18.2 C
Vancouver
Thursday, August 13, 2026

ਬੀਸੀ ਦੇ ਖਾਲੀ ਕੰਡੋ ਖਰੀਦਣ ਦੀ ਯੋਜਨਾ ਦੀ ਨਹੀਂ ਹੋਵੇਗੀ ਜਾਂਚ, ਫੈਡਰਲ ਸਰਕਾਰ ਦਾ ਸਾਫ਼ ਇਨਕਾਰ

ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਦੀ ਫੈਡਰਲ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਦੀ ਵਿਵਾਦਤ ‘ਖਾਲੀ ਕੰਡੋ ਬਾਇਆਊਟ’ ਯੋਜਨਾ ਨਾਲ ਸਬੰਧਤ ਫੈਸਲਿਆਂ ਦੀ ਕੋਈ ਵੀ ਅਧਿਕਾਰਤ ਜਾਂਚ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮੰਗਲਵਾਰ ਨੂੰ ਕਾਮਨਜ਼ ਐਥਿਕਸ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਕੁਝ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਜ਼ੋਰਦਾਰ ਮੰਗ ਉਠਾਈ ਸੀ, ਪਰ ਸੱਤਾਧਾਰੀ ਧਿਰ ਵੱਲੋਂ ਉਨ੍ਹਾਂ ਦੀ ਇਸ ਮੰਗ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਗਿਆ। ਕੰਜ਼ਰਵੇਟਿਵ ਪਾਰਟੀ ਇਸ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਮੰਤਰੀਆਂ ਅਤੇ ਡਿਵੈਲਪਰਾਂ ਨੂੰ ਤਲਬ ਕਰਨਾ ਚਾਹੁੰਦੀ ਸੀ।
ਹਾਲਾਂਕਿ, ਲਿਬਰਲ ਮੈਂਬਰਾਂ ਨੇ ਕਮੇਟੀ ਵਿੱਚ ਆਪਣੇ ਬਹੁਮਤ ਦੀ ਵਰਤੋਂ ਕਰਦਿਆਂ ਇਸ ਮਾਮਲੇ ਨੂੰ ਉੱਥੇ ਹੀ ਦਬਾ ਦਿੱਤਾ। ਮਿਸੀਸਾਗਾ-ਸੈਂਟਰ ਤੋਂ ਲਿਬਰਲ ਐਮਪੀ ਫਾਰੇਸ ਅਲ ਸੌਦ ਨੇ ਮੀਟਿੰਗ ਵਿੱਚ ਕਿਹਾ ਕਿ ਕੈਨੇਡੀਅਨ ਲੋਕ ਸੂਝਵਾਨ ਹਨ ਅਤੇ ਉਹ ਤੱਥਾਂ ਦੇ ਆਧਾਰ ‘ਤੇ ਆਪਣਾ ਮਨ ਖੁਦ ਬਣਾ ਲੈਣਗੇ। ਇਸ ਟਿੱਪਣੀ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਬਹਿਸ ਨੂੰ ਮੁਲਤਵੀ ਕਰਨ ਦਾ ਮਤਾ ਪੇਸ਼ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ 1.4 ਬਿਲੀਅਨ ਡਾਲਰ ਦੀ ਯੋਜਨਾ ਤਹਿਤ ਬਿਲਡ ਕੈਨੇਡਾ ਹੋਮਜ਼ ਅਤੇ ਬੀਸੀ ਹਾਊਸਿੰਗ ਵੱਲੋਂ ਸਿਟੀ ਆਫ਼ ਵੈਨਕੂਵਰ ਦੇ ਬਾਹਰ 2200 ਅਣਵਿਕੇ ਕੰਡੋ ਖਰੀਦੇ ਜਾਣੇ ਹਨ ਅਤੇ ਉਨ੍ਹਾਂ ਨੂੰ ਰੈਂਟ-ਟੂ-ਬਾਏ ਸਕੀਮ ਤਹਿਤ ਪੇਸ਼ ਕੀਤਾ ਜਾਣਾ ਹੈ। ਇਸ ਯੋਜਨਾ ਦੇ ਆਲੋਚਕਾਂ ਨੇ ਇਸਨੂੰ ਸਿੱਧੇ ਤੌਰ ‘ਤੇ ਡਿਵੈਲਪਰਾਂ ਲਈ ਇੱਕ ਵਿੱਤੀ ਬੇਲਆਊਟ ਕਰਾਰ ਦਿੱਤਾ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਿਟੀ ਪ੍ਰੋਗਰਾਮ ਨਾਲ ਜੁੜੇ ਐਂਡੀ ਯਾਨ ਨੇ ਵੀ ਕਿਹਾ ਕਿ ਲੋਕਾਂ ਨੂੰ ਇਸ ਪੂਰੀ ਯੋਜਨਾ ਅਤੇ ਨੀਤੀਗਤ ਢਾਂਚੇ ਬਾਰੇ ਸਪੱਸ਼ਟ ਜਾਣਕਾਰੀ ਮਿਲਣੀ ਚਾਹੀਦੀ ਹੈ। ਦੂਜੇ ਪਾਸੇ ਓਟਾਵਾ ਵਿੱਚ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ‘ਤੇ ਪਾਰਦਰਸ਼ਤਾ ਲਈ ਦਬਾਅ ਪਾਉਂਦੇ ਰਹਿਣਗੇ। ਨੌਰਥ ਆਈਲੈਂਡ-ਪਾਵੇਲ ਰਿਵਰ ਤੋਂ ਕੰਜ਼ਰਵੇਟਿਵ ਐਮਪੀ ਆਰੋਨ ਗਨ ਨੇ ਕਿਹਾ ਕਿ ਜੇਕਰ ਲਿਬਰਲਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਜਾਂਚ ਤੋਂ ਨਹੀਂ ਡਰਨਾ ਚਾਹੀਦਾ ਕਿ ਇਹ ਆਈਡੀਆ ਕਿੱਥੋਂ ਆਇਆ ਅਤੇ ਇਸਦਾ ਅਸਲ ਫਾਇਦਾ ਕਿਸਨੂੰ ਹੋਵੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ