ਵੈਨਕੂਵਰ (ਏਕਜੋਤ ਸਿੰਘ): ਅਲਬਰਟਾ ਦੇ ਵਿਦਿਆਰਥੀਆਂ ਦੀ ਸਿਹਤ ਅਤੇ ਸਿੱਖਿਆ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕੈਨੇਡਾ-ਅਲਬਰਟਾ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਦਾ ਲਗਾਤਾਰ ਵਿਸਥਾਰ ਕੀਤਾ ਜਾ ਰਿਹਾ ਹੈ। ਫੈਡਰਲ ਅਤੇ ਸੂਬਾ ਸਰਕਾਰ ਦੀ ਇਸ ਸਾਂਝੀ ਭਾਈਵਾਲੀ ਤਹਿਤ ਸਾਲ 2026-27 ਦੌਰਾਨ ਸਕੂਲੀ ਪ੍ਰੋਗਰਾਮਾਂ ਦੀ ਸਹਾਇਤਾ ਲਈ 17.6 ਮਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਇਹ ਰਾਸ਼ੀ ਪਿਛਲੇ ਸਾਲ 2025-26 ਵਿੱਚ ਦਿੱਤੀ ਗਈ 17.4 ਮਿਲੀਅਨ ਡਾਲਰ ਦੀ ਫੰਡਿੰਗ ਨਾਲੋਂ ਵਧੇਰੇ ਹੈ।
ਇਸ ਵਿੱਤੀ ਸਹਾਇਤਾ ਦੀ ਵਰਤੋਂ ਸਕੂਲ ਬੋਰਡ ਅਤੇ ਯੋਗ ਪਬਲਿਕ ਚਾਰਟਰ ਸਕੂਲ ਆਪਣੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ਲਈ ਕਰ ਸਕਣਗੇ। ਇਸ ਫੰਡ ਰਾਹੀਂ ਸਕੂਲਾਂ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦਾ ਪ੍ਰਬੰਧ ਕਰਨ, ਸਟਾਫ਼ ਦੀਆਂ ਤਨਖਾਹਾਂ ਦੇਣ ਅਤੇ ਪ੍ਰੋਗਰਾਮ ਦੇ ਪ੍ਰਬੰਧਕੀ ਖਰਚਿਆਂ ਨੂੰ ਸੰਭਾਲਣ ਵਿੱਚ ਵੱਡੀ ਮਦਦ ਮਿਲੇਗੀ। ਸਰਕਾਰ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਚੰਗੀ ਖ਼ੁਰਾਕ ਮਿਲਣਾ ਬਹੁਤ ਜ਼ਰੂਰੀ ਹੈ।
ਸਿੱਖਿਆ ਅਤੇ ਬਾਲ ਦੇਖਭਾਲ ਮੰਤਰੀ ਡੇਮੇਟ੍ਰੀਓਸ ਨਿਕੋਲਾਇਡਸ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਕਿਸੇ ਵੀ ਬੱਚੇ ਨੂੰ ਖਾਲੀ ਪੇਟ ਪੜ੍ਹਾਈ ਕਰਨ ਲਈ ਮਜਬੂਰ ਨਹੀਂ ਹੋਣਾ ਚਾਹੀਦਾ। ਫੈਡਰਲ ਫੰਡਿੰਗ ਦੇ ਨਾਲ ਕੀਤਾ ਜਾ ਰਿਹਾ ਇਹ ਨਿਵੇਸ਼ ਇਹ ਯਕੀਨੀ ਬਣਾਏਗਾ ਕਿ ਅਲਬਰਟਾ ਭਰ ਦੇ ਵਿਦਿਆਰਥੀਆਂ ਨੂੰ ਪੂਰਾ ਪੋਸ਼ਣ ਮਿਲੇ ਤਾਂ ਜੋ ਉਹ ਕਲਾਸਰੂਮ ਵਿੱਚ ਸਫ਼ਲਤਾ ਹਾਸਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਸਕਣ।
ਇਹ ਨਵਾਂ ਫੰਡ ਅਲਬਰਟਾ ਸਰਕਾਰ ਵੱਲੋਂ ਸਲਾਨਾ ਦਿੱਤੇ ਜਾਣ ਵਾਲੇ 20 ਮਿਲੀਅਨ ਡਾਲਰ ਦੇ ਬਜਟ ਤੋਂ ਵੱਖਰਾ ਹੈ, ਜੋ ਕਿ ਅਲਬਰਟਾ ਸਕੂਲ ਨਿਊਟ੍ਰੀਸ਼ਨ ਪ੍ਰੋਗਰਾਮ ਰਾਹੀਂ ਪਹਿਲਾਂ ਹੀ ਦਿੱਤਾ ਜਾ ਰਿਹਾ ਹੈ। ਇਸ ਮੌਜੂਦਾ ਪ੍ਰੋਗਰਾਮ ਤਹਿਤ ਸੂਬੇ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ ਲਗਭਗ 58,000 ਵਿਦਿਆਰਥੀਆਂ ਨੂੰ ਰੋਜ਼ਾਨਾ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ।
ਰੇਡ ਡੀਅਰ ਕੈਥੋਲਿਕ ਰੀਜਨਲ ਸਕੂਲਜ਼ ਦੇ ਬੋਰਡ ਚੇਅਰਪਰਸਨ ਕ੍ਰਿਸ ਐਂਡਰਿਊ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਵਿਦਿਆਰਥੀਆਂ ਨੂੰ ਚੰਗਾ ਖਾਣਾ ਮਿਲਦਾ ਹੈ, ਤਾਂ ਉਹਨਾਂ ਦੀ ਸਿੱਖਣ ਦੀ ਸਮਰੱਥਾ ਵਧਦੀ ਹੈ। ਇਹ ਗ੍ਰਾਂਟਾਂ ਸਕੂਲਾਂ ਨੂੰ ਬੱਚਿਆਂ ਵਿੱਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪੈਦਾ ਕਰਨ ਅਤੇ ਪੌਸ਼ਟਿਕ ਭੋਜਨ ਦੀ ਅਹਿਮੀਅਤ ਬਾਰੇ ਸਿਖਾਉਣ ਦਾ ਵਧੀਆ ਮੌਕਾ ਦਿੰਦੀਆਂ ਹਨ।
ਅਲਬਰਟਾ ਸਰਕਾਰ ਹੁਣ ਇਸ ਫੈਡਰਲ ਫੰਡਿੰਗ ਦੇ ਸਿੱਧੇ ਪ੍ਰਭਾਵਾਂ ਨੂੰ ਮਾਪਣ ਲਈ ਸਕੂਲ ਬੋਰਡਾਂ ਤੋਂ ਡੇਟਾ ਇਕੱਠਾ ਕਰ ਰਹੀ ਹੈ। ਇਸ ਸਬੰਧੀ ਅਗਲੀ ਵਿਸਥਾਰਤ ਰਿਪੋਰਟ 31 ਜਨਵਰੀ 2027 ਤੱਕ ਪੇਸ਼ ਕੀਤੀ ਜਾਣੀ ਹੈ, ਜਿਸ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਣੇ ਕਈ ਅਹਿਮ ਵੇਰਵੇ ਸ਼ਾਮਲ ਹੋਣਗੇ। ਬੱਚਿਆਂ ਅਤੇ ਨੌਜਵਾਨਾਂ ਦੇ ਮਾਮਲਿਆਂ ਦੀ ਸੈਕਟਰੀ ਆਫ਼ ਸਟੇਟ ਅੰਨਾ ਗੇਨੀ ਨੇ ਵੀ ਕਿਹਾ ਕਿ ਇਹ ਰਾਸ਼ਟਰੀ ਪ੍ਰੋਗਰਾਮ ਪਰਿਵਾਰਾਂ ਦੇ ਆਰਥਿਕ ਬੋਝ ਨੂੰ ਘੱਟ ਕਰਨ ਵਿੱਚ ਸਹਾਇਕ ਸਿੱਧ ਹੋ ਰਿਹਾ ਹੈ।
ਸਕੂਲਾਂ ਵਿੱਚ ਭੋਜਨ ਮੁਹੱਈਆ ਕਰਵਾਉਣ ਦੇ ਇਸ ਕਾਰਜ ਵਿੱਚ ਗੈਰ-ਲਾਭਕਾਰੀ ਸੰਸਥਾਵਾਂ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਸੂਬੇ ਵੱਲੋਂ ‘ਇਨੋਵੇਸ਼ਨ ਐਂਡ ਬੈਸਟ ਪ੍ਰੈਕਟਿਸਿਸ ਇਨ ਸਕੂਲ ਨਿਊਟ੍ਰੀਸ਼ਨ ਗ੍ਰਾਂਟ’ ਤਹਿਤ ਐਪਲ ਸਕੂਲਜ਼, ਫਾਰਮ ਟੂ ਕੈਫੇਟੇਰੀਆ ਕੈਨੇਡਾ ਅਤੇ ਬ੍ਰੇਕਫਾਸਟ ਕਲੱਬ ਆਫ਼ ਕੈਨੇਡਾ ਨੂੰ 500,000 ਡਾਲਰ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਹ ਸੰਸਥਾਵਾਂ ਸੂਬੇ ਭਰ ਦੇ ਸਫ਼ਲ ਮਾਡਲਾਂ ਦੀ ਸੂਚਨਾ ਇਕੱਠੀ ਕਰਕੇ ਅਗਲੇ ਸੈਸ਼ਨ ਵਿੱਚ ਸਕੂਲ ਬੋਰਡਾਂ ਨਾਲ ਸਾਂਝੀ ਕਰਨਗੀਆਂ। This report was written by Ekjot Singh as part of the Local Journalism Initiative.
ਸਕੂਲੀ ਬੱਚਿਆਂ ਲਈ ਫੈਡਰਲ ਅਤੇ ਸੂਬਾ ਸਰਕਾਰ ਦਾ ਸਾਂਝਾ ਉਪਰਾਲਾ, 17.6 ਮਿਲੀਅਨ ਡਾਲਰ ਤੋਂ ਵਧੇਰੇ ਦਾ ਫੰਡ ਜਾਰੀ

