ਵੈਨਕੂਵਰ (ਏਕਜੋਤ ਸਿੰਘ): ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਇੱਕ ਦਹਾਕੇ ਦੌਰਾਨ ਕੈਨੇਡਾ ਦੇ ਰੈਂਟਲ (ਕਿਰਾਏ) ਮਾਰਕੀਟ ਵਿੱਚ ਛੋਟੇ ਪੱਧਰ ਦੇ ਨਿਵੇਸ਼ਕਾਂ ਨੇ ਵੱਡੀਆਂ ਸੰਸਥਾਗਤ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਅਮਰੀਕਾ ਵਿੱਚ ਜਿੱਥੇ ਰੀਅਲ ਅਸਟੇਟ ਇਨਵੈਸਟਮੈਂਟ ਟ੍ਰਸਟਸ (REITs) ਵਰਗੀਆਂ ਵੱਡੀਆਂ ਕੰਪਨੀਆਂ ਵੱਲੋਂ ਰਿਹਾਇਸ਼ੀ ਬਜ਼ਾਰ ਦੇ ਇੱਕ ਵੱਡੇ ਹਿੱਸੇ ‘ਤੇ ਕਬਜ਼ਾ ਕਰਨ ਕਾਰਨ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਹੀ ਕੈਨੇਡਾ ਦੀ ਸਥਿਤੀ ਇਸ ਨਾਲੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨੋਵਾ ਸਕੋਸ਼ੀਆ ਨੂੰ ਛੱਡ ਕੇ ਦੇਸ਼ ਦੇ ਬਾਕੀ ਸਾਰੇ ਸੂਬਿਆਂ ਵਿੱਚ ਮੁਲਾਂਕਣ ਕੀਤੇ ਗਏ ਮੁੱਲ ਦੇ ਲਿਹਾਜ਼ ਨਾਲ ਨਿਵੇਸ਼ ਪ੍ਰਾਪਰਟੀਜ਼ ਵਿੱਚ ਸਭ ਤੋਂ ਵੱਡੀ ਹਿੱਸੇਦਾਰੀ ਆਮ ਵਿਅਕਤੀਗਤ ਛੋਟੇ ਨਿਵੇਸ਼ਕਾਂ ਦੀ ਹੈ। ਰਿਪੋਰਟ ਵਿੱਚ ‘ਛੋਟੇ ਨਿਵੇਸ਼ਕ’ ਦੀ ਪਰਿਭਾਸ਼ਾ ਅਜਿਹੇ ਵਿਅਕਤੀ ਵਜੋਂ ਕੀਤੀ ਗਈ ਹੈ ਜੋ ਵੱਧ ਤੋਂ ਵੱਧ 5 ਪ੍ਰਾਪਰਟੀਜ਼ ਦਾ ਮਾਲਕ ਹੈ। ਦੂਜੇ ਪਾਸੇ, ਸੰਸਥਾਗਤ ਨਿਵੇਸ਼ਕਾਂ ਦੀ ਸ਼੍ਰੇਣੀ ਵਿੱਚ ਚੋਟੀ ਦੇ 0.1 ਫ਼ੀਸਦੀ ਨਿਵੇਸ਼ਕ ਆਉਂਦੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਪੈਨਸ਼ਨ ਫੰਡ, ਪ੍ਰਾਈਵੇਟ ਫੰਡ ਅਤੇ ਵੱਡੇ ਪਰਿਵਾਰਕ ਕਾਰੋਬਾਰ ਸ਼ਾਮਲ ਹਨ।
ਸਾਲ 2021 ਤੱਕ ਦੇ ਅੰਕੜਿਆਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ 49.4 ਫ਼ੀਸਦੀ, ਓਨਟਾਰੀਓ ਵਿੱਚ 52.6 ਫ਼ੀਸਦੀ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿੱਚ 57.1 ਫ਼ੀਸਦੀ ਰੈਂਟਲ ਪ੍ਰਾਪਰਟੀਜ਼ ਦੇ ਮਾਲਕ ਇਹ ਛੋਟੇ ਨਿਵੇਸ਼ਕ ਹੀ ਸਨ। ਇਸਦੇ ਮੁਕਾਬਲੇ ਵੱਡੀਆਂ ਸੰਸਥਾਵਾਂ ਦੀ ਹਿੱਸੇਦਾਰੀ ਇਹਨਾਂ ਸੂਬਿਆਂ ਵਿੱਚ ਕ੍ਰਮਵਾਰ ਸਿਰਫ਼ 20.3 ਫ਼ੀਸਦੀ, 23.6 ਫ਼ੀਸਦੀ ਅਤੇ 16.6 ਫ਼ੀਸਦੀ ਦਰਜ ਕੀਤੀ ਗਈ ਸੀ। ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਵਿੱਚ ਕੰਡੋਮੀਨੀਅਮ ਅਪਾਰਟਮੈਂਟਸ ਦੀ ਵੱਡੀ ਗਿਣਤੀ ਕਾਰਨ ਆਮ ਲੋਕਾਂ ਲਈ ਇਸ ਖੇਤਰ ਵਿੱਚ ਨਿਵੇਸ਼ ਕਰਨਾ ਵਧੇਰੇ ਆਸਾਨ ਹੋਇਆ ਹੈ।
ਰੋਇਲ ਬੈਂਕ ਆਫ਼ ਕੈਨੇਡਾ ਦੀ ਅਰਥਸ਼ਾਸਤਰੀ ਰੇਚਲ ਬੈਟਾਗਲੀਆ ਨੇ ਕਿਹਾ ਕਿ ਮਾਰਕੀਟ ਵਿੱਚ ਕਿਸੇ ਇੱਕ ਧਿਰ ਦਾ ਦਬਦਬਾ ਨਾ ਹੋਣਾ ਇੱਕ ਸਕਾਰਾਤਮਕ ਸੰਕੇਤ ਹੈ, ਕਿਉਂਕਿ ਇਸ ਨਾਲ ਸਿਹਤਮੰਦ ਮੁਕਾਬਲੇਬਾਜ਼ੀ ਬਣੀ ਰਹਿੰਦੀ ਹੈ। ਹਾਲਾਂਕਿ, ਇਹ ਡੇਟਾ ਸਾਲ 2022 ਦਾ ਹੈ ਜਦੋਂ ਰੀਅਲ ਅਸਟੇਟ ਮਾਰਕੀਟ ਆਪਣੇ ਸਿਖਰ ‘ਤੇ ਸੀ। ਉਸ ਸਮੇਂ ਦੌਰਾਨ ਉੱਚ ਮੰਗ ਕਾਰਨ ਰੈਂਟਲ ਪ੍ਰੋਜੈਕਟਾਂ ਦੀ ਸਪਲਾਈ ਵੀ ਕਾਫੀ ਵਧੀ ਸੀ, ਜਿਸ ਕਾਰਨ ਹੁਣ ਸ਼ਹਿਰਾਂ ਵਿੱਚ ਕਿਰਾਏ ਦੀਆਂ ਦਰਾਂ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ। ਜੂਨ ਮਹੀਨੇ ਦੌਰਾਨ ਕੈਨੇਡਾ ਵਿੱਚ ਔਸਤਨ ਕਿਰਾਇਆ 4.3 ਫ਼ੀਸਦੀ ਘਟ ਕੇ 2033 ਡਾਲਰ ਰਹਿ ਗਿਆ ਹੈ। ਯੂਨੀਵਰਸਿਟੀ ਆਫ਼ ਟੋਰਾਂਟੋ ਦੀ ਖੋਜਕਰਤਾ ਕੈਰੋਲਿਨ ਵ੍ਹਾਈਟਜ਼ਮੈਨ ਮੁਤਾਬਕ ਹਾਊਸਿੰਗ ਸੰਕਟ ਨੂੰ ਹੱਲ ਕਰਨ ਲਈ ਸਰਕਾਰਾਂ ਅਤੇ ਗੈਰ-ਲਾਭਕਾਰੀ ਸੰਸਥਾਵਾਂ ਨੂੰ ਸਸਤੇ ਵਿੱਤੀ ਪ੍ਰਬੰਧਾਂ ਰਾਹੀਂ ਮਕਾਨਾਂ ਦੀ ਸਪਲਾਈ ਹੋਰ ਤੇਜ਼ੀ ਨਾਲ ਵਧਾਉਣ ਦੀ ਲੋੜ ਹੈ। This report was written by Ekjot Singh as part of the Local Journalism Initiative.
ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਵਿੱਚ ਅੱਧੇ ਤੋਂ ਵੱਧ ਪ੍ਰਾਪਰਟੀਜ਼ ਦੇ ਮਾਲਕ ਆਮ ਲੋਕ : ਸਟੈਟਿਸਟਿਕਸ ਕੈਨੇਡਾ

