ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਚੁਣੀ ਗਈ ਨੇਤਾ ਕੈਰੀ ਲਿਨ ਫਿੰਡਲੇ ਨੇ ਆਪਣੀ ਲੀਡਰਸ਼ਿਪ ਟੀਮ ਵਿੱਚ ਅਹਿਮ ਭੂਮਿਕਾਵਾਂ ਲਈ ਆਪਣੇ ਵਫਾਦਾਰ ਸਾਥੀਆਂ ਨੂੰ ਨਿਯੁਕਤ ਕੀਤਾ ਹੈ। ਫਿੰਡਲੇ ਜੋ ਕਿ ਵਰਤਮਾਨ ਵਿੱਚ ਵਿਧਾਨ ਸਭਾ ਵਿੱਚ ਕੋਈ ਸੀਟ ਨਹੀਂ ਰੱਖਦੇ, ਨੇ ਚਿਲੀਵੈਕ ਖੇਤਰ ਦੀ ਵਿਧਾਇਕਾ ਹੀਥਰ ਮਾਹਸ ਨੂੰ ਅੰਤਰਿਮ ਨੇਤਾ ਵਜੋਂ ਨਿਯੁਕਤ ਕੀਤਾ ਹੈ।
ਇਸਦੇ ਨਾਲ ਹੀ ਪ੍ਰਿੰਸ ਜਾਰਜ ਦੇ ਵਿਧਾਇਕ ਸ਼ੈਲਡਨ ਕਲੇਅਰ ਨੂੰ ਅਧਿਕਾਰਤ ਵਿਰੋਧੀ ਧਿਰ ਲਈ ਹਾਊਸ ਲੀਡਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਲੀਡਰਸ਼ਿਪ ਦੀ ਦੌੜ ਦੌਰਾਨ ਇਹਨਾਂ ਦੋਵਾਂ ਨੇਤਾਵਾਂ ਨੇ ਫਿੰਡਲੇ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਇਹਨਾਂ ਤੋਂ ਇਲਾਵਾ ਕੇਲੋਨਾ ਖੇਤਰ ਦੇ ਵਿਧਾਇਕ ਮੈਕਲਿਨ ਮੈਕਕੋਲ ਨੇ ਵੀ ਫਿੰਡਲੇ ਦਾ ਸਮਰਥਨ ਕੀਤਾ ਸੀ ਜਿਨ੍ਹਾਂ ਨੂੰ ਹੁਣ ਵਿਪ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹਨਾਂ ਨਿਯੁਕਤੀਆਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਫਿੰਡਲੇ ਨੇ ਇੰਟੀਰੀਅਰ, ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਦੇ ਖੇਤਰਾਂ ਨੂੰ ਕਵਰ ਕਰਨ ਲਈ ਵਿਸ਼ੇਸ਼ ਲੈਫਟੀਨੈਂਟ ਵੀ ਨਿਯੁਕਤ ਕੀਤੇ ਹਨ। ਸਟੇਕਹੋਲਡਰ ਸਬੰਧਾਂ ਦੀ ਦੇਖਭਾਲ ਲਈ 2 ਵਿਧਾਇਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਫਿੰਡਲੇ ਦੇ ਪਤੀ ਬ੍ਰੈਂਟ ਚੈਪਮੈਨ ਵੀ ਸ਼ਾਮਲ ਹਨ। ਫਿੰਡਲੇ ਨੇ 1 ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਉਹਨਾਂ ਦੀ ਨਵੀਂ ਲੀਡਰਸ਼ਿਪ ਟੀਮ ਬੀਸੀ ਦੇ ਸਾਰੇ ਹਿੱਸਿਆਂ ਤੋਂ 1 ਇਕਜੁੱਟ ਤਾਕਤ ਦੀ ਨੁਮਾਇੰਦਗੀ ਕਰਦੀ ਹੈ। ਇਸ ਟੀਮ ਦਾ ਮੁੱਖ ਕੰਮ ਮੌਜੂਦਾ ਐਨਡੀਪੀ ਸਰਕਾਰ ਨੂੰ ਜਨਤਾ ਪ੍ਰਤੀ ਜਵਾਬਦੇਹ ਬਣਾਉਣਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ 1 ਅਜਿਹੀ ਵਿਸ਼ਾਲ ਪਾਰਟੀ ਬਣਾ ਰਹੇ ਹਨ ਜਿੱਥੇ ਜੀਵਨ ਦੇ ਹਰ ਵਰਗ ਦੇ ਬੀਸੀ ਨਿਵਾਸੀਆਂ ਦਾ ਦਿਲੋਂ ਸਵਾਗਤ ਹੈ। ਫਿੰਡਲੇ ਨੇ ਦਾਅਵਾ ਕੀਤਾ ਕਿ ਬੀਸੀ ਕੰਜ਼ਰਵੇਟਿਵ ਕਾਕਸ ਪਹਿਲਾਂ ਨਾਲੋਂ ਕਿਤੇ ਵੱਧ ਇਕਜੁੱਟ ਹੈ।
ਉਹਨਾਂ ਕਿਹਾ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਪਤਝੜ ਵਿੱਚ ਮੁੜ ਸ਼ੁਰੂ ਹੋਵੇਗਾ ਤਾਂ ਪਾਰਟੀ ਐਨਡੀਪੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋਵੇਗੀ ਅਤੇ ਅਗਲੀਆਂ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਦਾ ਟੀਚਾ ਰੱਖਦੀ ਹੈ। ਕਲੇਅਰ ਦੀ ਹਾਊਸ ਲੀਡਰ ਵਜੋਂ ਨਿਯੁਕਤੀ ਦਾ ਅਰਥ ਹੈ ਕਿ ਉਹ ਆਲੀਆ ਵਾਰਬਸ ਦੀ ਥਾਂ ਲੈ ਰਹੇ ਹਨ ਜੋ ਕਿ ਪਾਰਟੀ ਦੀ 1ਮਾਤਰ ਆਦਿਵਾਸੀ ਵਿਧਾਇਕਾ ਹੈ।
ਵਾਰਬਸ ਸਟੋਲੋ ਨੇਸ਼ਨ ਦੀ ਮੈਂਬਰ ਹੈ ਅਤੇ ਸਾਬਕਾ ਬੀਸੀ ਲੈਫਟੀਨੈਂਟ ਗਵਰਨਰ ਸਟੀਵਨ ਲੁਈਸ ਪੁਆਇੰਟ ਦੀ ਧੀ ਹੈ। ਉਸਨੂੰ ਪਹਿਲੀ ਵਾਰ ਸਾਬਕਾ ਨੇਤਾ ਜੌਹਨ ਰਸਟਡ ਵੱਲੋਂ ਇਸ ਭੂਮਿਕਾ ਲਈ ਨਿਯੁਕਤ ਕੀਤਾ ਗਿਆ ਸੀ। ਇਸ ਬਦਲਾਅ ਨੂੰ ਪਾਰਟੀ ਦੇ ਅੰਦਰੂਨੀ ਸਮੀਕਰਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। This report was written by Ekjot Singh as part of the Local Journalism Initiative.
ਬੀਸੀ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਨੇਤਾ ਕੈਰੀ ਲਿਨ ਫਿੰਡਲੇ ਨੇ ਆਪਣੀ ਟੀਮ ਦਾ ਕੀਤਾ ਐਲਾਨ

