ਸਰੀ, (ਦਿਵਰੂਪ ਕੌਰ): ਫੈਡਰਲ ਸਰਕਾਰ ਅਤੇ ਟੈਲਸ ਕੰਪਨੀ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿੱਚ ਆਮ ਲੋਕਾਂ ਦੇ ਵਿਰੋਧ ਦੇ ਬਾਵਜੂਦ ਤਿੰਨ ਵੱਡੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਡੇਟਾ ਸੈਂਟਰ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦੇ ਐਲਾਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸਰਕਾਰ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਕਰੀਬ 9 ਅਰਬ ਡਾਲਰ ਦੀ ਆਰਥਿਕ ਸਰਗਰਮੀ ਪੈਦਾ ਹੋਵੇਗੀ ਅਤੇ ਸੈਕੜੇ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਪਰ ਸਥਾਨਕ ਵਸਨੀਕਾਂ ਨੇ ਇਨ੍ਹਾਂ ਡਾਟਾ ਸੈਂਟਰਾਂ ਬਾਰੇ ਗੰਭੀਰ ਚਿੰਤਾ ਜਤਾਉਂਦੇ ਹੋਏ ਇਨ੍ਹਾਂ ਡਾਟਾ ਸੈਂਟਰਾ ਦਾ ਵਿਰੋਧ ਕੀਤਾ ਹੈ।
ਵੈਨਕੂਵਰ ਸਥਿਤ ਟੈਲਸ ਦੇ ਮੁੱਖ ਦਫ਼ਤਰ ਵਿੱਚ ਕੀਤੇ ਗਏ ਐਲਾਨ ਮੁਤਾਬਕ ਕੰਪਨੀ ਕਮਲੂਪਸ ਵਿੱਚ ਆਪਣੇ ਮੌਜੂਦਾ ਡੇਟਾ ਸੈਂਟਰ ਦਾ ਵਿਸਥਾਰ ਕਰੇਗੀ ਅਤੇ ਵੈਨਕੂਵਰ ਵਿੱਚ ਦੋ ਨਵੇਂ ਏਆਈ ਕੇਂਦਰ ਸਥਾਪਤ ਕੀਤੇ ਜਾਣਗੇ। ਇਹ ਸੈਂਟਰ ਆਮ ਡੇਟਾ ਸੈਂਟਰਾਂ ਨਾਲੋਂ ਵੱਖਰੇ ਹੋਣਗੇ ਕਿਉਂਕਿ ਇਨ੍ਹਾਂ ਵਿੱਚ ਸਿਰਫ਼ ਡੇਟਾ ਸਟੋਰ ਕਰਨ ਦੀ ਬਜਾਏ ਏਆਈ ਮਾਡਲਾਂ ਦੀ ਸਿਖਲਾਈ, ਵਿਕਾਸ ਅਤੇ ਸੰਚਾਲਨ ਦਾ ਕੰਮ ਵੀ ਕੀਤਾ ਜਾਵੇਗਾ।
ਪ੍ਰਸਤਾਵਿਤ ਪ੍ਰੋਜੈਕਟਾਂ ਵਿੱਚ ਮਾਊਂਟ ਪਲੇਜ਼ੈਂਟ ਖੇਤਰ ਵਿੱਚ 1 ਲੱਖ ਵਰਗ ਫੁੱਟ ਦਾ ਕੇਂਦਰ ਅਤੇ ਡਾਊਨਟਾਊਨ ਵੈਨਕੂਵਰ ਵਿੱਚ ਬੀਸੀ ਪਲੇਸ ਸਟੇਡੀਅਮ ਦੇ ਨੇੜੇ 4 ਲੱਖ ਵਰਗ ਫੁੱਟ ਦਾ ਵਿਸ਼ਾਲ ਵਿਕਾਸ ਸ਼ਾਮਲ ਹੈ। ਦੋਵੇਂ ਖੇਤਰ ਸੰਘਣੀ ਆਬਾਦੀ ਵਾਲੇ ਹਨ, ਜਿਸ ਕਾਰਨ ਸਥਾਨਕ ਲੋਕਾਂ ਵੱਲੋਂ ਵਾਤਾਵਰਨ, ਸ਼ੋਰ ਅਤੇ ਊਰਜਾ ਦੀ ਖਪਤ ਬਾਰੇ ਸਵਾਲ ਉਠਾਏ ਜਾ ਰਹੇ ਹਨ। ਪ੍ਰੋਜੈਕਟ ਡਿਵੈਲਪਰ ਵੈਸਟਬੈਂਕ ਨੇ ਕਿਹਾ ਹੈ ਕਿ ਇਨ੍ਹਾਂ ਯੋਜਨਾਵਾਂ ਲਈ ਵਿਸਤ੍ਰਿਤ ਜਨਤਕ ਸਲਾਹ-ਮਸ਼ਵਰਾ ਕੀਤਾ ਗਿਆ ਹੈ ਅਤੇ ਕਿਸੇ ਵੀ ਰਿਹਾਇਸ਼ੀ ਇਲਾਕੇ ਜਾਂ ਖੇਤੀਬਾੜੀ ਵਾਲੀ ਜ਼ਮੀਨ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਮਾਰਤਾਂ ਨੂੰ ਆਕਰਸ਼ਕ ਡਿਜ਼ਾਈਨ ਨਾਲ ਤਿਆਰ ਕੀਤਾ ਜਾਵੇਗਾ ਅਤੇ ਸ਼ੋਰ ਪ੍ਰਦੂਸ਼ਣ ਘਟਾਉਣ ਲਈ ਆਧੁਨਿਕ ਤਕਨੀਕਾਂ ਵਰਤੀਆਂ ਜਾਣਗੀਆਂ।
ਟੈਲਸ ਮੁਤਾਬਕ ਤਿੰਨੇ ਪ੍ਰੋਜੈਕਟ ਲਗਭਗ 1,000 ਨਿਰਮਾਣ ਅਤੇ ਵਿਕਾਸ ਨਾਲ ਸਬੰਧਤ ਨੌਕਰੀਆਂ ਪੈਦਾ ਕਰਨਗੇ, ਜਦਕਿ ਸੰਚਾਲਨ ਸ਼ੁਰੂ ਹੋਣ ਤੋਂ ਬਾਅਦ 525 ਸਥਾਈ ਅਤੇ ਉੱਚ-ਕੁਸ਼ਲਤਾ ਵਾਲੀਆਂ ਨੌਕਰੀਆਂ ਉਪਲਬਧ ਹੋਣਗੀਆਂ। ਕੰਪਨੀ ਦਾ ਕਹਿਣਾ ਹੈ ਕਿ ਇਹ ਕੇਂਦਰ 98 ਫੀਸਦੀ ਨਵਿਆਉਣਯੋਗ ਊਰਜਾ ‘ਤੇ ਚਲਣਗੇ, ਜੋ ਬੀਸੀ ਹਾਈਡਰੋ ਤੋਂ ਪ੍ਰਾਪਤ ਕੀਤੀ ਜਾਵੇਗੀ। ਜ਼ਿਰਕਯੋਗ ਹੈ ਕਿ ਟੈਲਸ ਕੰਪਨੀ ਦੁਆਰਾ ਪਹਿਲਾਂ ਹੀ ਜ਼ਿਆਦਾਤਰ ਨੌਕਰੀਆਂ ਆਫਸ਼ੌਅਰਿੰਗ (ਦੂਸਰੇ ਦੇਸ਼ਾਂ) ’ਚ ਦਿੱਤੀਆਂ ਹੋਈਆਂ ਹਨ। ਜਦ ਕਿ ਉਨ੍ਹਾਂ ਦੇ ਖਪਤਕਾਰ ਜ਼ਿਆਦਾਤਰ ਕੈਨੇਡੀਅਨ ਹਨ ਅਤੇ ਲੋਕ ਹੁਣ ਟੈਲਸ ਦੀ ਹਜ਼ਾਰ ਨੌਕਰੀਆਂ ਵਾਲੀ ਗੱਲ ‘ਤੇ ਵਿਸ਼ਵਾਸ ਨਹੀਂ ਕਰ ਰਹੇ।
ਹਾਲਾਂਕਿ ਇਸ ਯੋਜਨਾ ਨੂੰ ਲੈ ਕੇ ਵਿਰੋਧ ਵੀ ਸਾਹਮਣੇ ਆ ਰਿਹਾ ਹੈ। ਫੈਡਰਲ ਐਨਡੀਪੀ ਆਗੂ ਏਵੀ ਲੂਈਸ ਨੇ ਕਿਹਾ ਕਿ ਦੇਸ਼ ਨੂੰ ਵੱਡੇ ਕਾਰਪੋਰੇਟ ਏਆਈ ਡੇਟਾ ਸੈਂਟਰਾਂ ਦੀ ਬਜਾਏ ਕਿਫਾਇਤੀ ਰਿਹਾਇਸ਼, ਜਨਤਕ ਕਰਿਆਨਾ ਸਟੋਰਾਂ ਅਤੇ ਸਾਫ਼ ਊਰਜਾ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੀ ਲੋੜ ਹੈ। ਉਨ੍ਹਾਂ ਨੇ ਨਵੇਂ ਏਆਈ ਡੇਟਾ ਸੈਂਟਰਾਂ ਦੇ ਨਿਰਮਾਣ ‘ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਇਸ ਖੇਤਰ ਲਈ ਸਪੱਸ਼ਟ ਸੰਘੀ ਨਿਯਮ ਬਣਾਏ ਜਾਣੇ ਚਾਹੀਦੇ ਹਨ। ਇਸ ਦੇ ਬਾਵਜੂਦ ਸੰਘੀ ਸਰਕਾਰ, ਬ੍ਰਿਟਿਸ਼ ਕੋਲੰਬੀਆ ਸਰਕਾਰ ਅਤੇ ਵੈਨਕੂਵਰ ਸ਼ਹਿਰ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਆਪਣਾ ਸਮਰਥਨ ਦਿੱਤਾ ਹੈ।
ਆਮ ਲੋਕਾਂ ਦੇ ਵਿਰੋਧ ਦੇ ਬਾਵਜੂਦ ਫੈਡਰਲ ਸਰਕਾਰ ਅਤੇ ਟੇਲਸ ਵੱਲੋਂ ਬੀ.ਸੀ. ਵਿੱਚ ਨਵੇਂ ਏ.ਆਈ. ਡੇਟਾ ਸੈਂਟਰਾਂ ਦਾ ਐਲਾਨ

