19.1 C
Vancouver
Tuesday, July 14, 2026

ਬੀ.ਸੀ. ਵਿੱਚ ਖਾਲੀ ਪਏ ਕੰਡੋਜ਼ ਨੂੰ ਕਿਫਾਇਤੀ ਘਰਾਂ ਵਿੱਚ ਬਦਲਣ ਦੀ ਯੋਜਨਾ

ਵੈਨਕੂਵਰ (ਏਕਜੋਤ ਸਿੰਘ): ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਫੈਡਰਲ ਸਰਕਾਰ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿੱਚ ਖਾਲੀ ਪਏ ਹਜ਼ਾਰਾਂ ਕੰਡੋਜ਼ ਨੂੰ ਕਿਫਾਇਤੀ ਰਿਹਾਇਸ਼ੀ ਇਕਾਈਆਂ ਵਿੱਚ ਬਦਲਣ ਦੀ ਯੋਜਨਾ ਐਲਾਨੀ ਗਈ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਦੇਸ਼ ਵਿੱਚ ਘਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਕਾਰਨੀ ਦਾ ਕਹਿਣਾ ਹੈ ਕਿ ਉਹ ਰਿਹਾਇਸ਼ੀ ਸਪਲਾਈ ਵਧਾਉਣ ਲਈ ਵਿੱਤੀ ਸਾਧਨਾਂ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ, ਇਹ ਯੋਜਨਾ ਆਲੋਚਕਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਵਿਰੋਧੀ ਧਿਰ ਦੇ ਆਗੂ ਪੀਅਰ ਪੋਇਲੀਵਰੇ ਨੇ ਇਸ ਸਕੀਮ ਦੀ ਤਿੱਖੀ ਆਲੋਚਨਾ ਕਰਦਿਆਂ ਇਸਨੂੰ ਵੱਡੇ ਡਿਵੈਲਪਰਾਂ ਲਈ ਬੇਲਆਊਟ ਅਤੇ ਗਰੀਬਾਂ ਤੋਂ ਅਮੀਰਾਂ ਵੱਲ ਧਨ ਦਾ ਤਬਾਦਲਾ ਕਰਾਰ ਦਿੱਤਾ ਹੈ। ਔਟਵਾ ਯੂਨੀਵਰਸਿਟੀ ਦੇ ਮਿਸਿੰਗ ਮਿਡਲ ਇਨੀਸ਼ੀਏਟਿਵ ਦੇ ਡਾਇਰੈਕਟਰ ਮਾਈਕ ਮੋਫਾਟ ਅਨੁਸਾਰ ਜਨਤਾ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਸਰਕਾਰ ਬੀ.ਸੀ. ਵਿੱਚ 2200 ਤੋਂ ਵੱਧ ਅਣਵਿਕੀਆਂ ਇਕਾਈਆਂ ਨੂੰ ਕਿਵੇਂ ਖਰੀਦੇਗੀ ਅਤੇ ਇਸ ਉੱਤੇ ਕਿੰਨਾ ਖਰਚਾ ਆਵੇਗਾ। ਮੋਫਾਟ ਦਾ ਮੰਨਣਾ ਹੈ ਕਿ ਵੇਰਵਿਆਂ ਦੀ ਘਾਟ ਕਾਰਨ ਇਹ ਯੋਜਨਾ ਆਲੋਚਨਾ ਅਤੇ ਸ਼ੱਕ ਦੇ ਘੇਰੇ ਵਿੱਚ ਹੈ। ਉਹ ਕਹਿੰਦੇ ਹਨ ਕਿ ਜੇਕਰ ਇਸਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਇਹ ਦੋਵਾਂ ਪਾਸਿਆਂ ਲਈ ਫਾਇਦੇਮੰਦ ਹੋ ਸਕਦਾ ਹੈ, ਪਰ ਲੋਕਾਂ ਦਾ ਸ਼ੱਕੀ ਹੋਣਾ ਵੀ ਸੁਭਾਵਿਕ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਿਟੀ ਲੈਬ ਦੇ ਡਾਇਰੈਕਟਰ ਐਂਡੀ ਯਾਨ ਨੇ ਦੱਸਿਆ ਕਿ ਮੈਟਰੋ ਵੈਨਕੂਵਰ ਅਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਅਣਵਿਕੀਆਂ ਕੰਡੋਜ਼ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅੰਕੜਿਆਂ ਅਨੁਸਾਰ ਮੈਟਰੋ ਵੈਨਕੂਵਰ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਖਾਲੀ ਪਏ ਕੰਡੋਜ਼ ਵਿੱਚ 76 ਫੀਸਦੀ ਦਾ ਵਾਧਾ ਹੋਇਆ ਹੈ। ਯਾਨ ਦਾ ਕਹਿਣਾ ਹੈ ਕਿ ਰਿਹਾਇਸ਼ੀ ਮੁੱਦਿਆਂ ਦੇ ਹੱਲ ਲਈ ਸਰਕਾਰ ਨੂੰ ਵਿਆਪਕ ਪਹੁੰਚ ਦੀ ਬਜਾਏ ਨਿਸ਼ਾਨਾ ਬੱਧ ਕਦਮ ਚੁੱਕਣੇ ਚਾਹੀਦੇ ਹਨ।
ਵੈਸਗਰੁੱਪ ਪ੍ਰੋਪਰਟੀਜ਼ ਦੇ ਬ੍ਰੈਡ ਜੋਨਜ਼ ਨੇ ਇਸ ਆਲੋਚਨਾ ਨੂੰ ਰੱਦ ਕਰਦਿਆਂ ਕਿਹਾ ਕਿ ਡਿਵੈਲਪਰ ਕੋਈ ਬੇਲਆਊਟ ਨਹੀਂ ਮੰਗ ਰਹੇ। ਉਹਨਾਂ ਸੁਝਾਅ ਦਿੱਤਾ ਕਿ ਸਰਕਾਰ ਨੂੰ ਓਨਟਾਰੀਓ ਦੀ ਤਰਜ਼ ‘ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਜੀ.ਐਸ.ਟੀ. ਖਤਮ ਕਰਨ ਅਤੇ ਮਿਊਂਸਪਲ ਵਿਕਾਸ ਖਰਚਿਆਂ ਨੂੰ ਘਟਾਉਣ ਵਰਗੇ ਕਦਮ ਚੁੱਕਣੇ ਚਾਹੀਦੇ ਹਨ। ਫੈਡਰਲ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਇਸ ਯੋਜਨਾ ਦੇ ਬਾਰੀਕ ਵੇਰਵੇ ਜਾਰੀ ਕਰੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ