ਵੈਨਕੂਵਰ (ਏਕਜੋਤ ਸਿੰਘ): ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਸ਼ਹਿਰ ਦੀ ਨੁਹਾਰ ਬਦਲਣ ਵਾਲੇ ਇੱਕ ਵੱਡੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਸ਼ਹਿਰ ਵਿੱਚ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਦੇ ਨਿਰਮਾਣ ਲਈ ਇੱਕ ਸਿਧਾਂਤਕ ਸਮਝੌਤੇ ‘ਤੇ ਸਹਿਮਤੀ ਬਣ ਗਈ ਹੈ। ਇਸ ਨਵੇਂ ਅਤੇ ਆਧੁਨਿਕ ਖੇਡ ਸਟੇਡੀਅਮ ਵਿੱਚ ਮਸ਼ਹੂਰ ਆਈਸ ਹਾਕੀ ਟੀਮ ਵੈਨਕੂਵਰ ਜਾਇੰਟਸ ਮੁੱਖ ਕਿਰਾਏਦਾਰ (ਐਂਕਰ ਟੈਨੈਂਟ) ਵਜੋਂ ਸ਼ਾਮਲ ਹੋਵੇਗੀ, ਜੋ ਇਸ ਸਥਾਨ ਨੂੰ ਆਪਣੇ ਨਵੇਂ ਘਰੇਲੂ ਮੈਦਾਨ ਵਜੋਂ ਵਰਤਣਗੇ।
ਇਸ ਇਤਿਹਾਸਕ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਮੇਅਰ ਬਰੈਂਡਾ ਲੌਕ ਨੇ ਦੱਸਿਆ ਕਿ ਸਰੀ ਵਿੱਚ ਹੋ ਰਹੀਆਂ ਵੱਡੀਆਂ ਤਰੱਕੀਆਂ ਦੀ ਇਹ ਇੱਕ ਬਿਹਤਰੀਨ ਮਿਸਾਲ ਹੈ। ਇਸ ਪੱਧਰ ਦਾ ਨਵਾਂ ਐਰੀਨਾ ਬਣਨ ਨਾਲ ਸ਼ਹਿਰ ਵਿੱਚ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ ਅਤੇ ਸਥਾਨਕ ਆਰਥਿਕ ਵਿਕਾਸ ਨੂੰ ਭਰਪੂਰ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਸ਼ਹਿਰ ਵਿੱਚ ਵੱਡੀਆਂ ਕਾਨਫ਼ਰੰਸਾਂ, ਖੇਡਾਂ, ਕਲਾ ਅਤੇ ਮਨੋਰੰਜਨ ਦੇ ਸਮਾਗਮਾਂ ਦੀ ਸਮਰੱਥਾ ਵਿੱਚ ਵੀ ਭਾਰੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰੀ ਪਹਿਲਾਂ ਹੀ ਖੇਤਰ ਦੀ ਆਰਥਿਕ ਤਾਕਤ ਹੈ ਅਤੇ ਇਹ ਪ੍ਰੋਜੈਕਟ ਇਸ ਨੂੰ ਵਿਸ਼ਵ ਪੱਧਰੀ ਸ਼ਹਿਰਾਂ ਦੀ ਕਤਾਰ ਵਿੱਚ ਖੜ੍ਹਾ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਸਾਬਤ ਹੋਵੇਗਾ।
ਇਹ ਨਵਾਂ ਐਰੀਨਾ ਕੰਪਲੈਕਸ ਸਰੀ ਵਿੱਚ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਦਾ ਇੱਕ ਮੁੱਖ ਕੇਂਦਰ ਬਣ ਕੇ ਉੱਭਰੇਗਾ, ਜਿੱਥੇ ਵੱਡੇ ਸੰਗੀਤ ਸਮਾਰੋਹ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਕਰਵਾਏ ਜਾ ਸਕਣਗੇ। ਵੈਨਕੂਵਰ ਜਾਇੰਟਸ ਦੇ ਬਹੁਮੱਤ ਮਾਲਕ ਅਤੇ ਪ੍ਰਧਾਨ ਰੌਨ ਟੋਇਗੋ ਨੇ ਵੀ ਇਸ ਯੋਜਨਾ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਸ਼ਾਨਦਾਰ ਪ੍ਰੋਜੈਕਟ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਇਹ ਵਿਕਾਸ ਆਉਣ ਵਾਲੇ ਸਮੇਂ ਵਿੱਚ ਸਰੀ ਦੀ ਦਿੱਖ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗਾ। ਇਸ ਯੋਜਨਾ ਤਹਿਤ ਕੇਵਲ ਇੱਕ ਐਰੀਨਾ ਹੀ ਨਹੀਂ ਬਣਾਇਆ ਜਾ ਰਿਹਾ, ਸਗੋਂ ਇਸ ਦੇ ਆਲੇ-ਦੁਆਲੇ ਇੱਕ ਆਲੀਸ਼ਾਨ ਹੋਟਲ, ਉੱਚ ਪੱਧਰੀ ਕਾਨਫ਼ਰੰਸ ਸਹੂਲਤਾਂ ਅਤੇ ਰਿਹਾਇਸ਼ੀ ਕਲੋਨੀਆਂ ਵੀ ਵਿਕਸਿਤ ਕੀਤੀਆਂ ਜਾਣਗੀਆਂ। ਇਹ ਸਭ ਮਿਲ ਕੇ ਇੱਕ ਅਜਿਹਾ ਵਿਸ਼ੇਸ਼ ਖੇਡ ਅਤੇ ਮਨੋਰੰਜਨ ਖੇਤਰ (ਸਪੋਰਟਸ ਐਂਡ ਐਂਟਰਟੇਨਮੈਂਟ ਡਿਸਟ੍ਰਿਕਟ) ਤਿਆਰ ਕਰਨਗੇ ਜੋ ਬਾਹਰੀ ਨਿਵੇਸ਼ ਨੂੰ ਆਕਰਸ਼ਿਤ ਕਰੇਗਾ। ਮਾਹਰਾਂ ਅਨੁਸਾਰ ਅਗਲੇ 10 ਸਾਲਾਂ ਦੇ ਅੰਦਰ ਇਸ ਪੂਰੇ ਪ੍ਰੋਜੈਕਟ ਤੋਂ ਸ਼ਹਿਰ ਨੂੰ ਲਗਭਗ 2.4 ਬਿਲੀਅਨ ਡਾਲਰ ਦਾ ਵੱਡਾ ਆਰਥਿਕ ਲਾਭ ਹੋਣ ਦੀ ਉਮੀਦ ਜਤਾਈ ਗਈ ਹੈ।
ਇਸ ਪ੍ਰੋਜੈਕਟ ਲਈ ਜ਼ਮੀਨ ਦਾ ਪ੍ਰਬੰਧ ਇੱਕ ਵਿਸ਼ੇਸ਼ ਰਣਨੀਤਿਕ ਜ਼ਮੀਨੀ ਅਦਲਾ-ਬਦਲੀ (ਲੈਂਡ ਸਵੈਪ) ਪ੍ਰਕਿਰਿਆ ਰਾਹੀਂ ਕੀਤਾ ਜਾ ਰਿਹਾ ਹੈ। ਇਹ ਐਰੀਨਾ ਸਿਟੀ ਹਾਲ ਅਤੇ ਸਰੀ ਸੈਂਟਰਲ ਸਕਾਈ ਟਰੇਨ ਸਟੇਸ਼ਨ ਦੇ ਬਿਲਕੁਲ ਸਾਹਮਣੇ 10355 ਕਿੰਗ ਜਾਰਜ ਬੁਲੇਵਾਰਡ ‘ਤੇ ਸਥਿਤ 5 ਏਕੜ ਜ਼ਮੀਨ ‘ਤੇ ਬਣਾਇਆ ਜਾਵੇਗਾ। ਸ਼ਹਿਰ ਇਸ ਕੇਂਦਰੀ ਜਾਇਦਾਦ ਨੂੰ ਹਾਸਲ ਕਰਨ ਦੇ ਬਦਲੇ ਸਿਟੀ ਸੈਂਟਰ ਤੋਂ ਬਾਹਰ ਸਥਿਤ ਆਪਣੀਆਂ ਤਿੰਨ ਵੱਖ-ਵੱਖ ਜਾਇਦਾਦਾਂ ਦੇਵੇਗਾ, ਜਿਨ੍ਹਾਂ ਵਿੱਚ 2750-194A ਸਟਰੀਟ, 19165-39 ਐਵਿਨਿਊ ਅਤੇ 12820–12842-96 ਐਵਿਨਿਊ ਸ਼ਾਮਲ ਹਨ। ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਬਿਲ ਔਜਲਾ ਨੇ ਇਸ ਨੂੰ ਸ਼ਹਿਰ ਦੇ ਭਵਿੱਖ ਲਈ ਇੱਕ ਮੀਲ ਪੱਥਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਜ਼ਮੀਨ ਨੂੰ ਇਕੱਠਾ ਕਰਕੇ 10,000 ਸੀਟਾਂ ਵਾਲੇ ਇਸ ਐਰੀਨਾ ਦਾ ਨਿਰਮਾਣ ਕਰਨਾ ਅਤੇ ਇਸ ਵਿੱਚ ਵੈਨਕੂਵਰ ਜਾਇੰਟਸ ਵਰਗੇ ਵੱਡੇ ਭਾਈਵਾਲਾਂ ਨੂੰ ਸ਼ਾਮਲ ਕਰਨਾ ਸ਼ਹਿਰ ਲਈ ਨਵੇਂ ਦਿਸਹੱਦੇ ਕਾਇਮ ਕਰੇਗਾ। ਇਸ ਵਿਸ਼ਾਲ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਲਗਭਗ 360 ਮਿਲੀਅਨ ਡਾਲਰ ਦੱਸੀ ਗਈ ਹੈ, ਜਿਸ ਦੀ ਫੰਡਿੰਗ ਦਾ ਪ੍ਰਬੰਧ ਸ਼ਹਿਰ ਦੇ 2026 ਦੇ ਬਜਟ ਵਿੱਚ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਇਹ ਯੋਜਨਾ 2030 ਤੱਕ ਮੁਕੰਮਲ ਹੋਣ ਦੀ ਉਮੀਦ ਹੈ। This report was written by Ekjot Singh as part of the Local Journalism Initiative.
ਸਰੀ ਵਿੱਚ 360 ਮਿਲੀਅਨ ਡਾਲਰ ਦੀ ਲਾਗਤ ਨਾਲ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ

