18.2 C
Vancouver
Thursday, August 13, 2026

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੈਨੇਡਾ ਭੇਜੇ ਪਾਵਨ ਸਰੂਪਾਂ ਦੀ ਮਰਯਾਦਾ ਬਾਰੇ ਸਥਿਤੀ ਸਪੱਸ਼ਟ

ਸਰੀ, (ਏਕਜੋਤ ਿਸੰਘ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਕੈਨੇਡਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੂੰ ਇੱਕ ਅਹਿਮ ਪੱਤਰ ਜਾਰੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਮਰਯਾਦਾ ਬਾਰੇ ਸਥਿਤੀ ਸਪੱਸ਼ਟ ਕੀਤੀ ਗਈ ਹੈ। ਇਹ ਪੱਤਰ 7 ਜੁਲਾਈ 2026 ਨੂੰ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਓਂਟਾਰੀਓ ਗੁਰਦੁਆਰਾ ਕਮੇਟੀ ਅਤੇ ਕਿਊਬੈਕ ਸਿੱਖ ਕੌਂਸਲ ਨੂੰ ਸੰਬੋਧਿਤ ਕਰਕੇ ਲਿਖਿਆ ਗਿਆ ਹੈ। ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਵੱਲੋਂ ਜਾਰੀ ਇਸ ਪੱਤਰ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਬੰਧਤ ਗੁਰਦੁਆਰਾ ਸਾਹਿਬ ਪਾਸੋਂ ਪੂਰੀ ਰਿਪੋਰਟ ਲਈ ਗਈ ਹੈ। ਇਸ ਵਿੱਚ ਸਪੱਸ਼ਟ ਹੋਇਆ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ 8115-132 ਸਟਰੀਟ ਸਰੀ, ਬੀਸੀ ਵਿਖੇ ਪਾਵਨ ਸਰੂਪ ਪੂਰਨ ਮਰਯਾਦਾ ਅਤੇ ਸਤਿਕਾਰ ਸਹਿਤ ਸੁਭਾਇਮਾਨ ਕਰਵਾ ਲਏ ਗਏ ਹਨ। ਪੱਤਰ ਰਾਹੀਂ 2014 ਦੇ ਇੱਕ ਹੁਕਮ ਬਾਰੇ ਵੀ ਭੁਲੇਖਾ ਦੂਰ ਕੀਤਾ ਗਿਆ ਹੈ। ਸਪੱਸ਼ਟ ਕੀਤਾ ਗਿਆ ਕਿ 2014 ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਵਨ ਸਰੂਪ ਕੈਨੇਡਾ ਭੇਜਣ ਸਮੇਂ ਮਰਯਾਦਾ ਦੇ ਪ੍ਰਬੰਧ ਨਹੀਂ ਸਨ। ਇਸ ਲਈ 26 ਅਪ੍ਰੈਲ 2014 ਨੂੰ ਪੱਤਰ ਜਾਰੀ ਕਰਕੇ ਉਹ ਸਰੂਪ ਵਾਪਸ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਲਿਆਉਣ ਲਈ ਕਿਹਾ ਗਿਆ ਸੀ, ਜਿਸਦਾ ਸਬੰਧ ਕੇਵਲ ਉਸੇ ਮਾਮਲੇ ਨਾਲ ਸੀ। ਵਿਦੇਸ਼ਾਂ ਤੋਂ ਪਾਵਨ ਸਰੂਪਾਂ ਦੀ ਮੰਗ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ 19 ਸਤੰਬਰ 2009 ਦੇ ਮਤਾ ਨੰਬਰ 2 ਦੀ ਰੋਸ਼ਨੀ ਵਿੱਚ ਪ੍ਰਵਾਨ ਕਰਦੀ ਹੈ। ਸਰੀ ਦੇ ਗੁਰਦੁਆਰਾ ਸਾਹਿਬ ਲਈ ਇਹ ਪ੍ਰਵਾਨਗੀ 28 ਜੁਲਾਈ 2025 ਨੂੰ ਮਤਾ ਨੰਬਰ 798 ਰਾਹੀਂ ਦਿੱਤੀ ਗਈ ਸੀ। ਅੰਤ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਾਕੀਦ ਕੀਤੀ ਗਈ ਹੈ ਕਿ ਜੇਕਰ ਕੋਈ ਸੁਝਾਅ ਹਨ ਤਾਂ ਭੇਜੇ ਜਾ ਸਕਦੇ ਹਨ, ਪਰ ਸੰਗਤ ਵਿੱਚ ਕਿਸੇ ਕਿਸਮ ਦੀ ਦੁਬਿਧਾ ਪੈਦਾ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ।

ਰੁਝਾਨ ਖਬਰਾਂ