ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਜੰਗਲੀ ਅੱਗ ਦੇ ਧੂੰਏਂ ਕਾਰਨ ਸਥਾਨਕ ਲੋਕਾਂ ਲਈ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਬੋਸਟਨ ਬਾਰ ਖੇਤਰ ਵਿੱਚ ਲੱਗੀ ਦੋ ਭਿਆਨਕ ਜੰਗਲੀ ਅੱਗਾਂ ਤੋਂ ਉੱਡ ਕੇ ਆ ਰਹੇ ਸੰਘਣੇ ਧੂੰਏਂ ਕਾਰਨ ਪੂਰੇ ਖੇਤਰ ਵਿੱਚ ਹਵਾ ਦੀ ਗੁਣਵੱਤਾ ਵਿਗੜ ਗਈ ਹੈ, ਜਿਸਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਏਅਰ ਕੁਆਲਿਟੀ ਅਲਰਟ ਲਾਗੂ ਰੱਖਿਆ ਗਿਆ ਹੈ।
ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਾ ਹੈ। ਐਨਵਾਇਰਮੈਂਟ ਕੈਨੇਡਾ ਨੇ ਸਥਿਤੀ ਨੂੰ ਗੰਭੀਰ ਦੱਸਦਿਆਂ ਚਿਤਾਵਨੀ ਦਿੱਤੀ ਹੈ ਕਿ ਥੋੜ੍ਹੀ ਦੂਰੀ ‘ਤੇ ਵੀ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਸਕਦੇ ਹਨ ਅਤੇ ਹਰ ਘੰਟੇ ਹਵਾ ਦੀ ਗੁਣਵੱਤਾ ਵਿੱਚ ਭਾਰੀ ਬਦਲਾਅ ਆ ਸਕਦਾ ਹੈ। ਮੌਸਮ ਵਿਭਾਗ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਬਾਹਰ ਜਾ ਕੇ ਕੀਤੀਆਂ ਜਾਣ ਵਾਲੀਆਂ ਭਾਰੀ ਸਰੀਰਕ ਗਤੀਵਿਧੀਆਂ ਨੂੰ ਤੁਰੰਤ ਘਟਾ ਦੇਣ।
ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਉਹ ਘਰ ਦੇ ਅੰਦਰ ਹੋਣ ਤਾਂ ਆਪਣੇ ਦਰਵਾਜ਼ੇ ਅਤੇ ਖਿੜਕੀਆਂ ਪੂਰੀ ਤਰ੍ਹਾਂ ਬੰਦ ਰੱਖਣ ਤਾਂ ਜੋ ਧੂੰਆਂ ਅੰਦਰ ਦਾਖਲ ਨਾ ਹੋ ਸਕੇ। ਸਿਹਤ ਮਾਹਰਾਂ ਨੇ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਤਾਕੀਦ ਕੀਤੀ ਹੈ ਜੋ ਪਹਿਲਾਂ ਹੀ ਫੇਫੜਿਆਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਇਸ ਤੋਂ ਇਲਾਵਾ ਨਵਜੰਮੇ ਬੱਚਿਆਂ, ਛੋਟੇ ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਇਸ ਦੂਸ਼ਿਤ ਹਵਾ ਤੋਂ ਬਚਣ ਲਈ ਵਾਧੂ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਇਹ ਧੂੰਆਂ ਉਨ੍ਹਾਂ ਦੀ ਸਿਹਤ ‘ਤੇ ਗੰਭੀਰ ਅਸਰ ਪਾ ਸਕਦਾ ਹੈ। This report was written by Ekjot Singh as part of the Local Journalism Initiative.
ਕੈਮਲੂਪਸ ਖੇਤਰ ਵਿੱਚ ਜੰਗਲੀ ਅੱਗ ਦੇ ਧੂੰਏਂ ਕਾਰਨ ਸਾਹ ਲੈਣਾ ਹੋਇਆ ਔਖਾ, ਏਅਰ ਕੁਆਲਿਟੀ ਅਲਰਟ ਜਾਰੀ

