ਵੈਨਕੂਵਰ (ਏਕਜੋਤ ਸਿੰਘ): ਵਰਨਨ ਦੇ ਰਹਿਣ ਵਾਲੇ ਇੱਕ 15 ਸਾਲਾ ਨੌਜਵਾਨ ਦੀ ਨੌਰਥ ਓਕਾਨਾਗਨ ਵਿੱਚ ਹੋਏ ਇੱਕ ਇਕੱਠ ਦੌਰਾਨ ਦਰਦਨਾਕ ਮੌਤ ਹੋ ਗਈ ਹੈ। ਵਰਨਣ ਨੌਰਥ ਓਕਾਨਾਗਨ ਆਰਸੀਐਮਪੀ ਨੇ ਦੱਸਿਆ ਕਿ ਸ਼ਨੀਵਾਰ 27 ਜੂਨ ਨੂੰ ਰਾਤ ਕਰੀਬ 11:50 ਵਜੇ ਅਧਿਕਾਰੀਆਂ ਨੂੰ ਲੰਬੀ ਨੇੜੇ ਇੱਕ ਪੇਂਡੂ ਜਾਇਦਾਦ ਉੱਤੇ ਬੁਲਾਇਆ ਗਿਆ ਸੀ। ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੀਆਂ ਟੀਮਾਂ ਵੀ ਤੁਰੰਤ ਮੌਕੇ ਉੱਤੇ ਪਹੁੰਚ ਗਈਆਂ ਸਨ। ਪੁਲਿਸ ਨੂੰ ਸ਼ੁਰੂਆਤੀ ਰਿਪੋਰਟਾਂ ਮਿਲੀਆਂ ਸਨ ਕਿ ਇੱਕ ਪਿਕਅੱਪ ਟਰੱਕ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ ਹੈ। ਪਰ ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਪਿਕਅੱਪ ਟਰੱਕ ਡਰਾਈਵਰ ਦੀਆਂ ਖਤਰਨਾਕ ਹਰਕਤਾਂ ਕਾਰਨ ਅਸਲ ਵਿੱਚ 2 ਪੈਦਲ ਯਾਤਰੀ ਇਸਦੀ ਲਪੇਟ ਵਿੱਚ ਆਏ ਹਨ। ਮੌਕੇ ਉੱਤੇ ਮੌਜੂਦ ਨੌਜਵਾਨਾਂ ਅਤੇ ਫਸਟ ਰਿਸਪੌਂਡਰਾਂ ਨੇ 15 ਸਾਲਾ ਨੌਜਵਾਨ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਿਕਅੱਪ ਟਰੱਕ ਦੀ ਟੱਕਰ ਲੱਗਣ ਵਾਲੇ ਦੂਜੇ ਨੌਜਵਾਨ ਨੂੰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪਿਕਅੱਪ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਬਾਅਦ ਵਿੱਚ ਉਸਨੂੰ ਲੱਭ ਲਿਆ ਗਿਆ। ਵਰਨਣ ਨੌਰਥ ਓਕਾਨਾਗਨ ਆਰਸੀਐਮਪੀ ਦੀ ਮੀਡੀਆ ਰਿਲੇਸ਼ਨ ਅਫਸਰ ਕਾਰਪੋਰਲ ਤਾਨੀਆ ਫਿਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਇਕੱਠ ਵਿੱਚ ਬਹੁਤ ਸਾਰੇ ਨੌਜਵਾਨ ਮੌਜੂਦ ਸਨ ਜਿਨ੍ਹਾਂ ਨੇ ਨਾ ਸਿਰਫ ਇਸ ਦਰਦਨਾਕ ਘਟਨਾ ਨੂੰ ਅੱਖੀਂ ਦੇਖਿਆ ਬਲਕਿ ਇਸਨੂੰ ਆਪਣੇ ਸੈੱਲਫੋਨ ਵਿੱਚ ਰਿਕਾਰਡ ਵੀ ਕੀਤਾ। ਜਾਂਚਕਰਤਾ ਉਸੇ ਰਾਤ ਡਰਾਈਵਰ ਦੀ ਪਛਾਣ ਕਰਨ, ਉਸਨੂੰ ਲੱਭਣ ਅਤੇ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਹੇ। ਪੁਲਿਸ ਬਿਆਨ ਅਨੁਸਾਰ 16 ਸਾਲਾ ਵਰਨਣ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਭਵਿੱਖ ਦੀ ਅਦਾਲਤੀ ਤਰੀਕ ਤੱਕ ਪੁਲਿਸ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਉਸ ਨੌਜਵਾਨ ਨੂੰ ਇਸ ਘਟਨਾ ਨਾਲ ਸਬੰਧਤ ਕਈ ਸੰਭਾਵੀ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮ੍ਰਿਤਕ 15 ਸਾਲਾ ਨੌਜਵਾਨ ਦੀ ਪਛਾਣ ਲੰਬੀ ਦੇ ਚਾਰਲਸ ਬਲੂਮ ਸੈਕੰਡਰੀ ਸਕੂਲ ਦੇ ਵਿਦਿਆਰਥੀ ਵਜੋਂ ਹੋਈ ਹੈ। ਪੇਰੈਂਟ ਐਡਵਾਈਜ਼ਰੀ ਕੌਂਸਲ ਨੇ ਆਪਣੇ ਫੇਸਬੁੱਕ ਪੇਜ ਉੱਤੇ ਮਾਪਿਆਂ ਅਤੇ ਵਿਦਿਆਰਥੀਆਂ ਲਈ ਮਦਦਗਾਰ ਸਰੋਤ ਸਾਂਝੇ ਕੀਤੇ ਹਨ। ਪੁਲਿਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ 250 545 7171 ਉੱਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। This report was written by Ekjot Singh as part of the Local Journalism Initiative.

