ਵੈਨਕੂਵਰ (ਏਕਜੋਤ ਸਿੰਘ): ਐਬਟਸਫੋਰਡ ਪੁਲਿਸ ਨੇ ਭਾਈਚਾਰੇ ਵਿੱਚ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਵਾਲਿਆਂ ਨੂੰ ਫੜਨ ਲਈ ਇੱਕ ਨਵੇਂ ਉਪਕਰਣ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਬਲੈਕ ਕੈਟ ਰਾਡਾਰ ਯੂਨਿਟ ਲਗਾਏ ਗਏ ਹਨ ਜੋ ਲਗਾਤਾਰ ਚੱਲ ਰਹੀ ਤੇਜ਼ ਰਫਤਾਰ ਦੀ ਸਮੱਸਿਆ ਨੂੰ ਪਛਾਣਨ ਵਿੱਚ ਮਦਦ ਕਰਨਗੇ। ਇਹ ਆਧੁਨਿਕ ਤਕਨੀਕ ਲੰਘਣ ਵਾਲੇ ਵਾਹਨਾਂ ਦੀ ਗਤੀ ਦਿਨ ਦਾ ਸਮਾਂ ਆਵਾਜਾਈ ਦੀ ਮਾਤਰਾ ਅਤੇ ਲੇਨ ਦੀ ਵਰਤੋਂ ਵਰਗੇ ਅਹਿਮ ਅੰਕੜਿਆਂ ਦੀ ਨਿਗਰਾਨੀ ਕਰਦੀ ਹੈ ਅਤੇ ਉਹਨਾਂ ਨੂੰ ਰਿਕਾਰਡ ਕਰਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਡੇਟਾ ਅਧਿਕਾਰੀਆਂ ਨੂੰ ਨਿਰਧਾਰਤ ਗਤੀ ਸੀਮਾ ਤੋਂ ਵੱਧ ਤੇਜ਼ ਵਾਹਨ ਚਲਾਉਣ ਵਾਲੇ ਡਰਾਈਵਰਾਂ ਨੂੰ ਫੜਨ ਲਈ ਸਹੀ ਸਮਾਂ ਅਤੇ ਸਥਾਨ ਪ੍ਰਦਾਨ ਕਰੇਗਾ। ਜਿਨ੍ਹਾਂ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਉਹਨਾਂ ਵਿੱਚੋਂ ਇੱਕ ਮਿਲਰਾਈਟ ਡਰਾਈਵ ਦੇ ਨੇੜੇ ਸਿਮਪਸਨ ਰੋਡ ਵੀ ਸ਼ਾਮਲ ਸੀ। ਪੁਲਿਸ ਨੇ ਦੱਸਿਆ ਕਿ ਇੱਕ ਸਥਾਨਕ ਨਿਵਾਸੀ ਨੇ ਉਹਨਾਂ ਨਾਲ ਸੰਪਰਕ ਕਰਕੇ ਚਿੰਤਾ ਪ੍ਰਗਟਾਈ ਸੀ ਕਿ ਡਰਾਈਵਰ ਇਸ ਖੇਤਰ ਵਿੱਚੋਂ ਬਹੁਤ ਹੀ ਖਤਰਨਾਕ ਗਤੀ ਨਾਲ ਲੰਘਦੇ ਹਨ। ਇਸ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਐਬਟਸਫੋਰਡ ਪੁਲਿਸ ਦੀ ਟ੍ਰੈਫਿਕ ਇਨਫੋਰਸਮੈਂਟ ਯੂਨਿਟ ਨੇ ਇਸ ਹਿੱਸੇ ਉੱਤੇ ਬਲੈਕ ਕੈਟ ਤੈਨਾਤ ਕਰ ਦਿੱਤਾ। ਜਾਂਚ ਟੀਮ ਨੇ 31 ਮਈ ਤੋਂ 6 ਜੂਨ ਦੇ ਵਿਚਕਾਰ ਲਗਭਗ 28,000 ਵਾਹਨਾਂ ਦਾ ਵਿਸ਼ਲੇਸ਼ਣ ਕੀਤਾ। ਇਸ ਦੌਰਾਨ ਦੇਖਿਆ ਗਿਆ ਕਿ 50 ਕਿਲੋਮੀਟਰ ਪ੍ਰਤੀ ਘੰਟਾ ਵਾਲੇ ਜ਼ੋਨ ਵਿੱਚ ਵਾਹਨਾਂ ਦੀ ਔਸਤ ਗਤੀ 58 ਕਿਲੋਮੀਟਰ ਪ੍ਰਤੀ ਘੰਟਾ ਸੀ। 20 ਤੋਂ ਵੱਧ ਵਾਹਨ ਅਜਿਹੇ ਸਨ ਜੋ ਘੱਟੋ ਘੱਟ 61 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਫ਼ਰ ਕਰ ਰਹੇ ਸਨ। ਇੱਥੋਂ ਤੱਕ ਕਿ ਇੱਕ ਵਾਹਨ ਦੀ ਗਤੀ ਨਿਰਧਾਰਤ ਸੀਮਾ ਤੋਂ ਤਿੰਨ ਗੁਣਾ ਵੱਧ ਦਰਜ ਕੀਤੀ ਗਈ। This report was written by Ekjot Singh as part of the Local Journalism Initiative. ਇਸ ਵਿਸ਼ਲੇਸ਼ਣ ਦੇ ਆਧਾਰ ਉੱਤੇ ਟ੍ਰੈਫਿਕ ਇਨਫੋਰਸਮੈਂਟ ਯੂਨਿਟ ਨੇ ਪ੍ਰੋਜੈਕਟ ਹੋਮਰ ਦੀ ਸ਼ੁਰੂਆਤ ਕੀਤੀ। ਦੋ ਦਿਨਾਂ ਦੀ ਇਸ ਵਿਸ਼ੇਸ਼ ਮੁਹਿੰਮ ਦੌਰਾਨ ਬਹੁਤ ਜ਼ਿਆਦਾ ਤੇਜ਼ ਰਫਤਾਰ ਲਈ ਨੌਂ ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਇਹਨਾਂ ਜ਼ਬਤ ਕੀਤੇ ਗਏ ਵਾਹਨਾਂ ਦੀ ਔਸਤ ਰਫਤਾਰ 113 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ 50 ਕਿਲੋਮੀਟਰ ਪ੍ਰਤੀ ਘੰਟਾ ਵਾਲੇ ਜ਼ੋਨ ਵਿੱਚ ਸਭ ਤੋਂ ਵੱਧ ਗਤੀ 126 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਉਲੰਘਣਾ ਕਰਨ ਵਾਲਿਆਂ ਨੂੰ ਕਈ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ। ਸਾਲ 2026 ਵਿੱਚ ਹੁਣ ਤੱਕ ਐਬਟਸਫੋਰਡ ਪੁਲਿਸ ਦੇ ਅਧਿਕਾਰੀ ਸਥਾਨਕ ਸੜਕਾਂ ਤੋਂ 223 ਅਤਿਅੰਤ ਤੇਜ਼ ਰਫਤਾਰ ਵਾਲੇ ਵਾਹਨ ਚਾਲਕਾਂ ਨੂੰ ਹਟਾ ਚੁੱਕੇ ਹਨ।

