ਲੇਖਕ: ਸ਼ੀਰੀ ਪੈਸਟਰਨੈਕ ਅਤੇ
ਨੈਸੀ ਨੈਨਕੀਵੈਲ
ਅਨੁਵਾਦ: ਸੁਖਵੰਤ ਹੁੰਦਲ
ਜਦੋਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਦੀ ਆਰਥਿਕ ਖ਼ੁਦਮੁਖ਼ਤਿਆਰੀ ਦੀ ਰੱਖਿਆ ਲਈ ਆਪਣੀਆਂ ਯੋਜਨਾਵਾਂ ਦਾ ਐਲਾਨ ਕਰ ਰਹੇ ਹਨ, ਦੇਸ਼ ਦੇ ਕ੍ਰਿਟੀਕਲ ਮਿਨਰਲ (ਮਹੱਤਵਪੂਰਨ ਖਣਿਜ) ਅਮਰੀਕੀ ਹਥਿਆਰਾਂ ਦਾ ਹਿੱਸਾ ਬਣਨ ਜਾ ਰਹੇ ਹਨ। ਕਾਨੂੰਨੀ ਮਾਹਿਰਾਂ ਅਨੁਸਾਰ, ਅਮਰੀਕਾ ਕੈਨੇਡਾ ਦੀਆਂ ਖਾਣਾਂ ਦੀ ਮਾਲਕੀ ਹਾਸਲ ਕਰਨ ਲਈ ਸੰਭਵ ਤੌਰ `ਤੇ ਅਜਿਹੇ ਕਦਮ ਚੁੱਕ ਰਿਹਾ ਹੈ ਜਿਹਨਾਂ ਦੀ ਪਹਿਲਾਂ ਮਿਸਾਲ ਨਹੀਂ ਮਿਲਦੀ ਅਤੇ ਕੈਨੇਡਾ ਅਤੇ ਫਸਟ ਨੇਸ਼ਨਜ਼ ਦੇ ਇਲਾਕਿਆਂ – ਜਿਹਨਾਂ ਵਿੱਚੋਂ ਖਣਿਜ ਕੱਢੇ ਜਾਂਦੇ ਹਨ- ਨੂੰ ਅਮਰੀਕੀ ਖਣਨ ਖੇਤਰ (ਮਾਈਨਿੰਗ ਟੈਰੇਟਰੀ) ਵਿੱਚ ਤਬਦੀਲ ਕਰ ਰਿਹਾ ਹੈ। ਕੈਨੇਡਾ ਦੀ ਸਰਕਾਰ ਇਹਨਾਂ ਪ੍ਰੋਜੈਕਟਾਂ ਨੂੰ ਫੰਡ ਕਰਨ ਅਤੇ ਤੇਜ਼ੀ ਨਾਲ ਮਨਜ਼ੂਰੀ ਦੇਣ ਵਿੱਚ ਮਦਦ ਕਰ ਰਹੀ ਹੈ।
ਸੂਬਾਈ ਪੱਧਰ ਤੋਂ ਫੈਡਰਲ ਪੱਧਰ ਤੱਕ, ਕੈਨੇਡਾ ਆਪਣੇ ਦੂਰ-ਦੁਰਾਡੇ ਦੇ ਉੱਤਰੀ ਇਲਾਕਿਆਂ ਤੋਂ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੀ ਖੁਦਾਈ ਨੂੰ ਤੇਜ਼ ਕਰਨ ਵਿੱਚ ਲੱਗਿਆ ਹੋਇਆ ਹੈ। ਇਹਨਾਂ ਖਣਿਜਾਂ ਨੂੰ ਪਹਿਲਾਂ ਸਾਫ਼ ਊਰਜਾ (ਕਲੀਨ ਐਨਰਜੀ) ਵੱਲ ਤਬਦੀਲੀ ਲਈ ਅਤੇ ਫਿਰ ਅਮਰੀਕਾ ਵਲੋਂ ਆਪਣੇ ਵਿੱਚ ਮਿਲਾ ਲੈਣ (ਅਨੈਕਸੇਸ਼ਨ) ਦੀਆਂ ਧਮਕੀਆਂ ਦੇ ਵਿਚਕਾਰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ “ਬਹੁਤ ਜ਼ਰੂਰੀ” ਕਰਾਰ ਦਿੱਤਾ ਗਿਆ ਸੀ।
ਨਿੱਕਲ, ਤਾਂਬਾ, ਗ੍ਰੇਫਾਈਟ, ਕੋਬਾਲਟ, ਟੰਗਸਟਨ, ਕ੍ਰੋਮੀਅਮ, ਅਤੇ ਰੇਅਰ ਅਰਥ ਐਲੀਮੈਂਟ ਸਿਰਫ਼ ਬੈਟਰੀਆਂ ਅਤੇ ਹਵਾ ਤੋਂ ਬਿਜਲੀ ਪੈਦਾ ਕਰਨ ਵਾਲੇ ਟਰਬਾਈਨਾਂ (ਵਿੰਡ ਟਰਬਾਈਨਜ਼) ਲਈ ਹੀ ਕੱਚਾ ਮਾਲ (ਇਨਪੁਟ) ਨਹੀਂ ਹਨ ਸਗੋਂ ਇਹਨਾਂ ਦੀ ਲੋੜ ਲੜਾਕੂ ਜਹਾਜ਼ਾਂ (ਫਾਈਟਰ ਜੈੱਟਸ), ਡ੍ਰੋਨਾਂ, ਮਿਜ਼ਾਈਲਾਂ, ਰਾਡਾਰ ਸਿਸਟਮਾਂ, ਪਣਡੁੱਬੀਆਂ, ਬਕਤਰਬੰਦ ਸਾਜ਼-ਸਮਾਨ (ਆਰਮਰ) ਅਤੇ ਗੋਲਾ-ਬਾਰੂਦ ਬਣਾਉਣ ਲਈ ਵੀ ਹੁੰਦੀ ਹੈ।
ਕੈਨੇਡਾ ਲੰਬੇ ਸਮੇਂ ਤੋਂ ਅਮਰੀਕਾ ਦੀਆਂ ਜੰਗਾਂ ਲਈ ਕੱਚੇ ਮਾਲ (ਇਨਪੁਟ) ਦਾ ਭਰੋਸੇਯੋਗ ਸਪਲਾਇਰ ਰਿਹਾ ਹੈ। ਕੈਨੇਡਾ ਦੇ ਧਰਤੀ ਹੇਠਲੇ ਖਜ਼ਾਨਿਆਂ ਤੋਂ ਅਮਰੀਕਾ ਦੇ ਪਰਮਾਣੂ ਬੰਬਾਂ ਲਈ ਯੂਰੇਨੀਅਮ, ਉਸ ਦੇ ਜੰਗੀ ਜਹਾਜ਼ਾਂ ਦੀਆਂ ਬਕਤਰਬੰਦ ਪਲੇਟਾਂ (ਆਰਮਰ ਪਲੇਟਸ) ਲਈ ਨਿੱਕਲ, ਅਤੇ ਉਸ ਦੇ ਜੰਗੀ ਜਹਾਜ਼ਾਂ ਲਈ ਐਲੂਮੀਨੀਅਮ ਆਉਂਦਾ ਰਿਹਾ ਹੈ।
ਪਰ ਜਦੋਂ ਕੈਨੇਡਾ ਦੇ ਖਣਿਜਾਂ ਨੂੰ ਵਿਦੇਸ਼ੀ ਫੌਜੀ ਉਤਪਾਦਨ ਲਈ ਰਾਖਵਾਂ ਕੀਤਾ ਜਾ ਰਿਹਾ ਹੋਵੇ ਤਾਂ ਕੀ ਇਹ ਸੱਚਮੁੱਚ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਹੈ?
ਬੈਟਰੀਆਂ ਜਾਂ ਬੰਬ?
ਇਹਨਾਂ ਖਣਿਜਾਂ ਨੂੰ ਹਾਸਲ ਕਰਨ ਲਈ, ਇਤਿਹਾਸਕ ਤੌਰ ‘ਤੇ ਅਮਰੀਕਾ ਕੈਨੇਡੀਅਨ ਖਣਨ (ਮਾਈਨਿੰਗ) ਕੰਪਨੀਆਂ ਨੂੰ ਸਟੇਟ ਦੇ ਸਮਰਥਨ ਵਾਲੀਆਂ ਗ੍ਰਾਂਟਾਂ ਅਤੇ ਸਬਸਿਡੀਆਂ ਦਿੰਦਾ ਰਿਹਾ ਹੈ। ਪਰ ਅਮਰੀਕਾ ਦੀ ਚੀਨ ਨਾਲ ਠੰਢੀ ਜੰਗ ਦੀ ਵਧਦੀ ਤੀਬਰਤਾ ਦੇ ਨਾਲ, ਪੈਂਟਾਗਨ (ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਦਾ ਹੈੱਡਕੁਆਰਟਰ) ਆਪਣੇ ਨਿਵੇਸ਼ਾਂ ਨੂੰ ਵਧਾ ਰਿਹਾ ਹੈ। 2022 ਦੇ ਸ਼ੁਰੂ ਤੋਂ ਅਮਰੀਕਾ ਦੇ ਜੰਗੀ ਵਿਭਾਗ (ਡਿਪਾਰਟਮੈਂਟ ਔਫ ਵਾਰ) ਨੇ ਕ੍ਰਿਟੀਕਲ ਮਿਨਰਲ (ਮਹੱਤਵਪੂਰਨ ਖਣਿਜ) ਕੱਢਣ ਵਾਲੀਆਂ ਕੈਨੇਡਾ ਦੀਆਂ ਖਣਨ (ਮਾਈਨਿੰਗ) ਕੰਪਨੀਆਂ ਵਿੱਚ ਦਹਿ-ਲੱਖਾਂ (ਮਿਲੀਅਨਜ਼) ਡਾਲਰ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਉਸ ਸਮੇਂ, ਕੈਨੇਡਾ ਵਿੱਚ ਇਸ ਖਬਰ ਬਾਰੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਇਸ ਦੀ ਬਜਾਏ, ਅਖਬਾਰਾਂ ਫੈਡਰਲ ਅਤੇ ਸੂਬਾਈ ਵਾਅਦਿਆਂ ਬਾਰੇ ਸੁਰਖੀਆਂ ਲਗਾ ਰਹੀਆਂ ਸਨ ਕਿ ਇਹੀ ਖਣਿਜ ਪਦਾਰਥ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀ ਪਲਾਂਟਾਂ ਨਾਲ ਉਸਰੇ ਕਲੀਨ-ਟੈੱਕ ਰੈਵੂਲੂਸ਼ਨ (ਸਾਫ ਤਕਨੀਕੀ ਇਨਕਲਾਬ) ਨੂੰ ਊਰਜਾ ਦੇਣਗੇ।
8ਵੀਂ ਫਾਇਰ ਰਾਈਜ਼ਿੰਗ ਖੋਜ ਸਮੂਹ ਦੇ ਹਿੱਸੇ ਵਜੋਂ, ਅਸੀਂ ਕ੍ਰਿਟੀਕਲ ਮਿਨਰਲ ਸੈਕਟਰ (ਮਹੱਤਵਪੂਰਨ ਖਣਿਜ ਖੇਤਰ) ਨਾਲ ਸੰਬੰਧਿਤ ਨਵੀਆਂ ਸਪਲਾਈ ਚੇਨਾਂ ਦੀ ਜਾਂਚ ਕੀਤੀ ਹੈ। ਅਸੀਂ ਜਾਣਿਆ ਹੈ ਕਿ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੇ ਨਵੇਂ ਰੁਝਾਣ ਪਿੱਛੇ ਆਉਣ ਵਾਲੀ ਨਵੀਂ ਫੰਡਿੰਗ ਅਸਲ ਵਿੱਚ ਪੈਂਟਾਗਨ ਤੋਂ ਆ ਰਹੀ ਹੈ, ਜੋ ਧਰਤੀ ਉੱਤੇ ਸਭ ਤੋਂ ਵੱਧ ਗ੍ਰੀਨਹਾਊਸ ਗੈਸਾਂ ਪੈਦਾ ਕਰਨ ਵਾਲੀ ਇਕਾਈ ਅਮਰੀਕਾ ਦੀ ਫੌਜ ਦੀ ਪ੍ਰਬੰਧਕ ਹੈ।
2024 ਅਤੇ 2025 ਦੇ ਸਿਰਫ਼ ਦੋ ਸਾਲਾਂ ਵਿੱਚ, ਪੈਂਟਾਗਨ ਨੇ ਕੈਨੇਡਾ ਵਿੱਚ ਖਣਨ ਪ੍ਰੋਜੈਕਟਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ – ਫਾਰਚਿਊਨ ਮਿਨਰਲਜ਼, ਲੋਮੀਕੋ ਮੈਟਲਜ਼, ਫਾਇਰਵੀਡ ਮੈਟਲਜ਼, ਨੌਰਥਕਲਿੱਫ ਰਿਸੋਰਸਿਜ਼, ਨੈਨੋ ਵੰਨ ਮਟੀਰੀਅਲਜ਼, ਅਤੇ ਇਲੈਕਟ੍ਰਾ ਬੈਟਰੀ ਮਟੀਰੀਅਲਜ਼ – ਵਿੱਚ 7 ਕ੍ਰੋੜ 80 ਲੱਖ (78 ਮਿਲੀਅਨ) ਅਮਰੀਕੀ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।
ਸਹਿਯੋਗ ਵਜੋਂ ਪੇਸ਼ ਕੀਤੇ ਗਏ ਇਸ ਪ੍ਰਬੰਧ ਨੇ ਕੈਨੇਡਾ ਦੀਆਂ ਖਣਨ ਤਰਜੀਹਾਂ (ਕੈਨੇਡੀਅਨ ਮਾਈਨਿੰਗ ਪ੍ਰਾਇਰਟੀਜ਼) ਨੂੰ ਅਮਰੀਕੀ ਫੌਜੀ ਲੋੜਾਂ ਅਨੁਸਾਰ ਢਾਲ ਦਿੱਤਾ ਹੈ—ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਦੇ ਸਮੇਂ ਦੌਰਾਨ ਵੀ।
ਫਿਰ 2025 ਵਿੱਚ, ਅਮਰੀਕਾ ਦੇ ਜੰਗੀ ਵਿਭਾਗ (ਡਿਪਾਰਟਮੈਂਟ ਆਫ ਵਾਰ) ਨੇ ਅਲਾਸਕਾ ਦੇ ਤਾਂਬੇ, ਕੋਬਾਲਟ, ਸੋਨੇ ਅਤੇ ਚਾਂਦੀ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਵੈਨਕੂਵਰ-ਅਧਾਰਿਤ ਖਣਨ ਕੰਪਨੀ ਟ੍ਰਾਇਲੋਜੀ ਮੈਟਲਜ਼ ਵਿੱਚ 10 ਫੀਸਦੀ ਦੀ ਇਕੁਇਟੀ ਹਿੱਸੇਦਾਰੀ ਹਾਸਲ ਕਰਨ ਲਈ 3 ਕ੍ਰੋੜ 56 ਲੱਖ (35.6 ਮਿਲੀਅਨ) ਅਮਰੀਕੀ ਡਾਲਰ ਖਰਚ ਕੀਤੇ। ਇਸ ਨਾਲ ਭਵਿੱਖ ਵਿੱਚ ਆਪਣੀ ਮਾਲਕੀ ਵਧਾਉਣ ਦੀ ਚੋਣ ਅਤੇ ਇੱਕ ਬੋਰਡ ਮੈਂਬਰ ਨਿਯੁਕਤ ਕਰਨ ਦਾ ਅਧਿਕਾਰ ਵੀ ਮਿਲਿਆ। ਅਮਰੀਕਾ ਦੇ ਊਰਜਾ ਵਿਭਾਗ (ਡਿਪਾਰਟਮੈਂਟ ਔਫ ਐਨਰਜੀ) ਨੇ ਵੀ ਵੈਨਕੂਵਰ ਆਧਾਰਿਤ ਕੰਪਨੀ ਲੀਥੀਅਮ ਅਮੈਰੀਕਾਜ਼ ਵਿੱਚ 5 ਫੀਸਦੀ ਦੀ ਹਿੱਸੇਦਾਰੀ ਖਰੀਦੀ। ਇਹ ਕੰਪਨੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਲੀਥੀਅਮ ਖਾਣਾਂ ਵਿੱਚੋਂ ਇੱਕ ਨੂੰ ਵਿਕਸਤ ਕਰ ਰਹੀ ਹੈ।
ਅੰਤਰਰਾਸ਼ਟਰੀ ਵਕੀਲ ਲਾਰੈਂਸ ਹਰਮਨ ਅਨੁਸਾਰ ਅਮਰੀਕਾ ਦੀ ਫੈਡਰਲ ਸਰਕਾਰ ਦਾ ਕੈਨੇਡਾ ਦੀਆਂ ਖਣਨ ਕੰਪਨੀਆਂ (ਕੈਨੇਡੀਅਨ ਮਾਈਨਿੰਗ ਕੰਪਨੀਆਂ) ਵਿੱਚ ਹਿੱਸੇਦਾਰ (ਸ਼ੇਅਰਹੋਲਡਰ) ਹੋਣਾ ਸ਼ਾਇਦ ਇਕ ਅਜਿਹਾ ਪ੍ਰਬੰਧ ਹੈ, ਜਿਸ ਦੀ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ।
ਇਹ ਕੰਟਰੋਲਿੰਗ ਸ਼ੇਅਰ ਨਹੀਂ ਹਨ, ਪਰ ਐਂਟੀ-ਟ੍ਰਸਟ ਖੇਤਰ ਨਾਲ ਸੰਬੰਧਿਤ ਵਕੀਲ ਸੈਂਡੀ ਵਾਕਰ ਨੇ ਚਿਤਾਵਨੀ ਦਿੱਤੀ ਹੈ ਕਿ ਇੱਕ ਵਾਰ ਜਦੋਂ ਇਹ ਖਾਣਾਂ ਕੰਮ ਕਰਨ ਲੱਗ ਜਾਣਗੀਆਂ, ਤਾਂ ਅਮਰੀਕਾ ਦੀ ਸਰਕਾਰ ਇਸ ਗੱਲ ‘ਤੇ ਜ਼ੋਰ ਦੇ ਸਕਦੀ ਹੈ ਕਿ ਇਹ ਖਣਿਜ ਸਿਰਫ਼ ਅਮਰੀਕਾ ਨੂੰ ਹੀ ਜਾਣ।
ਕੈਨੇਡਾ ਕੋਲ ਅਜਿਹੀਆਂ ਨੀਤੀਆਂ ਹਨ ਜੋ ਉਸ ਨੂੰ ਵਿਦੇਸ਼ੀ ਸਰਕਾਰਾਂ ਦੇ (ਕੈਨੇਡਾ ਦੇ) ਘਰੇਲੂ ਨਿਵੇਸ਼ਾਂ `ਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦਿੰਦੀਆਂ ਹਨ—ਖਾਸ ਕਰਕੇ ਜੇ ਇਹ ਨਿਵੇਸ਼ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ “ਨੁਕਸਾਨਦੇਹ” ਹੋ ਸਕਦੇ ਹੋਣ। 2022 ਵਿੱਚ, ਕੈਨੇਡੀਅਨ ਸਰਕਾਰ ਨੇ ਚੀਨ ਦੀਆਂ ਤਿੰਨ ਕੰਪਨੀਆਂ ਨੂੰ ਕੈਨੇਡਾ ਦੀਆਂ ਕ੍ਰਿਟੀਕਲ ਮਿਨਰਲ ਕੰਪਨੀਆਂ ਵਿੱਚ ਲਾਈ ਆਪਣੀ ਪੂੰਜੀ ਨੂੰ ਬਾਹਰ ਕੱਢ ਲੈਣ ਦਾ ਹੁਕਮ ਦਿੱਤਾ ਸੀ। ਅਮਰੀਕਾ ਦੀ ਸਰਕਾਰ (ਸਟੇਟ) ਵਲੋਂ ਟ੍ਰਾਇਲੋਜੀ ਮੈਟਲਜ਼ ਜਾਂ ਲੀਥੀਅਮ ਅਮੈਰੀਕਾਜ਼ ਵਿੱਚ ਕੀਤੇ ਨਿਵੇਸ਼ਾਂ ਖਿਲਾਫ ਅਜਿਹਾ ਕੋਈ ਹੁਕਮ ਨਹੀਂ ਦਿੱਤਾ ਗਿਆ।
ਜਲਵਾਯੂ ਦੇ ਨਾਂ `ਤੇ ਧੋਖਾ
ਲਗਭਗ ਉਹਨਾਂ ਸਾਰੇ ਖਣਨ ਪ੍ਰੋਜੈਕਟਾਂ ਨੂੰ, ਜਿਹਨਾਂ ਵਿੱਚ ਪੈਂਟਾਗਨ ਨੇ ਪੂੰਜੀ ਲਾਈ ਹੈ, ਜਲਵਾਯੂ ਦੇ ਹੱਲਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਕਿਊਬੈਕ ਵਿੱਚ, ਲੋਮੀਕੋ ਮੈਟਲਜ਼ ਆਪਣੀ ਪ੍ਰਸਤਾਵਿਤ ਲਾ ਲੂਤਰੇ ਗ੍ਰੇਫਾਈਟ ਖਾਣ ਨੂੰ “ਨਵਿਆਉਣਯੋਗ ਊਰਜਾ ਦੇ ਇੱਕ ਸਥਾਨਕ ਪ੍ਰਬੰਧ (ਈਕੋਸਿਸਟਮ)” ਦੇ ਹਿੱਸੇ ਵਜੋਂ ਪੇਸ਼ ਕਰ ਰਹੀ ਹੈ। ਇਸ ਨੂੰ ਪੈਂਟਾਗਨ ਤੋ 84 ਲੱਖ (8.4 ਮਿਲੀਅਨ) ਅਮਰੀਕੀ ਡਾਲਰ ਦੀ ਗ੍ਰਾਂਟ ਦਿੱਤੀ ਗਈ ਸੀ, ਜਿਸ ਵਿੱਚ ਨੈਚੁਰਲ ਰਿਸੋਰਸਿਜ਼ ਕੈਨੇਡਾ ਨੇ 49 ਲੱਖ (4.9 ਮਿਲੀਅਨ) ਡਾਲਰ ਦੀ ਹੋਰ ਗ੍ਰਾਂਟ ਦੇ ਕੇ ਵਾਧਾ ਕੀਤਾ ਸੀ।
ਪਰ ਇਹ ਖੁੱਲ੍ਹੀ-ਖਾਣ ਫੌਜੀ ਸਨਅਤ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਮਗਰੀ ਗ੍ਰੇਫਾਈਟ ਪੈਦਾ ਕਰਦੀ ਹੈ। ਇਸ ਗੱਲ ਦੇ ਮੱਦੇਨਜ਼ਰ ਕਿ ਅਮਰੀਕਾ ਨੇ 1950ਵਿਆਂ ਤੋਂ ਬਾਅਦ ਆਪ ਗ੍ਰੇਫਾਈਟ ਪੈਦਾ ਨਹੀਂ ਕੀਤਾ ਅਤੇ ਬਹੁਤ ਵੱਡੀ ਪੱਧਰ `ਤੇ ਚੀਨੀ ਸਪਲਾਈ `ਤੇ ਨਿਰਭਰ ਰਿਹਾ ਹੈ, ਜੰਗੀ ਵਿਭਾਗ (ਡਿਪਾਰਟਮੈਂਟ ਆਫ ਵਾਰ) ਦਾ ਇਹ ਨਿਵੇਸ਼ ਬਹੁਤ ਰਣਨੀਤਕ ਹੈ।
ਗ੍ਰੇਫਾਈਟ ਸਮੇਤ, ਇਹਨਾਂ ਪ੍ਰੋਜੈਕਟਾਂ ਰਾਹੀਂ ਲੱਭੇ ਜਾ ਰਹੇ ਬਹੁਤ ਸਾਰੇ ਖਣਿਜ “ਦੋਹਰੀ ਵਰਤੋਂ” ਵਾਲੇ ਹਨ, ਭਾਵ ਇਹ ਸਿਵਲੀਅਨ ਅਤੇ ਫੌਜੀ ਕੰਮਾਂ ਲਈ ਵਰਤੇ ਜਾ ਸਕਦੇ ਹਨ। ਪਰ ਕੈਨੇਡਾ ਦੇ ਵਾਤਾਵਰਨ ਮੁੱਲਾਂਕਣ (ਇਨਵਾਇਰਮੈਂਟਲ ਅਸੈੱਸਮੈਂਟ) ਨਾਲ ਸੰਬੰਧਿਤ ਅਮਲ ਇਹ ਨਹੀਂ ਪੁੱਛਦੇ ਕਿ ਖਾਣਾਂ ਵਿੱਚੋਂ ਨਿਕਲਣ ਤੋਂ ਬਾਅਦ ਅਖੀਰ ਵਿੱਚ ਖਣਿਜ ਕਿੱਥੇ ਜਾਣਗੇ। ਉਹ ਇਹ ਨਹੀਂ ਪੁੱਛਦੇ ਕਿ ਕੱਢੀ ਗਈ ਸਮੱਗਰੀ ਬੈਟਰੀਆਂ ਨੂੰ ਊਰਜਾ ਦੇਵੇਗੀ ਜਾਂ ਹਥਿਆਰਾਂ ਨੂੰ।
ਇਹ ਮਾਇਨੇ ਰੱਖਦਾ ਹੈ ਕਿਉਂਕਿ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੀਆਂ ਸਪਲਾਈ ਚੇਨਾਂ ਬਹੁਤ ਅਸਪਸ਼ਟ ਹਨ। ਖਣਿਜਾਂ ਨੂੰ ਕਈ ਅਧਿਕਾਰ ਖੇਤਰਾਂ ਵਿੱਚ ਮਿਲਾਇਆ ਜਾਂਦਾ ਹੈ, ਵੇਚਿਆ/ਖ੍ਰੀਦਿਆ ਜਾਂਦਾ ਹੈ, ਪ੍ਰੋਸੈੱਸ ਕੀਤਾ ਜਾਂਦਾ ਅਤੇ ਬਦਲਿਆਂ ਜਾਂਦਾ ਹੈ, ਇਸ ਲਈ ਉਹਨਾਂ ਦੀ ਅੰਤਿਮ ਵਰਤੋਂ ਦੀ ਸੂਹ ਲਾਉਣਾ (ਟਰੇਸ ਕਰਨਾ) ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਇਹ ਉਦੋਂ ਇੱਕ ਸਮੱਸਿਆ ਬਣ ਜਾਂਦਾ ਹੈ ਜਦੋਂ ਇਹਨਾਂ ਖਣਿਜਾਂ ਨੂੰ ਕੱਢਣ ਨੂੰ ਇਸ ਦਲੀਲ ਨਾਲ ਜਾਇਜ਼ ਠਹਿਰਾਇਆ ਜਾਂਦਾ ਹੈ ਕਿ ਕੈਨੇਡਾ ਨੂੰ ਘਰੇਲੂ ਪੱਧਰ `ਤੇ ਜਲਵਾਯੂ ਤਬਦੀਲੀ ਦੇ ਹੱਲ ਤਿਆਰ ਕਰਨ ਦੀ ਲੋੜ ਹੈ।
ਇਸ ਦਲੀਲ ਅਧੀਨ ਵਾਤਾਵਰਨ ਮੁਲਾਂਕਣਾਂ (ਇਨਵਾਇਰਮੈਂਟਲ ਅਸੈੱਸਮੈਂਟਾਂ) ਅਤੇ ਮੂਲ ਨਿਵਾਸੀਆਂ ਨਾਲ ਸਲਾਹ-ਮਸ਼ਵਰੇ ਨੂੰ ਜਲਵਾਯੂ ਦੀ ਤਬਦੀਲੀ ਬਾਰੇ ਤੁਰੰਤ ਕਾਰਵਾਈ ਕਰਨ ਦੇ ਰਾਹ ਵਿੱਚ ਬੇਲੋੜੀਆਂ ਰੁਕਾਵਟਾਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਚੌਣ ਮੁਹਿੰਮ ਦੌਰਾਨ ਕਾਰਨੀ ਵੱਲੋਂ “ਬਿਲਡ ਬੇਬੀ, ਬਿਲਡ ਭਾਵ ਉਸਾਰੀ ਅਤੇ ਹੋਰ ਉਸਾਰੀ” ਦੇ ਕੀਤੇ ਵਾਅਦਿਆਂ ਦਾ ਨਤੀਜਾ ਅਜਿਹੇ ਫੈਡਰਲ ਅਤੇ ਸੂਬਾਈ ਕਾਨੂੰਨਾਂ ਵਿੱਚ ਨਿਕਲਿਆ ਹੈ ਜੋ “ਰਾਸ਼ਟਰੀ ਹਿਤ” ਵਿੱਚ ਮੰਨੇ ਜਾਣ ਵਾਲੇ ਪ੍ਰੋਜੈਕਟਾਂ ਦੁਆਲੇ “ਰੈੱਡ ਟੇਪ ਭਾਵ ਲਾਲਾ ਫੀਤਾਸ਼ਾਹੀ” ਨੂੰ ਘਟਾਉਂਦੇ ਹਨ।
ਔਟਾਵਾ ਸਿਰਫ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਉੱਤੇ ਅਮਰੀਕਾ ਦਾ ਕਬਜ਼ਾ ਹੁੰਦਾ ਹੀ ਨਹੀਂ ਦੇਖ ਰਿਹਾ, ਸਗੋਂ ਉਹ ਇਸ ਦੇ ਖਰਚਿਆਂ ਦੀ ਅਦਾਇਗੀ ਵਿੱਚ ਮਦਦ ਕਰ ਰਿਹਾ ਹੈ। ਜਿਵੇਂ ਕਿ ਟ੍ਰਾਂਜ਼ਿਸ਼ਨ ਸਿਕਿਉਰਿਟੀ ਪ੍ਰੋਜੈਕਟ ਬਾਰੇ ਖੋਜ ਦਰਸਾਉਂਦੀ ਹੈ ਕਿ ਅਮਰੀਕਾ ਦੇ ਜੰਗੀ ਵਿਭਾਗ (ਡਿਪਾਰਟਮੈਂਟ ਆਫ ਵਾਰ) ਵਲੋਂ ਹਾਲ ਵਿੱਚ ਹੀ ਕੀਤੇ ਹਰ ਇਕ ਨਿਵੇਸ਼ ਵਿੱਚ ਕੈਨੇਡਾ ਦੇ ਜਨਤਕ ਫੰਡਾਂ ਵਿੱਚੋਂ ਪੈਸੇ ਦੇ ਕੇ ਵਾਧਾ ਕੀਤਾ ਗਿਆ ਹੈ। ਜਦੋਂ ਕਿ ਪੈਂਟਾਗਨ ਨੇ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੇ ਉੱਪਰ ਦੱਸੇ ਗਏ ਛੇ ਕੈਨੇਡੀਅਨ ਪ੍ਰੋਜੈਕਟਾਂ ਲਈ 7 ਕ੍ਰੋੜ 80 ਲੱਖ (78 ਮਿਲੀਅਨ) ਅਮਰੀਕੀ ਡਾਲਰ ਤੋਂ ਵੱਧ ਫੰਡ ਅਲਾਟ ਕੀਤੇ, ਕੈਨੇਡੀਅਨ ਸਰਕਾਰ ਨੇ ਉਹਨਾਂ ਨਿਵੇਸ਼ਾਂ ਲਈ 6 ਕ੍ਰੋੜ 90 ਲੱਖ (69 ਮਿਲੀਅਨ) ਕੈਨੇਡੀਅਨ ਡਾਲਰ ਦੇ ਕੇ ਸਾਡੇ ਕੁਦਰਤੀ ਸ੍ਰੋਤਾਂ ਦੇ ਖੇਤਰ ਵਿੱਚ ਅਮਰੀਕਨ ਸਟੇਟ ਦੇ ਪ੍ਰਭਾਵ ਨੂੰ ਕਾਰਗਰ ਢੰਗ ਨਾਲ ਸਬਸਿਡੀ ਦਿੱਤੀ।
ਇਹ ਵਰਤਾਰਾ ਸਿਰਫ਼ ਕੈਨੇਡਾ ਦੀ ਅਜ਼ਾਦੀ, ਜਲਵਾਯੂ ਅਤੇ ਵਾਤਾਵਰਨ ਲਈ ਹੀ ਖਤਰਾ ਨਹੀਂ ਹੈ, ਸਗੋਂ ਇਹ ਮੂਲਵਾਸੀਆਂ ਦੀ ਖ਼ੁਦਮੁਖ਼ਤਿਆਰੀ ਲਈ ਵੀ ਇੱਕ ਖ਼ਤਰਾ ਹੈ। ਜੇਕਰ ਮੂਲਵਾਸੀਆਂ ਦੇ ਖੇਤਰਾਂ ਵਿੱਚੋਂ ਖਣਿਜ ਹਥਿਆਰ ਬਣਾਉਣ ਲਈ ਕੱਢੇ ਜਾ ਰਹੇ ਹਨ, ਤਾਂ ਕੀ ਇਸ ਬਾਰੇ ਸਥਾਨਕ ਫਸਟ ਨੇਸ਼ਨਜ਼ ਨੂੰ ਪਤਾ ਨਹੀਂ ਲੱਗਣਾ ਚਾਹੀਦਾ? ਕੀ ਉਹ ਇਸ ਬਾਰੇ ਇਨਕਾਰ ਕਰ ਸਕਦੇ ਹਨ? ਪ੍ਰਭਾਵਿਤ ਫਸਟ ਨੇਸ਼ਨਾਂ ਨੂੰ ਜਲਵਾਯੂ ਬਾਰੇ ਕਾਰਵਾਈ ਦੇ ਨਾਮ ‘ਤੇ ਆਪਣੀਆਂ ਜੱਦੀ ਧਰਤੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਸਹਿਣ ਲਈ ਕਿਹਾ ਜਾ ਰਿਹਾ ਹੈ, ਜਦੋਂ ਕਿ ਅਸਲੀ ਮਕਸਦ ਅਮਰੀਕਾ ਦਾ ਫੌਜੀ ਵਿਸਤਾਰ ਹੋ ਸਕਦਾ ਹੈ।
ਮੂਲਵਾਸੀਆਂ ਵਲੋਂ ਕੈਨੇਡਾ ਭਰ ਵਿੱਚ ਵਿਰੋਧ ਹੋ ਰਿਹਾ ਹੈ। ਕਿਟੀਗਨ ਜ਼ੀਬੀ ਅਨੀਸ਼ਿਨਾਬੇਗ ਫਸਟ ਨੇਸ਼ਨ ਨੇ ਗ੍ਰੇਫਾਈਟ ਦੀ ਲਾ ਲੂਤਰੇ ਖਾਣ ਦਾ ਸਖ਼ਤ ਵਿਰੋਧ ਕੀਤਾ ਹੈ ਜਿਸ ਕਰਕੇ ਕਿਊਬਕ ਨੇ “ਸੋਸ਼ਲ ਐਕਸੈਪਟੇਬਿਲਟੀ ਭਾਵ ਸਮਾਜਕ ਪ੍ਰਵਾਨਗੀ” ਦੀ ਘਾਟ ਕਰਕੇ ਪ੍ਰੋਜੈਕਟ ਨੂੰ ਫੰਡ ਦੇਣ ਤੋਂ ਇਨਕਾਰ ਕੀਤਾ ਹੈ। ਅਲਾਸਕਾ ਵਿੱਚ ਟ੍ਰਾਇਲੋਜੀ ਮੈਟਲਜ਼ ਵੱਲੋਂ ਤਾਂਬੇ ਅਤੇ ਕੋਬਾਲਟ ਦੇ ਭੰਡਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਬਣਾਈਆਂ ਜਾਣ ਵਾਲੀਆਂ ਖਣਨ ਸੜਕਾਂ (ਮਾਈਨਿੰਗ ਰੋਡਜ਼) ਦੇ ਪ੍ਰਸਤਾਵ ਦਾ ਅਲਾਸਕਾ ਦੇ 40 ਮੂਲਵਾਸੀ ਕਬੀਲਿਆਂ ਵਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ।
ਨਿਊਬਰਨਜ਼ਵਿਕ ਵਿੱਚ ਨੌਰਥਕਲਿੱਫ ਰਿਸੋਰਸਜ਼ ਦੀ ਮਲਕੀਅਤ ਵਾਲੇ ਪ੍ਰਸਤਾਵਿਤ ਸਿਸਨ ਟੰਗਸਟਨ ਪ੍ਰੋਜੈਕਟ ਲਈ ਪੈਂਟਾਗਨ ਵਲੋਂ 1 ਕ੍ਰੋੜ 50 ਲੱਖ (15 ਮਿਲੀਅਨ) ਅਮਰੀਕਨ ਡਾਲਰ ਦਿੱਤੇ ਗਏ ਹਨ। ਟੰਗਸਟਨ ਕਾਰਬਾਈਡ ਇਕ ਬਹੁਤ ਹੀ ਸਖਤ ਧਾਤ ਹੈ ਜਿਸ ਦੀ ਵਰਤੋਂ ਬਕਤਰਬੰਦ ਸਮੱਗਰੀ (ਆਰਮਰ) ਨੂੰ ਤੋੜਨ ਲਈ ਕੀਤੀ ਜਾਂਦੀ ਹੈ। ਵੋਲਾਸਟੋਕਵੇ ਦੇ ਆਗੂ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਹਨ। ਇਕ ਬਜ਼ੁਰਗ ਆਲਮਾ ਬਰੂਕਸ ਨੇ ਕਿਹਾ ਹੈ ਕਿ ਉਹ “ਅਮਰੀਕਾ ਜਾਂ ਕੈਨੇਡਾ ਦੀਆਂ ਫੌਜਾਂ ਦੀਆਂ ਜੰਗੀ ਕੋਸ਼ਿਸ਼ਾਂ ਵਿੱਚ ਸਹਾਇਤਾ ਕਰਨ ਵਾਲੀ ਕਿਸੇ ਵੀ ਚੀਜ਼ ਦੇ ਬਿਲਕੁਲ ਅਤੇ ਪੂਰੀ ਤਰ੍ਹਾਂ ਖ਼ਿਲਾਫ਼ ਹਨ।”
ਪੈਂਟਾਗਨ ਦੀ ਨਵੀਂ ਨਿਵੇਸ਼ ਰਣਨੀਤੀ ਤੋਂ ਇਕ ਜਨਤਕ ਸਮਝ ਬਣਨੀ ਚਾਹੀਦੀ ਹੈ। ਕੈਨੇਡਾ ਸਿਰਫ਼ ਇੱਕ ਗਰੀਨ ਇਕਾਨਮੀ (ਹਰੀ ਆਰਥਿਕਤਾ) ਨਹੀਂ ਉਸਾਰ ਰਿਹਾ ਸਗੋਂ ਇਸ ਨੂੰ ਅਮਰੀਕਾ ਦੀ ਜੰਗੀ ਸਨਅਤ ਨਾਲ ਹੋਰ ਡੂੰਘਾਈ ਨਾਲ ਜੋੜਿਆ ਜਾ ਰਿਹਾ ਹੈ।
(ਇਹ ਆਰਟੀਕਲ ਪਹਿਲੀ ਵਾਰ ਆਨਲਾਈਨ ਸਾਈਟ ਬ੍ਰੀਚ ਮੀਡੀਆ (https://breachmedia.ca) ’ਤੇ 22 ਮਈ 2026 ਨੂੰ ਛਪਿਆ ਸੀ। ਪੰਜਾਬੀ ਪਾਠਕਾਂ ਲਈ ਇਸ ਦਾ ਅਨੁਵਾਦ ਪੇਸ਼ ਹੈ।)
ਕੈਨੇਡਾ ਦੀਆਂ ਖਾਣਾਂ ਵਿੱਚ ਪੈਂਟਾਗਨ ਦਾ ਵੱਧ ਰਿਹਾ ਪੂੰਜੀ ਨਿਵੇਸ਼

