ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀਆਂ ਨਰਸਾਂ ਨੇ ਸਿਹਤ ਸੰਭਾਲ ਪ੍ਰਣਾਲੀ ਅਤੇ ਆਪਣੇ ਪੇਸ਼ੇ ਉੱਤੇ ਪੈ ਰਹੇ ਭਾਰੀ ਦਬਾਅ ਤੋਂ ਨਿਰਾਸ਼ ਹੋ ਕੇ 72 ਘੰਟੇ ਦਾ ਹੜਤਾਲ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਕਦਮ ਦਰਸਾਉਂਦਾ ਹੈ ਕਿ ਸੂਬੇ ਵਿੱਚ ਸਿਹਤ ਕਾਮਿਆਂ ਅੰਦਰ ਸਰਕਾਰ ਦੀਆਂ ਨੀਤੀਆਂ ਪ੍ਰਤੀ ਕਿੰਨਾ ਰੋਸ ਪਾਇਆ ਜਾ ਰਿਹਾ ਹੈ। ਇਹ ਫੈਸਲਾ ਨਰਸਾਂ ਦੀ ਬਾਰਗੇਨਿੰਗ ਐਸੋਸੀਏਸ਼ਨ ਭਾਵ ਐਨਬੀਏ ਅਤੇ ਸਿਹਤ ਖੇਤਰ ਦੇ ਮਾਲਕਾਂ ਵਿਚਕਾਰ ਹੋਏ ਇੱਕ ਅਸਥਾਈ ਸਮਝੌਤੇ ਨੂੰ ਰੱਦ ਕਰਨ ਤੋਂ ਬਾਅਦ ਲਿਆ ਗਿਆ ਹੈ। ਮਈ ਮਹੀਨੇ ਵਿੱਚ 98.2 ਫੀਸਦੀ ਨਰਸਾਂ ਨੇ ਨੌਕਰੀ ਸਬੰਧੀ ਸਖਤ ਕਾਰਵਾਈ ਦੇ ਹੱਕ ਵਿੱਚ ਵੋਟ ਪਾਈ ਸੀ ਜਿਸਤੋਂ ਬਾਅਦ ਹੁਣ 67 ਫੀਸਦੀ ਨਰਸਾਂ ਨੇ ਇਸ ਸਮਝੌਤੇ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਹੈ। ਹਾਲਾਂਕਿ ਇਸ ਸਮਝੌਤੇ ਵਿੱਚ ਲਾਭਾਂ ਅਤੇ ਸ਼ਿਫਟ ਪ੍ਰੀਮੀਅਮਾਂ ਵਿੱਚ ਕੁਝ ਸੁਧਾਰ ਜ਼ਰੂਰ ਕੀਤੇ ਗਏ ਸਨ ਪਰ ਨਰਸਾਂ ਦੀ ਮੁੱਖ ਮੰਗ ਤਨਖਾਹਾਂ ਵਿੱਚ ਆਮ ਵਾਧਾ ਕਰਨਾ ਹੈ। ਯੂਨੀਅਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਨਰਸਾਂ ਇੱਕ ਅਜਿਹੀ ਸਿਹਤ ਪ੍ਰਣਾਲੀ ਨੂੰ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਜੋ ਆਪਣੀ ਸਮਰੱਥਾ ਤੋਂ ਕਿਤੇ ਵੱਧ ਬੋਝ ਝੱਲ ਰਹੀ ਹੈ।
ਬੀਸੀਐਨਯੂ ਦੀ ਪ੍ਰਧਾਨ ਐਡਰੀਅਨ ਗੀਅਰ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਹ ਬੁਨਿਆਦੀ ਤੌਰ ਉੱਤੇ ਸਾਡੀਆਂ ਤਰਜੀਹਾਂ ਬਾਰੇ ਗੱਲਬਾਤ ਹੈ। ਉਹਨਾਂ ਸਵਾਲ ਚੁੱਕਿਆ ਕਿ ਸਿਹਤ ਅਥਾਰਟੀਆਂ ਮਹਿੰਗੇ ਥੋੜ੍ਹੇ ਸਮੇਂ ਦੇ ਸਟਾਫਿੰਗ ਹੱਲਾਂ ਉੱਤੇ ਲੱਖਾਂ ਡਾਲਰ ਕਿਉਂ ਖਰਚ ਕਰ ਰਹੀਆਂ ਹਨ ਜਦਕਿ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਨਰਸਾਂ ਨੂੰ ਫੰਡਾਂ ਦੀ ਘਾਟ ਦਾ ਬਹਾਨਾ ਲਗਾਇਆ ਜਾ ਰਿਹਾ ਹੈ। ਨਰਸਾਂ ਕੰਮ ਦੇ ਭਾਰੀ ਬੋਝ, ਅਸੁਰੱਖਿਅਤ ਕੰਮਕਾਜੀ ਹਾਲਾਤਾਂ ਅਤੇ ਸਟਾਫ ਦੀ ਭਾਰੀ ਘਾਟ ਨਾਲ ਜੂਝ ਰਹੀਆਂ ਹਨ। ਯੂਨੀਅਨ ਦਾ ਕਹਿਣਾ ਹੈ ਕਿ ਹੜਤਾਲ ਕਰਨਾ ਨਰਸਾਂ ਦੀ ਪਹਿਲੀ ਪਸੰਦ ਨਹੀਂ ਹੈ। ਐਨਬੀਏ ਦੇ ਮੁੱਖ ਵਾਰਤਾਕਾਰ ਅਤੇ ਬੀਸੀਐਨਯੂ ਦੇ ਸੀਈਓ ਜਿਮ ਗੋਲਡ ਨੇ ਕਿਹਾ ਕਿ ਨਰਸਾਂ ਇੱਕ ਅਜਿਹੇ ਮੁਕਾਮ ਉੱਤੇ ਪਹੁੰਚ ਗਈਆਂ ਹਨ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਆਪਣੇ ਹਾਲਾਤਾਂ ਨੂੰ ਸਾਹਮਣੇ ਲਿਆਉਣ ਲਈ ਹੜਤਾਲ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।
ਉਹ ਭੀੜ ਭੜੱਕੇ ਵਾਲੇ ਹਸਪਤਾਲਾਂ, ਸਟਾਫ ਦੀ ਘਾਟ ਵਾਲੀਆਂ ਦੇਖਭਾਲ ਸਹੂਲਤਾਂ ਅਤੇ ਮਰੀਜ਼ਾਂ ਦੇ ਘਰਾਂ ਵਿੱਚ ਕੰਮ ਕਰਦਿਆਂ ਹਰ ਰੋਜ਼ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰਦੀਆਂ ਹਨ। ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਯੂਨੀਅਨ ਵੀਰਵਾਰ ਦੁਪਹਿਰ 12:00 ਵਜੇ ਤੋਂ ਕਾਨੂੰਨੀ ਤੌਰ ਉੱਤੇ ਹੜਤਾਲ ਕਰਨ ਦੀ ਸਥਿਤੀ ਵਿੱਚ ਹੋਵੇਗੀ। ਇਸ ਹੜਤਾਲ ਕਾਰਵਾਈ ਵਿੱਚ ਗੈਰ ਨਰਸਿੰਗ ਡਿਊਟੀਆਂ ਨੂੰ ਛੱਡਣਾ ਅਤੇ ਓਵਰਟਾਈਮ ਉੱਤੇ ਪਾਬੰਦੀ ਲਗਾਉਣਾ ਸ਼ਾਮਲ ਹੋ ਸਕਦਾ ਹੈ। ਹਾਲਾਂਕਿ ਇੱਕ ਜ਼ਰੂਰੀ ਸੇਵਾ ਹੋਣ ਕਾਰਨ ਹਸਪਤਾਲਾਂ ਵਿੱਚ ਸਟਾਫ ਦਾ ਇੱਕ ਘੱਟੋ ਘੱਟ ਪੱਧਰ ਬਰਕਰਾਰ ਰੱਖਿਆ ਜਾਵੇਗਾ ਤਾਂ ਜੋ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਾ ਹੋਣ। ਯੂਨੀਅਨ ਵੱਲੋਂ ਅਗਲੇ ਕਦਮਾਂ ਬਾਰੇ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ। This report was written by Ekjot Singh as part of the Local Journalism Initiative.
ਬ੍ਰਿਟਿਸ਼ ਕੋਲੰਬੀਆ ਦੀਆਂ ਨਰਸਾਂ ਵੱਲੋਂ ਹੜਤਾਲ ਦਾ ਨੋਟਿਸ ਜਾਰੀ

