18.2 C
Vancouver
Thursday, August 13, 2026

ਸਾਦਗੀ ਜੀਵਨ ਦਾ ਅਨਮੋਲ ਗਹਿਣਾ

ਮਨਪ੍ਰੀਤ ਰੂਬਾ
ਸੰਪਰਕ: 98140-44995
ਮਨੁੱਖੀ ਜੀਵਨ ਅਨੇਕਾਂ ਗੁਣਾਂ, ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਦਾ ਸੁਮੇਲ ਹੈ। ਹਰ ਵਿਅਕਤੀ ਆਪਣੇ ਜੀਵਨ ਨੂੰ ਸੁਖੀ, ਸਫਲ ਅਤੇ ਅਰਥਪੂਰਨ ਬਣਾਉਣ ਦੀ ਕੋਸ਼ਿਸ਼ ਵਿੱਚ ਜੁਟਿਆ ਹੋਇਆ ਹੈ। ਇਸ ਮਕਸਦ ਨੂੰ ਹਾਸਲ ਕਰਨ ਲਈ ਉਹ ਧਨ-ਦੌਲਤ, ਅਹੁਦੇ, ਪ੍ਰਸਿੱਧੀ ਅਤੇ ਹੋਰ ਭੌਤਿਕ ਸੁੱਖ-ਸਹੂਲਤਾਂ ਪ੍ਰਾਪਤ ਕਰਨ ਲਈ ਦਿਨ-ਰਾਤ ਮਿਹਨਤ ਕਰਦਾ ਆ ਰਿਹਾ ਹੈ। ਅਜੋਕੇ ਆਧੁਨਿਕ, ਤਕਨੀਕੀ ਅਤੇ ਚਮਕ-ਦਮਕ ਵਾਲੇ ਯੁੱਗ ਵਿੱਚ ਹਰ ਪਾਸੇ ਦਿਖਾਵੇ, ਪਦਾਰਥਵਾਦ ਅਤੇ ਮੁਕਾਬਲੇਬਾਜ਼ੀ ਦੀ ਦੌੜ ਵੀ ਲੱਗੀ ਹੋਈ ਹੈ। ਇਹ ਦੌੜ ਮਨੁੱਖ ਦੀ ਅਸ਼ਾਂਤੀ ਦਾ ਵੱਡਾ ਕਾਰਨ ਬਣੀ ਹੋਈ ਹੈ। ਇਨ੍ਹਾਂ ਹਾਲਤਾਂ ਵਿੱਚ ‘ਸਾਦਗੀ’ ਹੀ ਇੱਕ ਅਜਿਹਾ ਗੁਣ ਹੈ ਜੋ ਮਨੁੱਖੀ ਮਨ ਨੂੰ ਅਥਾਹ ਤਸੱਲੀ ਅਤੇ ਅਸਲ ਸਕੂਨ ਦੇ ਸਕਦਾ ਹੈ।
ਜੇ ਜੀਵਨ ਵਿੱਚ ਸਕੂਨ ਨਾ ਹੋਵੇ ਤਾਂ ਮਨੁੱਖ ਦੀਆਂ ਹੋਰ ਸਾਰੀਆਂ ਪਦਾਰਥਵਾਦੀ ਪ੍ਰਾਪਤੀਆਂ ਆਪਣਾ ਅਸਲ ਮਹੱਤਵ ਗੁਆ ਬੈਠਦੀਆਂ ਹਨ। ਸਾਦਗੀ ਉਹ ਗੁਣ ਹੈ ਜੋ ਮਨੁੱਖ ਦੇ ਚਰਿੱਤਰ ਨੂੰ ਨਿਖਾਰਨ ਤੋਂ ਇਲਾਵਾ ਉਸ ਦੀ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਅਤੇ ਉਸ ਨੂੰ ਸਮਾਜ ਵਿੱਚ ਇੱਕ ਸਤਿਕਾਰਯੋਗ ਸਥਾਨ ਦਿਵਾਉਂਦਾ ਹੈ। ਅਸਲ ਵਿੱਚ ਸਾਦਗੀ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵਡਮੁੱਲਾ ਅਤੇ ਅਨਮੋਲ ਗਹਿਣਾ ਹੈ। ਇਸ ਵਡਮੁੱਲੋ ਤੇ ਖ਼ੂਬਸੂਰਤ ਗਹਿਣੇ ਨੂੰ ਖ਼ਰੀਦਣ ਲਈ ਕਿਸੇ ਦੌਲਤ, ਸੋਨੇ-ਚਾਂਦੀ ਜਾਂ ਹੀਰਿਆਂ ਦੀ ਲੋੜ ਨਹੀਂ ਹੁੰਦੀ ਬਲਕਿ ਇਸ ਨੂੰ ਧਾਰਨ ਕਰਨ ਲਈ ਉੱਚੇ-ਸੁੱਚੇ ਵਿਚਾਰਾਂ, ਨਿਰਮਲ ਮਨ ਅਤੇ ਸਪੱਸ਼ਟ ਕਿਰਦਾਰ ਦੀ ਲੋੜ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਲੋਕ ਬਾਹਰੀ ਸੁੰਦਰਤਾ ਨੂੰ ਲਿਸ਼ਕਾਉਣ ਲਈ ਲੱਖਾਂ ਰੁਪਏ ਖ਼ਰਚ ਕਰਦੇ ਹਨ, ਪਰ ਅਸਲ ਵਿੱਚ ਸਾਦਗੀ ਇਨਸਾਨ ਦੀ ਅੰਦਰੂਨੀ ਰੂਹ ਨੂੰ ਇੰਨਾ ਖ਼ੂਬਸੂਰਤ ਬਣਾਉਣ ਦੀ ਸਮਰੱਥਾ ਰੱਖਦੀ ਹੈ ਕਿ ਅਜਿਹੇ ਇਨਸਾਨ ਦੀ ਹਰ ਮਹਿਫਲ ਵਿੱਚ ਖਿੱਚ ਕਾਇਮ ਰਹਿੰਦੀ ਹੈ।
ਸਾਦਗੀ ਦੇ ਅਰਥਾਂ ਨੂੰ ਜੇਕਰ ਡੂੰਘਾਈ ਨਾਲ ਸਮਝਿਆ ਜਾਵੇ ਤਾਂ ਇਸ ਦਾ ਅਰਥ ਫਟੇ-ਪੁਰਾਣੇ ਜਾਂ ਸਾਦੇ ਕੱਪੜੇ ਪਾਉਣਾ, ਗ਼ਰੀਬੀ ਵਿੱਚ ਰਹਿਣਾ ਜਾਂ ਆਧੁਨਿਕ ਸਹੂਲਤਾਂ ਦਾ ਤਿਆਗ ਕਰਨਾ ਬਿਲਕੁਲ ਨਹੀਂ ਹੈ। ਸਾਦਗੀ ਅਸਲ ਵਿੱਚ ਇੱਕ ਉੱਚੀ ਮਾਨਸਿਕ ਅਤੇ ਅਧਿਆਤਮਕ ਅਵਸਥਾ ਹੈ। ਇਸ ਦਾ ਅਸਲ ਅਰਥ ਛਲ-ਕਪਟ, ਦੋਗਲੇਪਣ, ਹੰਕਾਰ ਅਤੇ ਬਨਾਵਟੀ ਦਿਖਾਵੇ ਤੋਂ ਮੁਕਤ ਸਹਿਜ ਜੀਵਨ ਵਾਲੀ ਅਸਵਥਾ ਵਿੱਚ ਰਹਿਣਾ ਹੈ। ਸਾਦਗੀ ਦੀ ਅਸਲ ਤਸਵੀਰ ਮਨੁੱਖ ਆਪਣੇ ਵਿਚਾਰਾਂ, ਬੋਲਚਾਲ, ਵਿਹਾਰ ਅਤੇ ਜੀਵਨ-ਢੰਗ ਵਿੱਚ ਸੱਚਾਈ, ਨਿਮਰਤਾ ਅਤੇ ਸੰਤੁਲਨ ਲਿਆ ਕੇ ਖ਼ੁਦ ਹੀ ਪੇਸ਼ ਕਰਦਾ ਹੈ। ਸਾਦਾ ਮਨੁੱਖ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਅਤੇ ਨਾ ਹੀ ਦਿਖਾਵੇ ਦੀ ਦੌੜ ਵਿੱਚ ਸ਼ਾਮਿਲ ਹੁੰਦਾ ਹੈ। ਉਹ ਆਪਣੀ ਅਸਲ ਪਛਾਣ ਨਾਲ ਜੀਵਨ ਬਤੀਤ ਕਰਦਾ ਹੈ ਅਤੇ ਆਪਣੇ ਕਰਮਾਂ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਂਦਾ ਹੈ। ਜਦੋਂ ਇੱਕ ਇਨਸਾਨ ਸੰਸਾਰ ਦੀ ਹਰ ਦੌਲਤ, ਸ਼ੁਹਰਤ ਅਤੇ ਉੱਚਾ ਅਹੁਦਾ ਹੁੰਦੇ ਹੋਏ ਵੀ ਉਹ ਆਮ ਲੋਕਾਂ ਵਾਂਗ ਨਿਮਰ, ਸਹਿਜ ਅਤੇ ਸੁਖਾਲਾ ਰਹਿੰਦਾ ਹੈ ਤਾਂ ਉਸ ਦੇ ਇਸੇ ਮਹਾਨ ਗੁਣ ਨੂੰ ਸਾਦਗੀ ਕਿਹਾ ਜਾਂਦਾ ਹੈ। ਇਹ ਗੁਣ ਮਨੁੱਖ ਆਪਣੀਆਂ ਜੜਾਂ ਨਾਲ ਜੋੜ ਕੇ ਰੱਖਦਾ ਹੈ ਅਤੇ ਹਰ ਹਾਲਤ ਵਿੱਚ ਸੰਤੁਸ਼ਟ ਰਹਿਣਾ ਸਿਖਾਉਂਦਾ ਹੈ।
ਇਤਿਹਾਸ ਦੇ ਪੰਨਿਆਂ ’ਤੇ ਨਜ਼ਰ ਮਾਰੀਏ ਤਾਂ ਸਾਨੂੰ ਅਨੇਕਾਂ ਮਹਾਨ ਸ਼ਖ਼ਸੀਅਤਾਂ ਮਿਲਦੀਆਂ ਹਨ ਜਿਨ੍ਹਾਂ ਨੇ ਸਾਦਗੀ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਇਆ। ਗੁਰੂਆਂ, ਪੀਰਾਂ, ਸੰਤਾਂ, ਮਹਾਨ ਧਾਰਮਿਕ ਆਗੂਆਂ, ਸਮਾਜ ਸੁਧਾਰਕਾਂ ਅਤੇ ਕੁਝ ਕੌਮੀ ਨੇਤਾਵਾਂ ਨੇ ਸਦਾ ਸਾਦਗੀ ਭਰਿਆ ਜੀਵਨ ਬਤੀਤ ਕੀਤਾ।
ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸਾਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਜਿਹੇ ਫਲਸਫ਼ੇ ਦਿੱਤੇ ਅਤੇ ਸਾਦਗੀ, ਸੱਚਾਈ ਤੇ ਨਿਮਰਤਾ ਦਾ ਮਾਰਗ ਦਿਖਾਇਆ। ਭਗਤ ਕਬੀਰ, ਬਾਬਾ ਸ਼ੇਖ ਫ਼ਰੀਦ ਜੀ ਵਰਗੀਆਂ ਮਹਾਨ ਰੂਹਾਂ, ਸੰਤਾਂ ਤੇ ਫ਼ਕੀਰਾਂ ਨੇ ਵੀ ਆਪਣੀ ਬਾਣੀ ਵਿੱਚ ਸਾਦਾ ਤੇ ਸਰਲ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਜੇਕਰ ਆਧੁਨਿਕ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਵਿਗਿਆਨ ਅਤੇ ਰਾਜਨੀਤੀ ਦੇ ਸਿਖਰ ’ਤੇ ਪਹੁੰਚੇ ਭਾਰਤ ਦੇ ਸਾਬਕਾ ਰਾਸ਼ਟਰਪਤੀ (ਮਰਹੂਮ) ਡਾ. ਏ.ਪੀ.ਜੇ. ਅਬਦੁਲ ਕਲਾਮ ਇਸ ਦੀ ਜਿਉਂਦੀ-ਜਾਗਦੀ ਮਿਸਾਲ ਸਨ, ਜਿਨ੍ਹਾਂ ਦਾ ਦੇਸ਼ ਦੇ ਸਰਵਉੱਚ ਅਹੁਦੇ ’ਤੇ ਰਹਿ ਕੇ ਵੀ ਸਾਦਗੀ ਨਾਲ ਭਰਪੂਰ ਜੀਵਨ ਪੂਰੀ ਦੁਨੀਆ ਲਈ ਮਿਸਾਲ ਬਣਿਆ। ਉਨ੍ਹਾਂ ਨੇ ਸਾਬਤ ਕੀਤਾ ਕਿ ਸਫਲ ਇਨਸਾਨ ਦੀ ਅਸਲ ਸੁੰਦਰਤਾ ਤੇ ਮਹਾਨਤਾ ਉਨ੍ਹਾਂ ਦੇ ਕੱਪੜਿਆਂ, ਮਹਿਲਾਂ ਜਾਂ ਧਨ-ਦੌਲਤ ਵਿੱਚ ਨਹੀਂ ਹੁੰਦੀ ਸਗੋਂ ਉਨ੍ਹਾਂ ਦੇ ਉੱਚੇ ਵਿਚਾਰਾਂ, ਚੰਗੇ ਕਰਮਾਂ ਅਤੇ ਮਨੁੱਖਤਾ ਦੀ ਸੇਵਾ ਵਿੱਚ ਹੁੰਦੀ ਹੈ।
ਅੱਜ ਵਿਗਿਆਨ ਅਤੇ ਤਕਨਾਲੋਜੀ ਦਾ ਯੁੱਗ ਹੈ। ਮਨੁੱਖ ਨੇ ਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। ਜੀਵਨ ਵੀ ਪਹਿਲਾਂ ਨਾਲੋਂ ਕਾਫ਼ੀ ਸੁਖਾਲਾ ਹੋ ਗਿਆ ਹੈ, ਪਰ ਇਸ ਤਰੱਕੀ ਦੇ ਨਾਲ-ਨਾਲ ਦਿਖਾਵੇ ਦੀ ਪ੍ਰਵਿਰਤੀ ਵੀ ਬਹੁਤ ਤੇਜ਼ੀ ਨਾਲ ਵਧੀ ਹੈ। ਲੋਕ ਆਪਣੀ ਆਰਥਿਕ ਸਥਿਤੀ ਤੋਂ ਵੱਧ ਖ਼ਰਚ ਕਰਕੇ ਦੂਜਿਆਂ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਮਹਿੰਗੇ ਫੋਨ, ਬ੍ਰਾਂਡਿਡ ਕੱਪੜੇ, ਵੱਡੀਆਂ ਗੱਡੀਆਂ ਅਤੇ ਸ਼ਾਨਦਾਰ ਸਮਾਗਮਾਂ ਨੂੰ ਸਮਾਜਿਕ ਮਾਣ-ਸਨਮਾਨ ਦਾ ਮਾਪਦੰਡ ਸਮਝਿਆ ਜਾਣ ਲੱਗਾ ਹੈ। ਇਸ ਦਿਖਾਵੇ ਦੀ ਦੌੜ ਨੇ ਮਨੁੱਖ ਨੂੰ ਮਾਨਸਿਕ ਤਣਾਅ, ਕਰਜ਼ਿਆਂ, ਚਿੰਤਾਵਾਂ ਅਤੇ ਅਸੰਤੁਸ਼ਟੀ ਵੱਲ ਧੱਕ ਦਿੱਤਾ ਹੈ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਮਨੁੱਖ ਕੋਲ ਧਨ, ਤਾਕਤ ਜਾਂ ਪ੍ਰਸਿੱਧੀ ਆ ਜਾਂਦੀ ਹੈ ਤਾਂ ਕਈ ਵਾਰ ਉਸ ਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ। ਇਹ ਹੰਕਾਰ ਉਸ ਨੂੰ ਆਪਣੇ ਲੋਕਾਂ ਤੋਂ ਹੀ ਦੂਰ ਕਰ ਦਿੰਦਾ ਹੈ ਅਤੇ ਰਿਸ਼ਤਿਆਂ ਵਿੱਚ ਵੀ ਖਟਾਸ ਪੈਦਾ ਕਰਦਾ ਹੈ।
ਅਸਲ ਵਿੱਚ ਸਾਦਗੀ ਹੀ ਮਨ ਦੀ ਸ਼ਾਂਤੀ ਦਾ ਸਭ ਤੋਂ ਵੱਡਾ ਸਰੋਤ ਹੈ। ਸਾਦਾ ਜੀਵਨ ਬਤੀਤ ਕਰਨ ਵਾਲਾ ਵਿਅਕਤੀ ਆਪਣੀਆਂ ਲੋੜਾਂ ਨੂੰ ਸੀਮਿਤ ਰੱਖਦਾ ਹੋਇਆ ਆਪਣੇ ਜੀਵਨ ਤੋਂ ਸੰਤੁਸ਼ਟ ਰਹਿੰਦਾ ਹੈ। ਸੰਤੁਸ਼ਟੀ ਮਨੁੱਖ ਨੂੰ ਖੁਸ਼ੀ ਅਤੇ ਸਕੂਨ ਪ੍ਰਦਾਨ ਕਰਦੀ ਹੈ। ਜੋ ਵਿਅਕਤੀ ਹਰ ਸਮੇਂ ਹੋਰ ਅਤੇ ਹੋਰ ਪ੍ਰਾਪਤ ਕਰਨ ਦੀ ਦੌੜ ਵਿੱਚ ਲੱਗਾ ਰਹਿੰਦਾ ਹੈ ਉਹ ਕਦੇ ਵੀ ਅਸਲ ਖੁਸ਼ੀ ਤੇ ਜੀਵਨ ਦੇ ਸਕੂਨ ਨੂੰ ਅਨੁਭਵ ਨਹੀਂ ਕਰ ਸਕਦਾ। ਸਾਦਗੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਅਨੰਦ ਮਾਣਨਾ ਹੀ ਅਸਲ ਦੌਲਤ ਹੈ। ਸਾਦਗੀ ਦਾ ਗੁਣ ਹੀ ਮਨੁੱਖ ਨੂੰ ਹੰਕਾਰ ਤੋਂ ਬਚਾਉਂਦਾ ਹੈ।
ਸਾਦਗੀ ਸਮਾਜਿਕ ਜੀਵਨ ਨੂੰ ਵੀ ਸੁੰਦਰ ਬਣਾਉਂਦੀ ਹੈ। ਸਾਦਗੀ ਨੂੰ ਅਪਣਾਉਣ ਵਾਲਾ ਵਿਅਕਤੀ ਲੋਕਾਂ ਤੇ ਸਮਾਜ ਨਾਲ ਦਿਲੋਂ ਜੁੜਦਾ ਹੈ। ਉਹ ਰਿਸ਼ਤਿਆਂ ਨੂੰ ਧਨ ਜਾਂ ਸਵਾਰਥ ਦੀ ਤੱਕੜੀ ਵਿੱਚ ਨਹੀਂ ਤੋਲਦਾ। ਉਸ ਲਈ ਮਨੁੱਖਤਾ, ਰਿਸ਼ਤਿਆਂ ਦੀ ਸਾਂਝ, ਮਿਲਵਰਤਨ ਅਤੇ ਆਪਸੀ ਪਿਆਰ ਸਭ ਤੋਂ ਵੱਡੀ ਦੌਲਤ ਹੁੰਦੀ ਹੈ। ਅਜਿਹੇ ਲੋਕ ਸਮਾਜ ਵਿੱਚ ਭਾਈਚਾਰੇ, ਸਹਿਯੋਗ ਅਤੇ ਆਪਸੀ ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਸਾਦਗੀ ਅਤੇ ਨਿਮਰ ਸੁਭਾਅ ਵਾਲਾ ਇਨਸਾਨ ਹਰ ਥਾਂ ਸਤਿਕਾਰ ਪ੍ਰਾਪਤ ਕਰਦਾ ਹੈ ਕਿਉਂਕਿ ਉਸ ਦਾ ਵਿਹਾਰ ਹੀ ਉਸ ਦੀ ਅਸਲ ਪਛਾਣ ਹੁੰਦਾ ਹੈ। ਸਾਦਗੀ ਵਿੱਚ ਇੱਕ ਅਜਿਹੀ ਅਮੀਰੀ ਅਤੇ ਬਾਦਸ਼ਾਹਤ ਹੁੰਦੀ ਹੈ, ਜਿਸ ਅੱਗੇ ਦੁਨੀਆ ਦੀ ਵੱਡੀ ਤੋਂ ਵੱਡੀ ਦੌਲਤ ਅਤੇ ਤਾਜ-ਤਖ਼ਤ ਵੀ ਫਿੱਕੇ ਨਜ਼ਰ ਆਉਂਦੇ ਹਨ।
ਵਿਦਿਆਰਥੀ ਜੀਵਨ ਵਿੱਚ ਵੀ ਸਾਦਗੀ ਦਾ ਬਹੁਤ ਮਹੱਤਵ ਹੈ। ਸਾਦਗੀ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਇਕਾਗਰਤਾ ਦੀ ਸਿੱਖਿਆ ਦਿੰਦੀ ਹੈ। ਜਿਹੜੇ ਵਿਦਿਆਰਥੀ ਦਿਖਾਵੇ ਅਤੇ ਫੈਸ਼ਨ ਦੀ ਬਜਾਏ ਗਿਆਨ ਅਤੇ ਚੰਗੇ ਗੁਣਾਂ ਉੱਤੇ ਧਿਆਨ ਦਿੰਦੇ ਹਨ ਉਹ ਜੀਵਨ ਵਿੱਚ ਵਧੇਰੇ ਸਫਲ ਹੁੰਦੇ ਹਨ। ਸਾਦਗੀ ਉਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ ਅਤੇ ਨਿਮਰਤਾ ਪੈਦਾ ਕਰਦੀ ਹੈ ਜੋ ਉਨ੍ਹਾਂ ਨੂੰ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਣ ਵਿੱਚ ਸਹਾਇਤਾ ਕਰਦੀ ਹੈ। ਅੱਜ ਮਾਪਿਆਂ ਤੇ ਅਧਿਆਪਕਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਸਾਦਗੀ, ਨਿਮਰਤਾ ਅਤੇ ਸੰਤੁਸ਼ਟੀ ਦੇ ਮੁੱਲਾਂ ਨਾਲ ਜੋੜਿਆ ਜਾਵੇ। ਉਨ੍ਹਾਂ ਨੂੰ ਵਿਦਿਆਰਥੀ ਜੀਵਨ ਦੌਰਾਨ ਹੀ ਇਹ ਸਮਝਾਈਏ ਕਿ ਮਨੁੱਖ ਦੀ ਪਛਾਣ ਉਸ ਦੇ ਮਹਿੰਗੇ ਕੱਪੜਿਆਂ ਜਾਂ ਦੌਲਤ ਨਾਲ ਨਹੀਂ ਸਗੋਂ ਉਸ ਦੇ ਨਿਮਰ ਸੁਭਾਅ, ਚੰਗੀ ਬੋਲਚਾਲ, ਚੰਗੇ ਚਰਿੱਤਰ ਅਤੇ ਨੇਕ ਕਰਮਾਂ ਨਾਲ ਹੁੰਦੀ ਹੈ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਾਦਗੀ ਮਨੁੱਖ ਦੇ ਜੀਵਨ ਦਾ ਸਭ ਤੋਂ ਕੀਮਤੀ ਅਤੇ ਵਡਮੁੱਲਾ ਗਹਿਣਾ ਹੈ। ਸਾਦਗੀ ਹੀ ਮਨੁੱਖ ਨੂੰ ਅੰਦਰੋਂ ਸੁੰਦਰ ਬਣਾਉਂਦੀ ਹੈ, ਉਸ ਦੇ ਜੀਵਨ ਵਿੱਚ ਸ਼ਾਂਤੀ ਤੇ ਸੰਤੁਸ਼ਟੀ ਲਿਆ ਕੇ ਉਸ ਨੂੰ ਸਮਾਜ ਵਿੱਚ ਸਤਿਕਾਰ ਦਾ ਪਾਤਰ ਬਣਾਉਂਦੀ ਹੈ। ਧਨ-ਦੌਲਤ ਅਤੇ ਭੌਤਿਕ ਚੀਜ਼ਾਂ ਸਮੇਂ ਦੇ ਨਾਲ ਖ਼ਤਮ ਹੋ ਸਕਦੀਆਂ ਹਨ, ਪਰ ਸਾਦਗੀ ਦਾ ਗੁਣ ਮਨੁੱਖ ਨੂੰ ਸਾਰੀ ਉਮਰ ਮਾਣ-ਸਨਮਾਨ ਅਤੇ ਖੁਸ਼ੀ ਬਖ਼ਸ਼ਦਾ ਹੈ। ਸਾਦਗੀ ਉਹ ਗਹਿਣਾ ਹੈ ਜੋ ਕਦੇ ਪੁਰਾਣਾ ਨਹੀਂ ਹੁੰਦਾ ਅਤੇ ਜਿਸ ਦੀ ਚਮਕ ਸਾਰੀ ਉਮਰ ਕਾਇਮ ਰਹਿੰਦੀ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਸੱਚਮੁੱਚ ਖ਼ੂਬਸੂਰਤ, ਤਣਾਅ-ਮੁਕਤ, ਸਿਹਤਮੰਦ ਅਤੇ ਅਰਥਪੂਰਨ ਬਣਾਉਣਾ ਚਾਹੁੰਦੇ ਹਾਂ ਤਾਂ ਸਾਦਾ ਜੀਵਨ ਇਸ ਵਿੱਚ ਅਹਿਮ ਰੋਲ ਅਦਾ ਕਰ ਸਕਦਾ ਹੈ। ਜੇਕਰ ਅਸੀਂ ਸਾਦਗੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਤਾਂ ਨਾ ਸਿਰਫ਼ ਅਸੀਂ ਖੁਦ ਖੁਸ਼ ਰਹਾਂਗੇ ਸਗੋਂ ਇੱਕ ਬਿਹਤਰ ਅਤੇ ਸੁਖੀ ਸਮਾਜ ਦੀ ਸਿਰਜਣਾ ਵਿੱਚ ਵੀ ਯੋਗਦਾਨ ਪਾ ਸਕਾਂਗੇ।

ਰੁਝਾਨ ਖਬਰਾਂ