ਵੈਨਕੂਵਰ (ਏਕਜੋਤ ਸਿੰਘ): ਸਰੀ ਲਾਇਬ੍ਰੇਰੀਆਂ ਅਤੇ ਸਿਟੀ ਆਫ਼ ਸਰੀ ਵੱਲੋਂ ਸਿਟੀ ਸੈਂਟਰ ਬ੍ਰਾਂਚ ਦੇ ਬੱਚਿਆਂ ਵਾਲੇ ਖੇਤਰ ਵਿੱਚ 5 ਨਵੇਂ ਸਵਦੇਸ਼ੀ ਮੂਰਲਾਂ (ਕੰਧ ਚਿੱਤਰਾਂ) ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੂਰਲ ਕਾਟਜ਼ੀ, ਕੁਆਂਟਲਿਨ ਅਤੇ ਸੈਮੀਆਮੂ ਫਸਟ ਨੇਸ਼ਨਜ਼ ਦੇ ਸਵਦੇਸ਼ੀ ਕਲਾਕਾਰਾਂ ਵੱਲੋਂ ਤਿਆਰ ਕੀਤੇ ਗਏ ਹਨ। ਇਨ੍ਹਾਂ ਕਲਾਕ੍ਰਿਤੀਆਂ ਦਾ ਮਕਸਦ ਸਵਦੇਸ਼ੀ ਕਹਾਣੀਆਂ, ਸਿੱਖਿਆਵਾਂ ਅਤੇ ਸੱਭਿਆਚਾਰਕ ਮੌਜੂਦਗੀ ਦਾ ਸਨਮਾਨ ਕਰਨਾ ਹੈ। ਇਸ ਦੇ ਨਾਲ ਹੀ ਇਹ ਬੱਚਿਆਂ ਅਤੇ ਪਰਿਵਾਰਾਂ ਲਈ ਲਾਇਬ੍ਰੇਰੀ ਵਿੱਚ ਇੱਕ ਸਵਾਗਤਯੋਗ ਮਾਹੌਲ ਸਿਰਜਦੇ ਹਨ।
ਇਨ੍ਹਾਂ ਮੂਰਲਾਂ ਤੋਂ ਪਰਦਾ ਹਟਾਉਣ ਦੀ ਰਸਮ ਸਿਟੀ ਸੈਂਟਰ ਬ੍ਰਾਂਚ ਵਿੱਚ ਇੱਕ ਭਾਈਚਾਰਕ ਸਮਾਗਮ ਦੌਰਾਨ ਅਦਾ ਕੀਤੀ ਗਈ। ਇਹ ਕਦਮ ਜਨਤਕ ਕਲਾ, ਸੁਲਹ ਅਤੇ ਸ਼ਮੂਲੀਅਤ ਵਾਲੀਆਂ ਥਾਵਾਂ ਬਣਾਉਣ ਪ੍ਰਤੀ ਸਰੀ ਸ਼ਹਿਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ ਇਹ ਮੂਰਲ ਯਕੀਨੀ ਬਣਾਉਂਦੇ ਹਨ ਕਿ ਸਵਦੇਸ਼ੀ ਮੌਜੂਦਗੀ ਰੋਜ਼ਾਨਾ ਦੇ ਜੀਵਨ ਵਿੱਚ ਦਿਖਾਈ ਦੇਵੇ। ਉਨ੍ਹਾਂ ਮੁਤਾਬਕ ਇਹ ਬੱਚਿਆਂ ਅਤੇ ਪਰਿਵਾਰਾਂ ਨੂੰ ਸ਼ਹਿਰ ਦੀਆਂ ਸਭ ਤੋਂ ਰੁਝੇਵਿਆਂ ਵਾਲੀਆਂ ਥਾਵਾਂ ਵਿੱਚੋਂ ਇੱਕ ਉੱਤੇ ਸੱਭਿਆਚਾਰ, ਇਤਿਹਾਸ ਅਤੇ ਪਛਾਣ ਨਾਲ ਜੁੜਨ ਦਾ ਸ਼ਾਨਦਾਰ ਮੌਕਾ ਪ੍ਰਦਾਨ ਕਰਦੇ ਹਨ। ਸਰੀ ਲਾਇਬ੍ਰੇਰੀਜ਼ ਬੋਰਡ ਆਫ਼ ਟਰੱਸਟੀਜ਼ ਦੀ ਚੇਅਰ ਲੀਜ਼ਾ ਵੇਅਰਿੰਗ ਨੇ ਕਿਹਾ ਕਿ ਇਹ ਕਲਾਕ੍ਰਿਤੀਆਂ ਕਲਪਨਾ ਅਤੇ ਉਤਸੁਕਤਾ ਨੂੰ ਪ੍ਰੇਰਿਤ ਕਰਨਗੀਆਂ।
ਇਨ੍ਹਾਂ 5 ਮੂਰਲਾਂ ਵਿੱਚ ਵੱਖ-ਵੱਖ ਕਹਾਣੀਆਂ ਪੇਸ਼ ਕੀਤੀਆਂ ਗਈਆਂ ਹਨ। ਕਾਟਜ਼ੀ ਫਸਟ ਨੇਸ਼ਨ ਦੇ ਰੇਨ ਪੀਅਰੇ ਵੱਲੋਂ ‘ਦਿ ਗਿਫਟ ਆਫ਼ ਫਲਾਈਟ’ ਤਿਆਰ ਕੀਤਾ ਗਿਆ ਹੈ ਜੋ ਜਲ ਮਾਰਗਾਂ ਦੀ ਮਹੱਤਤਾ ਅਤੇ ਔਰਤਾਂ ਨੂੰ ਜੀਵਨ ਦਾਤੇ ਵਜੋਂ ਸਨਮਾਨਿਤ ਕਰਦਾ ਹੈ। ਕੁਆਂਟਲਿਨ ਫਸਟ ਨੇਸ਼ਨ ਦੀ ਨਤਾਸ਼ੇ ਗੈਬਰੀਅਲ ਦਾ ‘ਸਟੋਰੀਟੈਲਰਜ਼’ ਇੱਕ ਉੱਲੂ ਅਤੇ ਰਿੱਛ ਰਾਹੀਂ ਸਿਆਣਪ, ਤਾਕਤ ਅਤੇ ਪਰਿਵਾਰ ਨੂੰ ਦਰਸਾਉਂਦਾ ਹੈ। ਸੈਮੀਆਮੂ ਫਸਟ ਨੇਸ਼ਨ ਦੇ ਰੌਕਸੈਨ ਚਾਰਲਸ ਅਤੇ ਈਸਟਨ ਅਰਨੌਸ ਵੱਲੋਂ ਬਣਾਇਆ ਗਿਆ ‘ਸਕਵਾ ਵਾਚ: ਦਿ ਸਟਰਜਨ’ ਸਟਰਜਨ ਮੱਛੀ ਦਾ ਸਨਮਾਨ ਕਰਦਾ ਹੈ ਜੋ ਕਦੇ ਸੈਮੀਆਮੂ ਲੋਕਾਂ ਲਈ ਭੋਜਨ ਦਾ ਅਹਿਮ ਸਰੋਤ ਸੀ।
ਕੁਆਂਟਲਿਨ ਫਸਟ ਨੇਸ਼ਨ ਦੇ ਬ੍ਰੈਂਡਨ ਗੈਬਰੀਅਲ ਕੁਏਲੇਕਸਵੇਲਸਟਨ ਵੱਲੋਂ ‘ਸੇਕਰੇਡ ਪੇਂਟ: ਫਲਾਈਟ ਆਫ਼ ਦਿ ਹਮਿੰਗਬਰਡਜ਼’ ਨਾਮਕ ਮੂਰਲ ਬਣਾਇਆ ਗਿਆ ਹੈ। ਇਹ ਹਮਿੰਗਬਰਡ ਦੀ ਕਹਾਣੀ ਰਾਹੀਂ ਸਹਿਯੋਗ ਅਤੇ ਲਗਨ ਬਾਰੇ ਦੱਸਦਾ ਹੈ। ਇਸੇ ਤਰ੍ਹਾਂ ਸੈਮੀਆਮੂ ਫਸਟ ਨੇਸ਼ਨ ਦੀ ਜੋਨ ਵਿਲੀਅਮਜ਼ ਦੀ ਕ੍ਰਿਤੀ ‘ਬੀਇੰਗ ਟੂਗੈਦਰ’ ਵਿੱਚ ਬੱਚਿਆਂ ਨੂੰ ਇਕੱਠੇ ਪੜ੍ਹਦੇ ਹੋਏ ਦਿਖਾਇਆ ਗਿਆ ਹੈ ਜੋ ਕਹਾਣੀਆਂ ਰਾਹੀਂ ਭਵਿੱਖ ਨੂੰ ਅਤੀਤ ਦੇ ਗਿਆਨ ਨਾਲ ਜੋੜਨ ਦਾ ਸੁਨੇਹਾ ਦਿੰਦਾ ਹੈ। ਇਹ ਨਵੇਂ ਮੂਰਲ ਸਰੀ ਲਾਇਬ੍ਰੇਰੀ ਦੀਆਂ 5 ਹੋਰ ਬ੍ਰਾਂਚਾਂ ਵਿੱਚ ਮੌਜੂਦ ਸਵਦੇਸ਼ੀ ਕਲਾਕ੍ਰਿਤੀਆਂ ਦਾ ਹਿੱਸਾ ਬਣ ਗਏ ਹਨ ਅਤੇ ਲਾਇਬ੍ਰੇਰੀ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਇਹ ਕਲਾਕ੍ਰਿਤੀਆਂ ਦੇਖਣ ਦਾ ਸੱਦਾ ਦਿੱਤਾ ਗਿਆ ਹੈ। This report was written by Ekjot Singh as part of the Local Journalism Initiative.
ਸਰੀ ਲਾਇਬ੍ਰੇਰੀ ਦੇ ਸਿਟੀ ਸੈਂਟਰ ਬ੍ਰਾਂਚ ਵਿੱਚ 5 ਨਵੇਂ ਸਵਦੇਸ਼ੀ ਕੰਧ ਚਿੱਤਰ ਸਥਾਪਿਤ

