝੌਤੇ ਨੂੰ ਰੱਦ ਕਰਨ ਲਈ ਵੋਟ ਪਾਈ। ਇਸ ਪ੍ਰਸਤਾਵਿਤ ਸਮਝੌਤੇ ਵਿੱਚ ਚਾਰ ਸਾਲਾਂ ਵਿੱਚ 12 ਫੀਸਦੀ ਤਨਖਾਹ ਵਾਧਾ, ਬਿਹਤਰ ਲਾਭ, ਘੱਟੋ-ਘੱਟ ਨਰਸ-ਮਰੀਜ਼ ਅਨੁਪਾਤ ਲਈ ਵਾਧੂ ਫੰਡ ਅਤੇ ਹਿੰਸਾ ਰੋਕੂ ਉਪਾਵਾਂ ਵਿੱਚ ਸੁਧਾਰ ਸ਼ਾਮਲ ਸਨ। ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਬੀਸੀ ਸਰਕਾਰ ਫਿਲਹਾਲ ਇੱਕ ਮੁਸ਼ਕਲ ਸਥਿਤੀ ਵਿੱਚ ਫਸੀ ਹੋਈ ਹੈ। ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਹਾਮਿਸ਼ ਟੇਲਫੋਰਡ ਨੇ ਕਿਹਾ ਕਿ ਸਰਕਾਰ ਕੋਲ ਬਜਟ ਦੀ ਘਾਟ ਹੈ, ਜੇਕਰ ਉਹ ਨਰਸਾਂ ਨੂੰ ਬਿਹਤਰ ਸੌਦਾ ਦਿੰਦੇ ਹਨ, ਤਾਂ ਉਨ੍ਹਾਂ ਨੂੰ ਬਾਕੀ ਕਰਮਚਾਰੀਆਂ ਨੂੰ ਵੀ ਉਸੇ ਪੱਧਰ ‘ਤੇ ਤਨਖਾਹ ਦੇਣੀ ਪਵੇਗੀ।
ਨਰਸਾਂ ਨੇ ਹੁਣ ਵੀਰਵਾਰ ਨੂੰ ਸਰੀ ਮੈਮੋਰੀਅਲ ਹਸਪਤਾਲ ਸਮੇਤ ਹੋਰ ਥਾਵਾਂ ‘ਤੇ ਆਪਣਾ ਪ੍ਰਦਰਸ਼ਨ ਵਧਾਉਣ ਦਾ ਐਲਾਨ ਕੀਤਾ ਹੈ। ਯੂਨੀਅਨ ਨੇ ਮੰਗਲਵਾਰ ਸਵੇਰੇ ਦੋਸ਼ ਲਗਾਇਆ ਕਿ ਹਸਪਤਾਲ ਪ੍ਰਬੰਧਨ ਵੱਲੋਂ ਨਰਸਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਉਨ੍ਹਾਂ ਦੇ ਪੇਸ਼ੇਵਰ ਲਾਇਸੈਂਸ ਰੱਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੜਤਾਲ ਦੇ ਬਾਵਜੂਦ ਗੈਰ-ਕਾਨੂੰਨੀ ਓਵਰਟਾਈਮ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਹਸਪਤਾਲ ਇੰਪਲਾਇਰਜ਼ ਐਸੋਸੀਏਸ਼ਨ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਰੀਜ਼ਾਂ ਦੀ ਸੁਰੱਖਿਅਤ ਦੇਖਭਾਲ ਹੀ ਉਨ੍ਹਾਂ ਦੀ ਪਹਿਲ ਹੈ। ਫਿਲਹਾਲ ਦੋਵਾਂ ਧਿਰਾਂ ਵਿਚਾਲੇ ਕੰਟਰੈਕਟ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ।

ਰੁਝਾਨ ਖਬਰਾਂ