ਵੈਨਕੂਵਰ (ਏਕਜੋਤ ਸਿੰਘ): ਸਟੈਟਿਸਟਿਕਸ ਕੈਨੇਡਾ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਇਹ ਅੰਕੜੇ 2024 ਦੇ ਪੱਧਰ ਤੋਂ ਅਜੇ ਵੀ ਬਹੁਤ ਹੇਠਾਂ ਹਨ। ਫੈਡਰਲ ਏਜੰਸੀ ਨੇ ਇਸ ਸਾਲ ਮਈ ਮਹੀਨੇ ਵਿੱਚ ਕੈਨੇਡਾ ਪਰਤਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ 9.5 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਕੁਝ ਖ਼ਬਰਾਂ ਵਿੱਚ ਇਸ ਨੂੰ ਯਾਤਰਾ ਪ੍ਰਤੀ ਝਿਜਕ ਘਟਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਝਿਜਕ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰਕ ਟਕਰਾਅ ਸ਼ੁਰੂ ਕੀਤਾ ਸੀ ਅਤੇ ਸੁਝਾਅ ਦਿੱਤਾ ਸੀ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣ ਜਾਣਾ ਚਾਹੀਦਾ ਹੈ। ਬੀ.ਸੀ. ਅਤੇ ਵਾਸ਼ਿੰਗਟਨ ਸਟੇਟ ਦੀਆਂ ਟਰਾਂਸਪੋਰਟੇਸ਼ਨ ਏਜੰਸੀਆਂ ਵੱਲੋਂ ਸਰਹੱਦ ਪਾਰ ਕਰਨ ਵਾਲੇ ਯਾਤਰੀਆਂ ਦੇ ਅੰਕੜਿਆਂ ਦੀ ਸਮੀਖਿਆ ਤੋਂ ਪਤਾ ਲੱਗਦਾ ਹੈ ਕਿ ਗਿਣਤੀ ਵਿੱਚ ਸੁਧਾਰ ਜ਼ਰੂਰ ਹੋਇਆ ਹੈ, ਪਰ ਇਹ ਅਜੇ ਵੀ ਟਰੰਪ ਦੇ ਕਾਰਜਕਾਲ ਤੋਂ ਪਹਿਲਾਂ ਵਾਲੇ ਪੱਧਰ ਦੇ ਨੇੜੇ ਨਹੀਂ ਹੈ। ਵਿਕਟੋਰੀਆ ਡੇਅ ਵਾਲੇ ਲੰਬੇ ਵੀਕਐਂਡ ਦੌਰਾਨ ਐਲਡਰਗਰੋਵ ਅਤੇ ਲਿੰਡਨ ਕਰਾਸਿੰਗ ‘ਤੇ ਬੀ.ਸੀ. ਦੀਆਂ ਨੰਬਰ ਪਲੇਟਾਂ ਵਾਲੇ ਵਾਹਨਾਂ ਦੀ ਗਿਣਤੀ ਵਿੱਚ ਮਾਮੂਲੀ ਵਾਧਾ ਹੋਇਆ। 18 ਮਈ ਨੂੰ ਵਾਸ਼ਿੰਗਟਨ ਸਟੇਟ ਜਾਣ ਵਾਲੇ ਵਾਹਨਾਂ ਦੀ ਗਿਣਤੀ 2025 ਵਿੱਚ 409 ਸੀ ਜੋ ਇਸ ਸਾਲ ਵਧ ਕੇ 567 ਹੋ ਗਈ, ਪਰ ਇਹ 2024 ਵਿੱਚ ਦਰਜ ਕੀਤੇ ਗਏ 1511 ਵਾਹਨਾਂ ਦੇ ਮੁਕਾਬਲੇ ਬਹੁਤ ਘੱਟ ਹੈ। ਇਸੇ ਤਰ੍ਹਾਂ ਪੀਸ ਆਰਕ, ਪੈਸੀਫਿਕ ਹਾਈਵੇ, ਲਿੰਡਨ ਅਤੇ ਸੁਮਾਸ ਬਾਰਡਰ ਕਰਾਸਿੰਗ ‘ਤੇ ਇਸ ਸਾਲ ਮਈ ਮਹੀਨੇ ਦੌਰਾਨ ਦੱਖਣ ਵੱਲ ਜਾਣ ਵਾਲੇ ਬੀ.ਸੀ. ਦੇ ਵਾਹਨਾਂ ਦੀ ਗਿਣਤੀ 2025 ਦੇ ਮੁਕਾਬਲੇ 18 ਫੀਸਦੀ ਵਧੀ ਹੈ, ਪਰ 2024 ਦੇ ਮੁਕਾਬਲੇ ਅਜੇ ਵੀ 37 ਫੀਸਦੀ ਘੱਟ ਹੈ। ਮਈ 2024 ਵਿੱਚ ਇਹਨਾਂ ਚਾਰ ਬਾਰਡਰਾਂ ਰਾਹੀਂ 213356 ਯਾਤਰਾਵਾਂ ਹੋਈਆਂ ਸਨ। ਸਾਲ 2025 ਵਿੱਚ ਇਹ ਅੰਕੜਾ ਡਿੱਗ ਕੇ 113997 ਰਹਿ ਗਿਆ ਸੀ, ਜੋ ਇਸ ਸਾਲ ਅੰਸ਼ਕ ਤੌਰ ‘ਤੇ ਉੱਭਰ ਕੇ 134992 ਹੋ ਗਿਆ ਹੈ। ਗ੍ਰੇਟਰ ਲੈਂਗਲੀ ਚੈਂਬਰ ਆਫ ਕਾਮਰਸ ਦੇ ਸੀ.ਈ.ਓ. ਕੋਰੀ ਰੈਡੇਕੋਪ ਦਾ ਮੰਨਣਾ ਹੈ ਕਿ ਇਸ ਵਾਧੇ ਦਾ ਕਾਰਨ ਲੰਬੇ ਸਮੇਂ ਤੋਂ ਮੁਲਤਵੀ ਕੀਤੀਆਂ ਗਈਆਂ ਯਾਤਰਾਵਾਂ ਹਨ। This report was written by Ekjot Singh as part of the Local Journalism Initiative.

