ਵੈਨਕੂਵਰ (ਏਕਜੋਤ ਸਿੰਘ): ਸਰੀ ਪੁਲਿਸ ਸਰਵਿਸ ਨੇ ਸੋਮਵਾਰ ਨੂੰ ਇੱਕ ਅਹਿਮ ਪ੍ਰਾਪਤੀ ਦਾ ਐਲਾਨ ਕੀਤਾ ਹੈ, ਜੋ ਕਿ ਉਹਨਾਂ ਵੱਲੋਂ ਚਾਰ ਮਹੀਨਿਆਂ ਤੱਕ ਚਲਾਏ ਗਏ ‘ਪ੍ਰੋਜੈਕਟ ਫੈਂਟਮ’ ਨਾਮਕ ਆਪ੍ਰੇਸ਼ਨ ਦਾ ਨਤੀਜਾ ਹੈ। ਇਸ ਆਪ੍ਰੇਸ਼ਨ ਤਹਿਤ ਗ੍ਰਿਫ਼ਤਾਰੀਆਂ, ਦੋਸ਼ ਆਇਦ ਕਰਨ ਅਤੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਗਈ ਹੈ। 21 ਮਈ 2026 ਨੂੰ ਪੁਲਿਸ ਡਿਟੈਕਟਿਵਾਂ ਨੇ ਇਸ ਘਰ ਦੀ ਤਲਾਸ਼ੀ ਲੈਣ ਲਈ ਕੰਟਰੋਲਡ ਡਰੱਗਜ਼ ਐਂਡ ਸਬਸਟਾਂਸਿਜ਼ ਐਕਟ ਤਹਿਤ ਸਰਚ ਵਾਰੰਟ ਹਾਸਲ ਕੀਤਾ। ਇਹ ਵਾਰੰਟ ਫੈਡਰਲ ਏਜੰਸੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ ਅਤੇ ਸਰੀ ਪੁਲਿਸ ਦੇ ਮੈਂਬਰਾਂ ਦੀ ਸਹਾਇਤਾ ਨਾਲ ਲਾਗੂ ਕੀਤਾ ਗਿਆ। ਇਸ ਛਾਪੇਮਾਰੀ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਗਭਗ 891000 ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਜ਼ਬਤ ਕੀਤੇ ਗਏ ਸਮਾਨ ਵਿੱਚ 15.89 ਕਿਲੋਗ੍ਰਾਮ ਅਫੀਮ, 1529 ਗ੍ਰਾਮ ਭੰਗ, 559 ਗ੍ਰਾਮ ਕੋਕੀਨ, 468 ਗ੍ਰਾਮ ਫੈਂਟਾਨਿਲ ਜਿਸ ਨਾਲ ਲਗਭਗ 23400 ਜਾਨਲੇਵਾ ਖੁਰਾਕਾਂ ਬਣ ਸਕਦੀਆਂ ਸਨ, 148 ਗ੍ਰਾਮ ਮੈਥਾਮਫੇਟਾਮਾਈਨ ਅਤੇ 35 ਗ੍ਰਾਮ ਹੈਰੋਇਨ ਸ਼ਾਮਲ ਹੈ। ਇਸ ਤੋਂ ਇਲਾਵਾ ਨਸ਼ੇ ਦੀ ਪੈਕਿੰਗ ਦਾ ਸਮਾਨ, ਸਕੇਲ, ਡਰੱਗ ਪ੍ਰੋਸੈਸਿੰਗ ਵਿੱਚ ਵਰਤੇ ਜਾਣ ਵਾਲੇ ਭਾਂਡੇ ਅਤੇ 2149.90 ਕੈਨੇਡੀਅਨ ਡਾਲਰ ਵੀ ਬਰਾਮਦ ਕੀਤੇ ਗਏ। ਸ਼ੁਰੂਆਤੀ ਗ੍ਰਿਫ਼ਤਾਰੀ ਤੋਂ ਬਾਅਦ ਤਿੰਨਾਂ ਵਿਅਕਤੀਆਂ ਨੂੰ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਸੀ, ਪਰ ਪੁਲਿਸ ਵੱਲੋਂ ਜਾਂਚ ਲਗਾਤਾਰ ਜਾਰੀ ਰੱਖੀ ਗਈ। ਅੰਤ ਵਿੱਚ 19 ਜੂਨ ਨੂੰ 24 ਸਾਲਾ ਗੁਰਜੋਤ ਸਿੰਘ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ‘ਤੇ ਕੰਟਰੋਲਡ ਡਰੱਗਜ਼ ਐਂਡ ਸਬਸਟਾਂਸਿਜ਼ ਐਕਟ ਤਹਿਤ ਨਿਯੰਤਰਿਤ ਪਦਾਰਥ ਦੀ ਤਸਕਰੀ ਦਾ ਇੱਕ ਦੋਸ਼ ਅਤੇ ਤਸਕਰੀ ਦੇ ਮਕਸਦ ਨਾਲ ਨਿਯੰਤਰਿਤ ਪਦਾਰਥ ਰੱਖਣ ਦੇ ਪੰਜ ਦੋਸ਼ ਲਗਾਏ ਗਏ ਹਨ। ਗੁਰਜੋਤ ਸਿੰਘ ਨੂੰ 26 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਹ ਇੱਕ ਵਿਦੇਸ਼ੀ ਨਾਗਰਿਕ ਹੈ ਅਤੇ ਸਰੀ ਪੁਲਿਸ ਨੇ ਇਸ ਮਾਮਲੇ ਵਿੱਚ ਫੈਡਰਲ ਏਜੰਸੀ ਸੀ.ਬੀ.ਐਸ.ਏ. ਨੂੰ ਵੀ ਸ਼ਾਮਲ ਕਰ ਲਿਆ ਹੈ। ਸ਼ੁਰੂਆਤ ਵਿੱਚ ਗ੍ਰਿਫ਼ਤਾਰ ਕੀਤੇ ਗਏ ਬਾਕੀ ਦੋ ਵਿਅਕਤੀਆਂ ‘ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ, ਪਰ ਉਹਨਾਂ ਨੂੰ ਫੈਡਰਲ ਏਜੰਸੀ ਵੱਲੋਂ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ।

