ਵੈਨਕੂਵਰ (ਏਕਜੋਤ ਸਿੰਘ): ਮੇਪਲ ਰਿਜ ਦੇ ਰਹਿਣ ਵਾਲੇ 37 ਸਾਲਾ ਕੋਲਿਨ ਨੇ ਆਪਣੇ ਤਜਰਬੇ ਬਾਰੇ ਦੱਸਦਿਆਂ ਕਿਹਾ ਕਿ ਪਿਛਲੀ ਪਤਝੜ ਦੀ ਗੱਲ ਹੈ ਜਦੋਂ ਉਹ ਆਪਣੀ ਕਾਰ ਨੂੰ ਗਰਮ ਕਰ ਰਿਹਾ ਸੀ ਅਤੇ ਉਸਦੀ ਪਤਨੀ ਬੱਚੀ ਨੂੰ ਕਾਰ ਸੀਟ ‘ਤੇ ਬੰਨ੍ਹ ਰਹੀ ਸੀ। ਅਚਾਨਕ ਉਸਦੀਆਂ ਉਂਗਲਾਂ ਸੁੰਨ ਹੋਣ ਲੱਗ ਪਈਆਂ ਅਤੇ ਉਸਦਾ ਚਿਹਰਾ ਲਟਕਦਾ ਹੋਇਆ ਮਹਿਸੂਸ ਹੋਇਆ। ਕੋਲਿਨ ਦਾ ਇਲਾਜ ਰਾਇਲ ਕੋਲੰਬੀਅਨ ਹਸਪਤਾਲ ਵਿਖੇ ਖੇਤਰੀ ਸਟ੍ਰੋਕ ਟੀਮ ਵੱਲੋਂ ਕੀਤਾ ਗਿਆ। ਸ਼ੁਰੂਆਤੀ ਜਾਂਚ ਵਿੱਚ ਅਜਿਹਾ ਲੱਗਿਆ ਕਿ ਉਸਨੂੰ ਇੱਕ ਮਾਮੂਲੀ ਸਟ੍ਰੋਕ ਆਇਆ ਹੈ, ਜਿਸ ਵਿੱਚ ਦਿਮਾਗ ਨੂੰ ਖੂਨ ਦਾ ਪ੍ਰਵਾਹ ਕੁਝ ਸਮੇਂ ਲਈ ਰੁਕ ਜਾਂਦਾ ਹੈ ਅਤੇ ਲੱਛਣ ਆਮ ਤੌਰ ‘ਤੇ 24 ਘੰਟਿਆਂ ਦੇ ਅੰਦਰ ਠੀਕ ਹੋ ਜਾਂਦੇ ਹਨ।
ਪਰ ਅਗਲੇਰੀ ਜਾਂਚ ਤੋਂ ਪਤਾ ਲੱਗਾ ਕਿ ਸਮੱਸਿਆ ਜ਼ਿਆਦਾ ਗੰਭੀਰ ਸੀ। ਕੋਲਿਨ ਨੂੰ ਅਸਲ ਵਿੱਚ ਸਟ੍ਰੋਕ ਆਇਆ ਸੀ ਅਤੇ ਉਸਦੇ ਦਿਲ ਵਿੱਚ ਇੱਕ ਸੁਰਾਖ ਸੀ, ਜਿਸਨੂੰ ਪੇਟੈਂਟ ਫੋਰਮੇਨ ਓਵੇਲ ਕਿਹਾ ਜਾਂਦਾ ਹੈ। ਹਾਲਾਂਕਿ ਇਹ ਸੁਰਾਖ ਆਮ ਹੁੰਦਾ ਹੈ ਅਤੇ ਬਹੁਤਾ ਨੁਕਸਾਨਦੇਹ ਨਹੀਂ ਹੁੰਦਾ, ਪਰ ਇਹ ਖੂਨ ਦੇ ਛੋਟੇ ਥੱਕਿਆਂ ਨੂੰ ਦਿਮਾਗ ਤੱਕ ਪਹੁੰਚਣ ਦਾ ਰਸਤਾ ਦੇ ਸਕਦਾ ਹੈ ਜਿਸ ਨਾਲ ਸਟ੍ਰੋਕ ਹੋ ਸਕਦਾ ਹੈ। ਰਾਇਲ ਕੋਲੰਬੀਅਨ ਹਸਪਤਾਲ ਦੇ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਡਾ. ਰਜ਼ੀ ਖਾਨ ਨੇ ਦੱਸਿਆ ਕਿ ਇਹ ਦਿਲ ਦਾ ਸੁਰਾਖ ਨੌਜਵਾਨਾਂ ਵਿੱਚ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ। ਜੇਕਰ ਅਸੀਂ ਇਸਦਾ ਪਤਾ ਲਗਾ ਕੇ ਇਸਨੂੰ ਬੰਦ ਕਰ ਦੇਈਏ, ਤਾਂ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਭਵਿੱਖ ਵਿੱਚ ਸਟ੍ਰੋਕ ਦੇ ਖਤਰੇ ਨੂੰ 40 ਤੋਂ 50 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ।
29 ਅਪ੍ਰੈਲ ਨੂੰ ਡਾ. ਖਾਨ, ਇੰਟਰਵੈਂਸ਼ਨਲ ਨਿਊਰੋਲੋਜਿਸਟ ਡਾ. ਗ੍ਰੇਗ ਵਾਕਰ ਅਤੇ ਹਸਪਤਾਲ ਦੀ ਕਾਰਡੀਅਕ ਟੀਮ ਨੇ ਕੋਲਿਨ ਦੇ ਦਿਲ ਦੇ ਸੁਰਾਖ ਨੂੰ ਇੱਕ ਛੋਟੇ ਇਮਪਲਾਂਟ ਡਿਵਾਈਸ ਨਾਲ ਠੀਕ ਕੀਤਾ, ਜੋ ਦਿਖਣ ਵਿੱਚ ਇੱਕ ਕੂਕੀ ਵਰਗਾ ਸੀ। ਇਹ ਸਰਜਰੀ ਉਸ ਸਮੇਂ ਕੀਤੀ ਗਈ ਜਦੋਂ ਕੋਲਿਨ ਪੂਰੀ ਤਰ੍ਹਾਂ ਹੋਸ਼ ਵਿੱਚ ਸੀ। ਇਸ ਦੌਰਾਨ ਦਿਮਾਗ ਨੂੰ ਜਾਣ ਵਾਲੇ ਖੂਨ ਦੇ ਪ੍ਰਵਾਹ ਨੂੰ ਮਾਪਣ ਲਈ ਰੋਬੋਟਿਕ ਅਸਿਸਟਿਡ ਟ੍ਰਾਂਸਕ੍ਰੇਨੀਅਲ ਡੋਪਲਰ ਨਾਮਕ ਐਡਵਾਂਸਡ ਇਮੇਜਿੰਗ ਤਕਨੀਕ ਦੀ ਵਰਤੋਂ ਕੀਤੀ ਗਈ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਦਾ ਸੁਮੇਲ ਕਰਨ ਵਾਲੀ ਇਹ ਤਕਨੀਕ ਰਵਾਇਤੀ ਤਰੀਕਿਆਂ ਨਾਲੋਂ ਕਿਤੇ ਜ਼ਿਆਦਾ ਸੰਵੇਦਨਸ਼ੀਲ ਹੈ, ਜੋ ਦਿਲ ਦੇ ਆਲੇ-ਦੁਆਲੇ ਛੋਟੇ ਤੋਂ ਛੋਟੇ ਸੁਰਾਖ ਨੂੰ ਲੱਭਣ ਵਿੱਚ ਮਦਦ ਕਰਦੀ ਹੈ।
ਰਾਇਲ ਕੋਲੰਬੀਅਨ ਹਸਪਤਾਲ ਵੱਲੋਂ ਸਟ੍ਰੋਕ ਦੇ ਇਲਾਜ ਲਈ ਨਵੀਂ ਰੋਬੋਟਿਕ ਤਕਨੀਕ ਦੀ ਸਫ਼ਲ ਵਰਤੋਂ

