18.2 C
Vancouver
Thursday, August 13, 2026

ਨਾਟੋ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਐਲਾਨ, ਦੇਸ਼ ਦੀ ਸੁਰੱਖਿਆ ਪ੍ਰਣਾਲੀ ਹੋਵੇਗੀ ਹੋਰ ਮਜ਼ਬੂਤ

ਵੈਨਕੂਵਰ (ਏਕਜੋਤ ਸਿੰਘ): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਤੁਰਕੀ ਵਿੱਚ ਆਯੋਜਿਤ ਨਾਟੋ ਸੰਮੇਲਨ ਦੇ ਆਖਰੀ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੱਖਿਆ ਖਰਚਿਆਂ ਬਾਰੇ ਦਲੀਲ ਜਿੱਤਣ ਤੋਂ ਬਾਅਦ ਹੁਣ ਨਾਟੋ ਦੇਸ਼ ਆਪਣੀਆਂ ਫੌਜਾਂ ਨੂੰ ਮਜ਼ਬੂਤ ਕਰ ਰਹੇ ਹਨ। ਟਰੰਪ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਨ ਕਿ ਸਹਿਯੋਗੀ ਦੇਸ਼ ਰੱਖਿਆ ‘ਤੇ ਲੋੜੀਂਦਾ ਖਰਚਾ ਨਹੀਂ ਕਰਦੇ ਅਤੇ ਅਮਰੀਕਾ ਨੇ ਨਾਟੋ ਦੇ ਰੱਖਿਆ ਖਰਚੇ ਦਾ ਭਾਰੀ ਬੋਝ ਚੁੱਕਿਆ ਹੋਇਆ ਹੈ।
ਕਾਰਨੀ ਨੇ ਸਪੱਸ਼ਟ ਕੀਤਾ ਕਿ ਟਰੰਪ ਇਸ ਬੋਝ ਨੂੰ ਦੂਜੇ ਦੇਸ਼ਾਂ ‘ਤੇ ਤਬਦੀਲ ਕਰਨਾ ਚਾਹੁੰਦੇ ਹਨ, ਜਿਸ ਤਰ੍ਹਾਂ ਦੀ ਕੋਸ਼ਿਸ਼ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਹੁਣ ਦੇਸ਼ਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਸਿੱਧੇ ਖਤਰਿਆਂ ਨੂੰ ਦੇਖ ਰਹੇ ਹਨ। ਪ੍ਰਧਾਨ ਮੰਤਰੀ ਮੁਤਾਬਕ ਹਾਈਪਰਸੋਨਿਕ ਮਿਜ਼ਾਈਲਾਂ ਤੋਂ ਲੈ ਕੇ ਆਟੋਨੋਮਸ ਯੁੱਧ ਤੱਕ ਫੌਜੀ ਤਕਨਾਲੋਜੀ ਵਿੱਚ ਆਏ ਬਦਲਾਅ ਕਾਰਨ ਵਿਸ਼ਵਵਿਆਪੀ ਸੁਰੱਖਿਆ ਖਤਰੇ ਤੇਜ਼ੀ ਨਾਲ ਬਦਲ ਰਹੇ ਹਨ। ਕਾਰਨੀ ਨੇ ਐਤਵਾਰ ਨੂੰ ਟਰੰਪ ਨਾਲ ਗੱਲਬਾਤ ਕੀਤੀ ਸੀ ਅਤੇ ਦੱਸਿਆ ਕਿ ਰਾਸ਼ਟਰਪਤੀ ਨਾਟੋ ਨੇਤਾਵਾਂ ਲਈ ਰੱਖੇ ਗਏ ਡਿਨਰ ਦੌਰਾਨ ਚੰਗੇ ਮੂਡ ਵਿੱਚ ਸਨ।
ਹਾਲਾਂਕਿ ਸੰਮੇਲਨ ਦੌਰਾਨ ਟਰੰਪ ਨੇ ਨਾਟੋ ਸਕੱਤਰ ਜਨਰਲ ਮਾਰਕ ਰੁੱਟੇ ਨਾਲ ਗੱਲਬਾਤ ਕਰਦਿਆਂ ਸਪੇਨ ਨਾਲ ਵਪਾਰ ਖਤਮ ਕਰਨ ਦੀ ਧਮਕੀ ਦਿੱਤੀ ਅਤੇ ਈਰਾਨ ਦੇ ਮੁੱਦੇ ‘ਤੇ ਗੱਲ ਕੀਤੀ। ਇਸ ਸੰਮੇਲਨ ਦੌਰਾਨ ਕਈ ਸਹਿਯੋਗੀ ਦੇਸ਼ਾਂ ਨੇ ਅਰਬਾਂ ਡਾਲਰ ਦੇ ਨਵੇਂ ਫੌਜੀ ਖਰਚਿਆਂ ਦਾ ਐਲਾਨ ਕੀਤਾ ਹੈ। ਇਸੇ ਕੜੀ ਤਹਿਤ ਪ੍ਰਧਾਨ ਮੰਤਰੀ ਕਾਰਨੀ ਨੇ ਤੁਰਕੀ ਪਹੁੰਚਣ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਕੈਨੇਡਾ ਦੀ ਅਗਲੀ ਪਣਡੁੱਬੀ ਫਲੀਟ ਲਈ ਜਰਮਨ ਨਿਰਮਾਤਾ ਕੰਪਨੀ ਟੀਕੇਐਮਐਸ (TKMS) ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾਵੇਗੀ।
ਇਹ ਭਾਰੀ ਕੰਟਰੈਕਟ ਕੈਨੇਡਾ ਦੇ ਫੌਜੀ ਖਰਚਿਆਂ ਵਿੱਚ ਅਹਿਮ ਵਾਧਾ ਕਰੇਗਾ, ਜਿਸ ਨਾਲ ਨਾਟੋ ਸਹਿਯੋਗੀਆਂ ਸਾਹਮਣੇ ਕੈਨੇਡਾ ਦਾ ਪੱਖ ਮਜ਼ਬੂਤ ਹੋਵੇਗਾ। ਜਰਮਨ-ਨਾਰਵੇਜਿਅਨ ਬੋਲੀ ਨੇ ਦੱਖਣੀ ਕੋਰੀਆ ਦੀ ਕੰਪਨੀ ਹਾਨਵਾ (Hanwha) ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕੀਤਾ ਹੈ, ਹਾਲਾਂਕਿ ਜੇਕਰ ਟੀਕੇਐਮਐਸ ਨਾਲ ਗੱਲਬਾਤ ਅਸਫਲ ਰਹਿੰਦੀ ਹੈ ਤਾਂ ਹਾਨਵਾ ਅਜੇ ਵੀ ਕੰਟਰੈਕਟ ਜਿੱਤ ਸਕਦੀ ਹੈ। ਕਾਰਨੀ ਨੇ ਕਿਹਾ ਕਿ ਉਨ੍ਹਾਂ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੂੰਗ ਨਾਲ ਏਆਈ ਅਤੇ ਤਕਨਾਲੋਜੀ ਦੇ ਖਤਰਿਆਂ ਬਾਰੇ ਸਾਰਥਕ ਗੱਲਬਾਤ ਕੀਤੀ ਹੈ ਅਤੇ ਦੋਵੇਂ ਦੇਸ਼ ਰਣਨੀਤਕ ਤੌਰ ‘ਤੇ ਮਿਲ ਕੇ ਕੰਮ ਕਰਦੇ ਰਹਿਣਗੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ