ਵੈਨਕੂਵਰ (ਏਕਜੋਤ ਸਿੰਘ): ਇਲੈਕਸ਼ਨਜ਼ ਕੈਨੇਡਾ ਨੇ ਸੋਮਵਾਰ ਨੂੰ ਇੱਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਚੀਫ ਇਲੈਕਟੋਰਲ ਅਫਸਰ ਸਟੀਫਨ ਪਰੌਲਟ ਨੂੰ ਹਾਊਸ ਆਫ ਕਾਮਨਜ਼ ਦੇ ਸਪੀਕਰ ਵੱਲੋਂ ਅਧਿਕਾਰਤ ਨੋਟਿਸ ਪ੍ਰਾਪਤ ਹੋਇਆ ਹੈ। ਇਸ ਨੋਟਿਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਬ੍ਰਿਟਿਸ਼ ਕੋਲੰਬੀਆ ਦੀ ਨੌਰਥ ਵੈਨਕੂਵਰ-ਕੈਪਿਲਾਨੋ ਅਤੇ ਕਿਊਬਿਕ ਦੀ ਸੇਂਟ-ਹਾਇਸਿੰਥ-ਬੈਗੋਟ-ਐਕਟਨ ਸੀਟਾਂ ਹੁਣ ਖਾਲੀ ਹੋ ਗਈਆਂ ਹਨ। ਫੈਡਰਲ ਸੰਸਦ ਵਿੱਚ ਇਹਨਾਂ ਖਾਲੀ ਹੋਈਆਂ ਸੀਟਾਂ ਨੂੰ ਭਰਨ ਲਈ ਆਉਣ ਵਾਲੇ ਦਿਨਾਂ ਵਿੱਚ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ।
ਕਾਨੂੰਨੀ ਨਿਯਮਾਂ ਅਨੁਸਾਰ ਇਹਨਾਂ ਜ਼ਿਮਨੀ ਚੋਣਾਂ ਦੀ ਤਰੀਕ ਦਾ ਐਲਾਨ 3 ਜੁਲਾਈ ਤੋਂ 19 ਦਸੰਬਰ ਦੇ ਵਿਚਕਾਰ ਕੀਤਾ ਜਾਣਾ ਲਾਜ਼ਮੀ ਹੈ। ਇਸ ਅਧਿਕਾਰਤ ਐਲਾਨ ਦੇ ਨਾਲ ਹੀ ਇਹਨਾਂ ਇਲਾਕਿਆਂ ਵਿੱਚ ਜ਼ਿਮਨੀ ਚੋਣਾਂ ਦੇ ਸਮੇਂ ਦੀ ਸ਼ੁਰੂਆਤ ਹੋ ਗਈ ਹੈ, ਜਿਸ ਨਾਲ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਵੋਟਿੰਗ ਵਾਲੇ ਦਿਨ ਨੂੰ ਲੈ ਕੇ ਵੀ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਚੋਣ ਨਿਯਮਾਂ ਅਨੁਸਾਰ ਜ਼ਿਮਨੀ ਚੋਣਾਂ ਹਮੇਸ਼ਾ ਸੋਮਵਾਰ ਵਾਲੇ ਦਿਨ ਹੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਇਹ ਸ਼ਰਤ ਵੀ ਹੈ ਕਿ ਚੋਣਾਂ ਦਾ ਦਿਨ ਚੋਣਾਂ ਦੇ ਐਲਾਨ ਵਾਲੇ ਦਿਨ ਤੋਂ ਘੱਟੋ-ਘੱਟ 36 ਦਿਨ ਬਾਅਦ ਅਤੇ ਵੱਧ ਤੋਂ ਵੱਧ 50 ਦਿਨਾਂ ਦੇ ਅੰਦਰ ਆਉਣਾ ਚਾਹੀਦਾ ਹੈ। ਇਹ ਸਮਾਂ ਹੱਦ ਇਸ ਲਈ ਰੱਖੀ ਗਈ ਹੈ ਤਾਂ ਜੋ ਉਮੀਦਵਾਰਾਂ ਅਤੇ ਵੋਟਰਾਂ ਨੂੰ ਢੁਕਵਾਂ ਸਮਾਂ ਮਿਲ ਸਕੇ।
ਇਹਨਾਂ ਸਾਰੀਆਂ ਤਰੀਕਾਂ ਅਤੇ ਨਿਯਮਾਂ ਦੇ ਹਿਸਾਬ ਨਾਲ ਜੇਕਰ ਦੇਖਿਆ ਜਾਵੇ ਤਾਂ ਨੌਰਥ ਵੈਨਕੂਵਰ-ਕੈਪਿਲਾਨੋ ਅਤੇ ਸੇਂਟ-ਹਾਇਸਿੰਥ-ਬੈਗੋਟ-ਐਕਟਨ ਵਿੱਚ ਜ਼ਿਮਨੀ ਚੋਣਾਂ ਕਰਵਾਉਣ ਦੀ ਸਭ ਤੋਂ ਪਹਿਲੀ ਸੰਭਾਵਿਤ ਤਰੀਕ 10 ਅਗਸਤ ਦਿਨ ਸੋਮਵਾਰ ਬਣਦੀ ਹੈ। ਵੋਟਰਾਂ ਅਤੇ ਰਾਜਨੀਤਿਕ ਪਾਰਟੀਆਂ ਦੀਆਂ ਨਜ਼ਰਾਂ ਹੁਣ ਚੋਣ ਕਮਿਸ਼ਨ ਵੱਲੋਂ ਤਰੀਕ ਦੇ ਕੀਤੇ ਜਾਣ ਵਾਲੇ ਅੰਤਿਮ ਐਲਾਨ ‘ਤੇ ਟਿਕੀਆਂ ਹੋਈਆਂ ਹਨ। ਫੈਡਰਲ ਰਾਜਨੀਤੀ ਵਿੱਚ ਇਹਨਾਂ ਦੋਹਾਂ ਸੀਟਾਂ ਦੀ ਆਪਣੀ ਅਹਿਮ ਭੂਮਿਕਾ ਹੈ। This report was written by Ekjot Singh as part of the Local Journalism Initiative.

