ਵੈਨਕੂਵਰ, (ਜੋਗਿੰਦਰ ਸਿੰਘ ਸੁੰਨੜ) ਭਾਰਤ ਦੀ ਰਾਜ ਸਭਾ ਦੇ 250 ਮੈਂਬਰ ਪਾਰਲੀਮੈਂਟ ਹਨ ਜਿਨਾਂ ਵਿੱਚੋਂ ਇੱਕ ਤਿਹਾਈ ਰਿਟਾਇਰ ਹੁੰਦੇ ਹਨ। ਇਹ 278 ਰਾਜ ਦੀਆਂ ਵਿਧਾਨ ਸਭਾਵਾਂ ਦੁਆਰਾ ਛੇ ਸਾਲ ਲਈ ਚੁਣੇ ਜਾਂਦੇ ਹਨ ਅਤੇ 12 ਮੈਂਬਰ ਰਾਸ਼ਟਰਪਤੀ ਵੱਲੋਂ ਨਾਮ ਜਦੇ ਕੀਤੇ ਜਾਂਦੇ ਹਨ, ਉਹ ਜੋ ਕਲਾ ਸਾਹਿਤ ਵਿਗਿਆਨ ਅਤੇ ਹੋਰ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਹੋਣ ਜਾਂ ਫਿਰ ਸੁਪਰੀਮ ਕੋਰਟ ਦੇ ਰਿਟਾਇਰ ਜੱਜ ਵਗੈਰਾ ਵੀ ਹੋ ਸਕਦੇ ਹਨ। ਸਤਨਾਮ ਸਿੰਘ ਸੰਧੂ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਹਨ ਤੇ ਯੂਨੀਵਰਸਿਟੀ ਬੜੀ ਸਫਲਤਾ ਨਾਲ ਚਲਾ ਰਹੇ ਹਨ। ਰਾਸ਼ਟਰਪਤੀ ਨੇ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਨਾਮਜਦ ਕੀਤਾ ਹੈ। ਇਸ ਹਫਤੇ ਉਹ ਆਪਣੇ ਚਹੇਤਿਆਂ ਮਨਿੰਦਰ ਸਿੰਘ ਗਿੱਲ ਅਤੇ ਸਥਾਨਕ ਪਤਵੰਤਿਆਂ ਨਾਲ ਖਾਲਸਾ ਦੀਵਾਨ ਸੁਸਾਇਟੀ ਵਿਖੇ ਹਾਜ਼ਰੀ ਲਵਾਉਣ ਆਏ। ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਨੇ ਕਾਮਾਗਾਟਾਮਾਰੂ ਗੁਰੂ ਨਾਨਕ ਜਹਾਜ਼ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਬਜ਼ੁਰਗਾਂ ਦੇ ਮਾਣ ਮਤੇ ਇਤਿਹਾਸ ਤੋਂ ਜਾਣੂ ਵੀ ਹੋਏ। ਉਹ ਗਦਰੀ ਬਾਬਿਆਂ ਤੇ ਬੱਬਰਾਂ ਦੀਆਂ ਕੁਰਬਾਨੀਆਂ ਤੋਂ ਬਹੁਤ ਪ੍ਰਭਾਵਿਤ ਹੋਏ। ਕਿਵੇਂ ਉਹਨਾਂ ਦੇ ਭਾਰਤ ਦੀ ਆਜ਼ਾਦੀ ਵਾਸਤੇ ਕੁਰਬਾਨੀਆਂ ਦਿੱਤੀਆਂ। ਗੁਰੂ ਘਰ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਹੇਅਰ, ਕਸ਼ਮੀਰ ਸਿੰਘ ਧਾਲੀਵਾਲ, ਅਤੇ ਜਰਨੈਲ ਸਿੰਘ ਭੰਡਾਲ, ਜੋਗਿੰਦਰ ਸਿੰਘ ਸੁੰਨੜ, ਗੁਰਦਿਆਲ ਸਿੰਘ ਨਾਲ ਖਾਲਸਾ ਦੀਵਾਨ ਸੁਸਾਇਟੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਕਿਹਾ ਕਿ ਉਹ ਤੁਹਾਡਾ ਸੁਨੇਹਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਤੱਕ ਜਰੂਰ ਪਹੁੰਚਾਉਣਗੇ। ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲੀਡਰਸ਼ਿਪ ਦਰਮਿਆਨ ਭਾਰਤ ਅਤੇ ਕਨੇਡਾ ਦੇ ਸਬੰਧ ਸੁਧਰੇ ਹਨ ਜੋ ਕਿ ਪਹਿਲਾ ਕਾਫੀ ਤਣਾਅ ਪੂਰਨ ਹੋ ਗਏ ਸਨ। ਆਉਣ ਵਾਲੇ ਸਮੇਂ ਅੰਦਰ ਮੋਦੀ ਜੀ ਕਨੇਡਾ ਆਉਣਗੇ ਉਹਨਾਂ ਨੂੰ ਮਾਰਕ ਕਾਰਨੀ ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਹੈ। ਸਤਨਾਮ ਸਿੰਘ ਸੰਧੂ ਨੇ ਮੇਜ ਕੁਰਸੀ ਅਤੇ ਬੈਠ ਕੇ ਲੰਗਰ ਛਕਿਆ ਤੇ ਪ੍ਰਬੰਧਕ ਕਮੇਟੀ ਸੇਵਾਦਾਰਾਂ ਅਤੇ ਆਪਣੇ ਸ਼ੁਭ ਚਿੰਤਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਹਰ ਸਾਲ ਜ਼ਰੂਰ ਕੈਨੇਡਾ ਆਇਆ ਕਰਨਗੇ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਉਹਨਾਂ ਨੂੰ ਜੀ ਆਇਆ ਕਿਹਾ ਗਿਆ। ਗਿਆਨੀ ਜੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।

