ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਬਹੁ-ਚਰਚਿਤ ਜਾਰਜ ਮੈਸੀ ਟਨਲ ਰਿਪਲੇਸਮੈਂਟ ਪ੍ਰੋਜੈਕਟ ਨੂੰ ਲੈ ਕੇ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਇਸ ਪੂਰੇ ਪ੍ਰੋਜੈਕਟ ਦਾ ਬਜਟ ਹੁਣ ਦੁੱਗਣੇ ਤੋਂ ਵੀ ਵੱਧ ਹੋ ਕੇ 8.5 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਸ਼ੁਰੂਆਤੀ ਦੌਰ ਵਿੱਚ ਇਸਦੀ ਲਾਗਤ ਦਾ ਅਨੁਮਾਨ 4.15 ਬਿਲੀਅਨ ਡਾਲਰ ਲਗਾਇਆ ਗਿਆ ਸੀ। ਬਜਟ ਵਧਣ ਦੇ ਨਾਲ-ਨਾਲ ਪ੍ਰੋਜੈਕਟ ਦੇ ਮੁਕੰਮਲ ਹੋਣ ਦੀ ਤਰੀਕ ਵੀ ਅੱਗੇ ਵਧਾ ਦਿੱਤੀ ਗਈ ਹੈ, ਜੋ ਹੁਣ ਦਸੰਬਰ 2030 ਦੀ ਬਜਾਏ ਸਤੰਬਰ 2031 ਮਿੱਥੀ ਗਈ ਹੈ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਜ਼ਮੀਨੀ ਪੱਧਰ ‘ਤੇ ਨਿਰਮਾਣ ਕਾਰਜ ਅਗਲੇ ਸਾਲ ਸ਼ੁਰੂ ਹੋਣ ਦੀ ਪੂਰੀ ਉਮੀਦ ਹੈ। ਸੂਬੇ ਦੇ ਟਰਾਂਸਪੋਰਟੇਸ਼ਨ ਅਤੇ ਟਰਾਂਜ਼ਿਟ ਮੰਤਰੀ ਮਾਈਕ ਫਾਰਨਵਰਥ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਵੀਂ ਟੋਲ-ਫ੍ਰੀ ਅਤੇ ਅੱਠ ਲੇਨ ਵਾਲੀ ਸੁਰੰਗ ਦੇ ਨਿਰਮਾਣ ਲਈ ਫੈਡਰਲ ਸਰਕਾਰ ਵੱਲੋਂ ਪੂੰਜੀਗਤ ਖਰਚਿਆਂ ਵਜੋਂ 3 ਬਿਲੀਅਨ ਡਾਲਰ ਤੱਕ ਦਾ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ੁਰੂਆਤੀ ਅੰਦਾਜ਼ਾ ਸਾਲ 2021 ਦੇ ਕਾਰੋਬਾਰੀ ਢਾਂਚੇ ਮੁਤਾਬਕ ਲਗਾਇਆ ਗਿਆ ਸੀ, ਪਰ ਡਿਜ਼ਾਈਨ ਪ੍ਰਕਿਰਿਆ ਦੌਰਾਨ ਇਨ੍ਹਾਂ ਅੰਕੜਿਆਂ ਵਿੱਚ ਸੁਧਾਰ ਹੋਣਾ ਸੁਭਾਵਿਕ ਸੀ। ਮੰਤਰੀ ਨੇ ਕਿਹਾ ਕਿ 8.5 ਬਿਲੀਅਨ ਡਾਲਰ ਦੀ ਲਾਗਤ ਤੱਕ ਪਹੁੰਚਣ ਤੋਂ ਪਹਿਲਾਂ ਡਿਜ਼ਾਈਨ ਅਤੇ ਸਮੁੰਦਰੀ ਨਿਰਮਾਣ ਦੇ ਮਾਹਰਾਂ ਨਾਲ ਪੂਰੀ ਸਲਾਹ-ਮਸ਼ਵਰਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਵਿੱਚ ਸੂਬਾ ਸਰਕਾਰ ਨੇ ਦੱਸਿਆ ਸੀ ਕਿ ਉਹ ਆਪਣੇ ਅਸਲ ਠੇਕੇਦਾਰ ‘ਕਰਾਸ ਫਰੇਜ਼ਰ ਪਾਰਟਨਰਸ਼ਿਪ’ ਨਾਲ ਕਿਸੇ ਸਮਝੌਤੇ ‘ਤੇ ਨਹੀਂ ਪਹੁੰਚ ਸਕੇ ਸਨ, ਜਿਸ ਕਾਰਨ ਇਸ ਵਿਸ਼ਾਲ ਪ੍ਰੋਜੈਕਟ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਕੇ ਸਥਾਨਕ ਕੰਪਨੀਆਂ ਨੂੰ ਬੋਲੀ ਲਗਾਉਣ ਦਾ ਮੌਕਾ ਦਿੱਤਾ ਗਿਆ ਸੀ। ਇਸ ਖਰੀਦ ਮਾਡਲ ਵਿੱਚ ਬਦਲਾਅ ਆਉਣ ਦੇ ਬਾਵਜੂਦ ਮੰਤਰੀ ਫਾਰਨਵਰਥ ਦਾ ਕਹਿਣਾ ਹੈ ਕਿ ਨਿਰਮਾਣ ਕਾਰਜਾਂ ਦੀ ਰਫਤਾਰ ਵਿੱਚ ਕੋਈ ਕਮੀ ਨਹੀਂ ਆਈ ਹੈ ਅਤੇ ਸੁਰੰਗ ਦਾ ਮੂਲ ਡਿਜ਼ਾਈਨ ਬਿਲਕੁਲ ਪਹਿਲਾਂ ਵਾਂਗ ਹੀ ਬਰਕਰਾਰ ਰਹੇਗਾ।

