ਭਗਵਾਨ ਦਾਸ
ਪੰਜਾਬ, ਹਰਿਆਣਾ ਤੇ ਕੁਝ ਹੋਰ ਇਲਾਕਿਆਂ ’ਚ ਸ਼ਦੀਦ ਗਰਮੀ ਪੈ ਰਹੀ ਹੈ। ਪੰਜਾਬ ਦਾ ਤਾਪਮਾਨ ਤਾਂ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਹਾਲਾਂਕਿ ਪਿਛਲੇ ਦਿਨੀਂ ਮੀਂਹ ਪੈਣ ਨਾਲ ਭਾਵੇਂ ਤਾਪਮਾਨ ’ਚ ਕੁਝ ਕਮੀ ਆਈ ਸੀ। ਕਈ ਇਲਾਕੇ ਰਾਜਸਥਾਨ ਤੋਂ ਵੀ ਗਰਮ ਚੱਲ ਰਹੇ ਹਨ। ਰਾਜਸਥਾਨ ਰੇਤਲਾ ਇਲਾਕਾ ਹੋਣ ਕਾਰਨ ਉੱਥੇ ਰਾਤਾਂ ਜਲਦੀ ਠੰਢੀਆਂ ਹੋ ਜਾਂਦੀਆਂ ਹਨ। ਪਰ ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਰਾਤਾਂ ਵੀ ਗਰਮ ਚੱਲ ਰਹੀਆਂ ਹਨ।
ਪੰਜਾਬ ’ਚ ਜੰਗਲਾਤ ਹੇਠਲਾ ਰਕਬਾ ਬਾਕੀ ਸਭ ਰਾਜਾਂ ਨਾਲੋਂ ਘੱਟ ਹੈ। ਇੱਥੇ ਸੜਕਾਂ ਤੇ ਉਸਾਰੀ ਦੇ ਕੰਮਾਂ ਕਰਕੇ ਦਰੱਖਤ ਕੱਟੇ ਜਾ ਰਹੇ ਹਨ, ਜਿਸ ਨਾਲ ਵਾਤਾਵਰਨ ਹੋਰ ਖਰਾਬ ਹੋ ਰਿਹਾ ਹੈ। ਘਰੇਲੂ ਏਸੀਆਂ ਤੋਂ ਇਲਾਵਾ ਗੱਡੀਆਂ ਦੀ ਤਾਦਾਦ ਵੀ ਲਗਾਤਾਰ ਵਧ ਰਹੀ ਹੈ। ਅਜਿਹੇ ਮੌਸਮ ਵਿਚ ਹਰ ਵਿਅਕਤੀ ਹਰਿਆਵਲ ਤੇ ਨਵੇਂ ਬੂਟੇ ਲਗਾਉਣਾ ਚਾਹੁੰਦਾ ਹੈ। ਪਰ ਨਵੇਂ ਬੂਟੇ ਲਗਾਉਣ ਲਈ ਇਹ ਅਨੁਕੂਲ ਸਮਾਂ ਨਹੀਂ। ਬੂਟੇ ਗਰਮੀ ਕਾਰਨ ਮਰ ਜਾਂਦੇ ਹਨ। ਪ੍ਰਸਿੱਧ ਨੈਸ਼ਨਲ ਨਰਸਰੀ ਪਟਿਆਲਾ ਦੇ ਮਾਲਕ ਅਬਦੁਲ ਵਾਹਿਦ ਕਹਿੰਦੇ ਹਨ ਕਿ ਜੋ ਵਿਅਕਤੀ ਸਾਡੇ ਕੋਲ ਇਸ ਮੌਸਮ ’ਚ ਬੂਟੇ ਲੈਣ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਬੂਟੇ ਦੇਣ ਤੋਂ ਗੁਰੇਜ਼ ਕਰਦੇ ਹਾਂ ਅਤੇ ਸਮਝਾਉਂਦੇ ਹਾਂ ਕਿ ਬੂਟੇ ਸਹੀ ਸਮੇਂ ’ਤੇ ਹੀ ਲਗਾਓ। ਪਰ ਫਿਰ ਵੀ ਕੁੱਝ ਵਿਅਕਤੀ ਫੇਰੀ ਵਾਲਿਆਂ ਤੋਂ ਬੂਟੇ ਖਰੀਦ ਕੇ ਲਾ ਰਹੇ ਹਨ, ਜੋ ਚੱਲਣਗੇ ਨਹੀਂ। ਉਨ੍ਹਾਂ ਨੂੰ ਢੁਕਵੇਂ ਸਮੇਂ ’ਤੇ ਬੂਟੇ ਲਗਾਉਣੇ ਚਾਹੀਦੇ ਹਨ। ਅੱਜ-ਕੱਲ੍ਹ ਜ਼ਮੀਨ ਅਤੇ ਬੂਟਿਆਂ ਤੋਂ ਪਾਣੀ ਦਾ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ। ਨਵੇਂ ਲਗਾਏ ਬੂਟਿਆਂ ਦੀਆਂ ਜੜ੍ਹਾਂ ਵਧ ਫੁੱਲ ਨਹੀਂ ਸਕਦੀਆਂ ਤੇ ਬੂਟੇ ਜਲਦੀ ਹੀ ਸੁੱਕ ਜਾਂਦੇ ਹਨ। ਬੂਟੇ ਲਗਾਉਣ ਦਾ ਯੋਗ ਸਮਾਂ 15 ਜੁਲਾਈ ਤੋਂ 15 ਸਤੰਬਰ ਤੱਕ ਦਾ ਹੁੰਦਾ ਹੈ, ਜਦੋਂ ਮੌਨਸੂਨ ਹਵਾਵਾਂ ਰਾਹੀਂ ਬਾਰਿਸ਼ ਹੁੰਦੀ ਰਹਿੰਦੀ ਹੈ। ਨਵੇਂ ਲਗਾਏ ਬੂਟਿਆਂ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਨਵੇਂ ਬੂਟੇ ਹਫ਼ਤੇ ਵਿੱਚ ਦੋ ਵਾਰ ਪਾਣੀ ਮੰਗਦੇ ਹਨ। ਜਦੋਂ ਬੂਟਿਆਂ ’ਤੇ ਵੇਲਾਂ ਚੜ੍ਹ ਜਾਣ ਤਾਂ ਜੜ੍ਹਾਂ ਵਿੱਚ ਬਹੁਤ ਨਦੀਨ ਹੋ ਜਾਂਦੇ ਹਨ। ਇਸ ਲਈ ਗੋਡੀਆਂ ਕਰਨੀਆਂ ਪੈਂਦੀਆਂ ਹਨ। ਜਦੋਂ ਜੁਲਾਈ ਸਤੰਬਰ ਵਿੱਚ ਬੂਟੇ ਲਗਾਏ ਜਾਣ ਤਾਂ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਬੂਟਿਆਂ ਦਰਮਿਆਨ ਫ਼ਾਸਲਾ ਬੂਟੇ ਦੇ ਵਿਸਥਾਰ ਅਨੁਸਾਰ ਰੱਖਿਆ ਜਾਵੇ। ਜੇ ਬੂਟੇ ਦਾ ਵਿਸਥਾਰ ਘੱਟ ਹੋਣਾ ਹੋਵੇ ਤਾਂ 10 ਤੋਂ 15 ਫੁੱਟ ਦੇ ਫ਼ਾਸਲੇ ’ਤੇ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਜੇਕਰ ਵਿਸਥਾਰ ਜ਼ਿਆਦਾ ਹੋਣਾ ਹੋਵੇ ਤਾਂ 25- 30 ਫੁੱਟ ਦੇ ਫ਼ਾਸਲੇ ’ਤੇ ਲੱਗਦੇ ਹਨ।
ਬੂਟੇ ਲਗਾਉਣ ਤੋਂ ਪਹਿਲਾਂ ਯੋਗ ਆਕਾਰ ਦੇ ਟੋਏ ਪੁੱਟ ਲੈਣੇ ਚਾਹੀਦੇ ਹਨ। ਫੇਰ ਉਸ ਵਿੱਚ ਅੱਧੀ ਮਿੱਟੀ ਤੇ ਅੱਧੀ ਗਲ਼ੀ ਸੜੀ ਰੂੜੀ ਦੀ ਖਾਦ ਮਿਲਾ ਕੇ ਪਾਉਣੀ ਚਾਹੀਦੀ ਹੈ। ਬੂਟੇ ਲਗਾਉਣ ਤੋਂ ਪਹਿਲਾਂ ਇਸ ਨੂੰ ਪਾਣੀ ਦੇ ਦੇਣਾ ਚਾਹੀਦਾ ਹੈ। ਇਸ ਨਾਲ ਰੂੜੀ ਦੀ ਗਰਮਾਇਸ਼ ਘਟ ਜਾਂਦੀ ਹੈ ਅਤੇ ਟੋਏ ਦੀ ਮਿੱਟੀ ਹੇਠਾਂ ਬੈਠ ਜਾਂਦੀ ਹੈ। ਫੇਰ ਬੂਟੇ ਲਗਾਉਣ ਉਪਰੰਤ 30 ਮਿਲੀਲਿਟਰ ਕਲੋਰੋਪਾਇਰੀਫਾਸ 20 ਈ.ਸੀ. ਦਵਾਈ 10 ਲਿਟਰ ਪਾਣੀ ’ਚ ਘੋਲ ਕੇ ਪਾ ਦੇਣੀ ਚਾਹੀਦੀ ਹੈ। ਨਵੇਂ ਲਗਾਏ ਬੂਟੇ ਬੜੀ ਦੇਖਭਾਲ ਮੰਗਦੇ ਹਨ। ਸਿਉਂਕ ਤੋਂ ਬਚਾਉਣ ਲਈ ਛੇ ਮਹੀਨੇ ਬਾਅਦ ਦੁਬਾਰਾ ਬੂਟਿਆਂ ਨੂੰ ਕਲੋਰੋਪਾਇਰੀਫਾਸ ਦਵਾਈ ਪਾਉਣ ਦੀ ਲੋੜ ਹੈ। ਵਾਤਾਵਰਨ ਨੂੰ ਸ਼ੁੱਧ ਕਰਨ ਲਈ ਬਾਗ਼ਬਾਨੀ ਦੇ ਸਾਬਕਾ ਡਿਪਟੀ ਡਾਇਰੈਕਟਰ (ਰਿਟਾ.) ਡਾ. ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਖੁੱਲ੍ਹੀਆਂ ਪਈਆਂ ਥਾਵਾਂ ’ਤੇ ਪਿੱਪਲ ਅਤੇ ਨਿੰਮ ਦੇ ਦਰੱਖਤ ਲਾ ਦੇਣੇ ਚਾਹੀਦੇ ਹਨ। ਇਨ੍ਹਾਂ ਨਾਲ ਵਾਤਾਵਰਨ ਠੰਢਾ ਹੋਵੇਗਾ। ਅੱਜ-ਕੱਲ੍ਹ ਰਵਾਇਤੀ ਦਰੱਖਤ ਤਕਰੀਬਨ ਖ਼ਤਮ ਹੁੰਦੇ ਜਾ ਰਹੇ ਹਨ। ਪਿਲਕਣ, ਗੂਲਰ, ਬੋਹੜ, ਬਹੇੜਾ, ਮਹੂਆ, ਦੇਸੀ ਕਿੱਕਰ, ਸ਼ਰੀਹ, ਢੱਕ, ਜੰਡ, ਇਮਲੀ, ਟਾਹਲੀ, ਖੈਰ, ਰੇਰੂ, ਫਾਲਸਾ, ਫਲਾਹੀ, ਸ਼ਹਿਤੂਤ, ਮੌਲਸਰੀ, ਕਟਹਲ, ਸਿੰਬਲ, ਕਰੋਂਦਾ, ਕਚਨਾਰ, ਪੁਤਰਨ ਜੀਵਾ, ਬਿਲ, ਸੀਤਾ, ਅਸ਼ੋਕ, ਲਸੂੜਾ, ਹਰੜ, ਢੇਹੂ, ਸੰਭਾਲੂ, ਬਾਂਸ, ਅੰਜੀਰ, ਮਲੇ ਬੇਰ, ਵਣ, ਰਹੂੜਾ, ਕਰੀਰ, ਖਿਰਨੀ, ਤੇਂਦੂ, ਜਾਮਣ, ਦੇਸੀ ਅੰਬ ਤੇ ਚਮਰੋੜ ਵਰਗੇ ਬੂਟਿਆਂ ’ਚੋਂ ਚੁਣ ਕੇ ਬੂਟੇ ਲਾ ਦੇਣੇ ਚਾਹੀਦੇ ਹਨ। ਇਨ੍ਹਾਂ ਤੋਂ ਇਲਾਵਾ ਖੁਸ਼ਬੂਦਾਰ ਝਾੜੀਆਂ ਲਗਾਉਣ ਲਈ ਹਾਰ ਸ਼ਿੰਗਾਰ, ਰਾਤ ਦੀ ਰਾਣੀ, ਦਿਨ ਦਾ ਰਾਜਾ, ਮੋਤੀਆ, ਗਾਰਡੀਨੀਆ, ਚਿਲਟਾ, ਮਰਈਆ ਲਗਾਓ। ਖੁਸ਼ਬੂਦਾਰ ਦਰੱਖਤਾਂ ਲਈ ਕਣਕਚੰਪਾ, ਪਰੀਚੰਪਾ ਤੇ ਬੜਾਚੰਪਾ ’ਚੋਂ ਚੋਣ ਕਰ ਕੇ ਲਾਏ ਜਾ ਸਕਦੇ ਹਨ। ਇਸ ਨਾਲ ਵਾਤਾਵਰਣ ਖੁਸ਼ਗਵਾਰ ਰਹੇਗਾ। ਫੁੱਲਾਂ ਵਾਲੇ ਦਰੱਖਤ ਲਗਾਉਣ ਲਈ ਗੁਲਾਚੀਨ, ਬੋਤਲ ਬਰਸ਼, ਕੇਸੀਆ, ਜਾਵਾਨੀਕਾ, ਪਿੰਕ ਕੇਸੀਆ, ਮੈਕਸੀਕਾਨ, ਸਿਲਕ ਕਾਟਨ, ਟਰੀ ਗੁਲਮੋਹਰ, ਅਰਾਈਥਰੀਨਾ, ਨੀਲੀ ਗੁਲਮੋਹਰ ਆਦਿ ’ਚੋਂ ਚੋਣ ਕਰ ਕੇ ਲਾਏ ਜਾ ਸਕਦੇ ਹਨ। ਫੁੱਲਾਂ ਵਾਲੀਆਂ ਝਾੜੀਆਂ ਲਗਾਉਣ ਲਈ ਕਲੀਐਡਰਾ, ਯੂਫੋਰਬੀਆ, ਹਮੇਲੀਆ, ਜੈਟਰੋਫਾ, ਲਿਨਟਾਨਾ, ਰੁਸੇਲੀਆ, ਕੇਸੀਆ ਗਲੂਕਾ, ਮਰੋਣੀਆ, ਹਾਰ ਸ਼ਿੰਗਾਰ, ਮਰਈਆ ਆਦਿ ’ਚੋਂ ਲਗਾਇਆ ਜਾ ਸਕਦਾ ਹੈ। ਇਹ ਸਾਰੇ ਬੂਟੇ ਤੇ ਦਰੱਖਤ ਪੰਜਾਬ ਯੂਨੀਵਰਸਿਟੀ ਲੁਧਿਆਣਾ, ਬਾਗ਼ਬਾਨੀ ਵਿਭਾਗ ਪੰਜਾਬ, ਜੰਗਲਾਤ ਵਿਭਾਗ ਤੇ ਆਈ.ਏ.ਆਰ.ਆਈ. ਦੀਆਂ ਨਰਸਰੀਆਂ ਤੋਂ ਭਾਲ ਕਰਕੇ ਹਾਸਿਲ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਸੰਸਥਾਵਾਂ ਜਿਨ੍ਹਾਂ ਵਿੱਚ ‘ਰਾਊਂਡ ਗਲਾਸ ਫਾਊਂਡੇਸ਼ਨ ਪਟਿਆਲਾ’ ਅਤੇ ‘ਈਕੋ ਸਿੱਖ’ ਸੰਸਥਾਵਾਂ ਆਦਿ ਸ਼ਾਮਿਲ ਹਨ, ਉਪਰੋਕਤ ’ਚੋਂ ਕੁਝ ਬੂਟੇ ਮੁਫ਼ਤ ਵੀ ਸਪਲਾਈ ਕਰਦੀਆਂ ਹਨ। ਪਿੰਡਾਂ ਵਿੱਚ ਸ਼ਾਮਲਾਟ ਜ਼ਮੀਨਾਂ ਤੇ ਕੁਝ ਰੜੇ ਮੈਦਾਨ ਪਏ ਹਨ, ਜਿੱਥੇ ਵਾਤਾਵਰਣ ’ਚ ਸੁਧਾਰ ਲਿਆਉਣ ਲਈ ਦਰੱਖਤ ਲਗਾਉਣ ਦੀ ਲੋੜ ਹੈ। ਟਿਊਬਵੈੱਲਾਂ ’ਤੇ ਵੀ ਚਾਰ ਪੰਜ ਦਰੱਖਤ ਲਗਾਉਣੇ ਲਾਜ਼ਮੀ ਕਰ ਦੇਣੇ ਚਾਹੀਦੇ ਹਨ। ਹਰਿਆਵਲ ਵਧਾਉਣ ਲਈ ਪੰਜਾਬ ਸਰਕਾਰ ਨੂੰ ਸ਼ਹਿਰਾਂ ਵਿੱਚ ਘਰਾਂ ਦਾ ਨਕਸ਼ਾ ਪਾਸ ਕਰਨ ਸਮੇਂ ਇਹ ਸ਼ਰਤ ਲਗਾ ਦੇਣੀ ਚਾਹੀਦੀ ਹੈ ਕਿ ਘਰ ਬਣਾਉਣ ਵਾਲੇ ਵਿਅਕਤੀ ਨੂੰ ਇੱਕ ਬੂਟਾ ਘਰ ਵਿੱਚ ਲਗਾਉਣਾ ਹੀ ਪਵੇਗਾ। ਇਸ ਨਾਲ ਪੰਜਾਬ ਦੇ ਵਾਤਾਵਰਣ ਵਿੱਚ ਸੁਧਾਰ ਆਵੇਗਾ। ਵਿਹਲੀਆਂ ਪਈਆਂ ਥਾਵਾਂ, ਸੜਕਾਂ, ਨਹਿਰਾਂ, ਰੇਲਵੇ ਲਾਈਨਾਂ ਅਤੇ ਟਿਊਬਵੈੱਲਾਂ ’ਤੇ ਦਰੱਖਤ ਲਗਾਉਣ ਲਈ ਮਨਰੇਗਾ ਦੇ ਵਰਕਰਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਬਰਸਾਤ ਦੇ ਮੌਸਮ ਵਿੱਚ ਬੂਟੇ ਲਗਾਉਣ ਵਾਲੀ ਜਗ੍ਹਾ ’ਤੇ ਟੋਏ ਪੁੱਟ ਕੇ ਸਿੱਧੇ ਤੌਰ ’ਤੇ ਅੰਬਾਂ ਦੀਆਂ ਗੁਠਲੀਆਂ, ਜਾਮਣਾਂ/ਲੀਚੀ ਦੀਆਂ ਗਿਟਕਾਂ, ਕਟਹਲ, ਬਿੱਲ, ਲੁਕਾਠ ਤੇ ਫਾਲਸੇ ਦਾ ਬੀਜ ਆਦਿ ਬੀਜੇ ਜਾ ਸਕਦੇ ਹਨ। ਹਰੇਕ ਟੋਏ ਵਿਚ ਦੋ ਤੋਂ ਤਿੰਨ ਬੀਜ ਪਾਏ ਜਾਣ। ਲੇਵਲ ਜ਼ਮੀਨ ਦੇ ਪੱਧਰ ਤੋਂ 3- 4 ਇੰਚ ਨੀਵਾਂ ਹੋਣਾ ਚਾਹੀਦਾ ਹੈ।
ਪੰਜਾਬ ਵਿੱਚ ਜੰਗਲਾਤ ਹੇਠ ਰਕਬਾ ਵਧਾਉਣ ਦੀ ਲੋੜ ਕਿਉਂ

