18.2 C
Vancouver
Thursday, August 13, 2026

ਬਿਜਲੀ ਦੀ ਬਚਤ ਲਈ ਬੀਸੀ ਸਰਕਾਰ ਦਾ 1 ਬਿਲੀਅਨ ਡਾਲਰ ਦਾ ਨਿਵੇਸ਼, ਪਾਵਰਸਮਾਰਟ 2.0 ਪ੍ਰੋਗਰਾਮ ਦਾ ਹੋਵੇਗਾ ਆਗਾਜ਼

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਬੀਸੀ ਹਾਈਡਰੋ ਦੇ ਉਹਨਾਂ ਗਾਹਕਾਂ ਲਈ ਇੱਕ ਨਵੀਂ ਅਤੇ ਅਹਿਮ ਯੋਜਨਾ ਦੇ ਵੇਰਵੇ ਜਾਰੀ ਕੀਤੇ ਹਨ ਜੋ ਆਪਣੇ ਘਰਾਂ ਵਿੱਚ ਇਲੈਕਟ੍ਰਿਕ ਬੇਸਬੋਰਡ ਹੀਟਰਾਂ ਦੀ ਵਰਤੋਂ ਕਰਦੇ ਹਨ। ਇਸ ਯੋਜਨਾ ਤਹਿਤ ਯੋਗ ਗਾਹਕਾਂ ਨੂੰ ਮੁਫ਼ਤ ਵਿੱਚ ਸਮਾਰਟ ਥਰਮੋਸਟੈਟ ਮੁਹੱਈਆ ਕਰਵਾਏ ਜਾਣਗੇ। ਊਰਜਾ ਅਤੇ ਜਲਵਾਯੂ ਹੱਲ ਮੰਤਰੀ ਐਡਰੀਅਨ ਡਿਕਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਸੀ ਹਾਈਡਰੋ ਨੇ ਇਸ ਤਕਨਾਲੋਜੀ ਦੀ ਸਪਲਾਈ ਲਈ ਕੈਨੇਡਾ ਦੀਆਂ ਦੋ ਪ੍ਰਮੁੱਖ ਕੰਪਨੀਆਂ ਨਾਲ ਅਧਿਕਾਰਤ ਸਮਝੌਤੇ ਸਹੀਬੰਦ ਕੀਤੇ ਹਨ।
ਇਸ ਯੋਜਨਾ ਦੇ ਨਿਯਮਾਂ ਅਨੁਸਾਰ, ਘਰਾਂ ਦੇ ਮਾਲਕ ਅਕਤੂਬਰ ਮਹੀਨੇ ਵਿੱਚ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਬਾਅਦ ਕੰਪਨੀਆਂ ਦੀਆਂ ਅਧਿਕਾਰਤ ਵੈੱਬਸਾਈਟਾਂ ਰਾਹੀਂ 5 ਨਵੇਂ ਸਮਾਰਟ ਥਰਮੋਸਟੈਟ ਆਰਡਰ ਕਰ ਸਕਣਗੇ। ਇਹਨਾਂ ਡਿਵਾਈਸਾਂ ਦੀ ਡਿਲਿਵਰੀ ਬਿਲਕੁਲ ਮੁਫ਼ਤ ਹੋਵੇਗੀ। ਇਸ ਤੋਂ ਇਲਾਵਾ, ਇਹ ਸਾਰੇ ਉਪਕਰਣ ਪਹਿਲਾਂ ਤੋਂ ਹੀ ਬੀਸੀ ਹਾਈਡਰੋ ਦੇ ‘ਪੀਕ ਸੇਵਰ’ ਪ੍ਰੋਗਰਾਮ ਨਾਲ ਜੁੜੇ ਹੋਣਗੇ। ਇਸ ਪ੍ਰੋਗਰਾਮ ਤਹਿਤ, ਬਿਜਲੀ ਦੀ ਸਭ ਤੋਂ ਵੱਧ ਵਰਤੋਂ ਵਾਲੇ ਘੰਟਿਆਂ (ਪੀਕ ਆਵਰਜ਼) ਦੌਰਾਨ ਬਿਜਲੀ ਦੀ ਖਪਤ ਘਟਾਉਣ ਦੇ ਬਦਲੇ ਗਾਹਕਾਂ ਦੀ ਆਮਦਨ ਦੇ ਆਧਾਰ ‘ਤੇ 50 ਡਾਲਰ ਜਾਂ 100 ਡਾਲਰ ਤੱਕ ਦੀ ਵਿੱਤੀ ਰਾਹਤ (ਰਿਬੇਟ) ਦਿੱਤੀ ਜਾਂਦੀ ਹੈ।
ਮਾਰਕੀਟ ਵਿੱਚ ਇੱਕ ਸਮਾਰਟ ਥਰਮੋਸਟੈਟ ਦੀ ਕੀਮਤ ਲਗਭਗ 350 ਡਾਲਰ ਦੇ ਕਰੀਬ ਹੈ, ਅਤੇ ਇਸਦਾ ਪੂਰਾ ਖਰਚਾ ਬੀਸੀ ਹਾਈਡਰੋ ਵੱਲੋਂ ਊਰਜਾ ਕੁਸ਼ਲਤਾ ਦੇ ਖੇਤਰ ਵਿੱਚ ਕੀਤੇ ਜਾ ਰਹੇ 1 ਬਿਲੀਅਨ ਡਾਲਰ ਦੇ ਤਿੰਨ ਸਾਲਾ ਨਿਵੇਸ਼ ਵਿੱਚੋਂ ਕੀਤਾ ਜਾ ਰਿਹਾ ਹੈ। ਇਸ ਸਮੁੱਚੀ ਯੋਜਨਾ ਨੂੰ ‘ਪਾਵਰਸਮਾਰਟ 2.0’ ਦਾ ਨਾਮ ਦਿੱਤਾ ਗਿਆ ਹੈ। ਇਸਦਾ ਮੁੱਖ ਟੀਚਾ ਸਲਾਨਾ 2200 ਗੀਗਾਵਾਟ-ਘੰਟੇ ਬਿਜਲੀ ਦੀ ਬਚਤ ਕਰਨਾ ਹੈ, ਜੋ ਕਿ ਲਗਭਗ 220,000 ਘਰਾਂ ਦੁਆਰਾ ਵਰਤੀ ਜਾਣ ਵਾਲੀ ਕੁੱਲ ਬਿਜਲੀ ਦੇ ਬਰਾਬਰ ਹੈ।
ਸੂਬੇ ਵਿੱਚ ਲਗਾਤਾਰ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਇਹ ਇੱਕ ਅਹਿਮ ਹਿੱਸਾ ਹੈ। ਇਸ ਤਹਿਤ ਮੌਜੂਦਾ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਨਵੇਂ ਕਲੀਨ ਐਨਰਜੀ (ਸਾਫ਼ ਊਰਜਾ) ਪ੍ਰੋਜੈਕਟਾਂ ਦੇ ਨਿਰਮਾਣ ਰਾਹੀਂ ਗਰਿੱਡ ਦੀ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ। ਮੰਤਰੀ ਡਿਕਸ ਨੇ ਜ਼ੋਰ ਦੇ ਕੇ ਕਿਹਾ ਕਿ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਊਰਜਾ ਦੀ ਬਚਤ ਕਰਨਾ ਸਭ ਤੋਂ ਆਸਾਨ, ਤੇਜ਼ ਅਤੇ ਸਭ ਤੋਂ ਕਿਫ਼ਾਇਤੀ ਤਰੀਕਾ ਹੈ।
ਘਰਾਂ ਵਿੱਚ ਇਲੈਕਟ੍ਰਿਕ ਬੇਸਬੋਰਡ ਹੀਟਰਾਂ ਦੀ ਵਰਤੋਂ ਕਰਨ ਵਾਲੇ ਉਪਭੋਗਤਾ ਹੁਣ ਬੀਸੀ ਹਾਈਡਰੋ ਦੀ ਵੈੱਬਸਾਈਟ ‘ਤੇ ਜਾ ਕੇ ਆਪਣੀ ਯੋਗਤਾ ਦੀ ਜਾਂਚ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹ ਉੱਥੇ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤਾਂ ਜੋ ਪਤਝੜ ਦੇ ਮੌਸਮ ਵਿੱਚ ਇਹਨਾਂ ਥਰਮੋਸਟੈਟਾਂ ਦੀ ਉਪਲਬਧਤਾ ਹੁੰਦੇ ਹੀ ਉਹਨਾਂ ਨੂੰ ਸੂਚਿਤ ਕੀਤਾ ਜਾ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ