19.1 C
Vancouver
Tuesday, July 14, 2026

ਤਪਸ਼ ਦੀ ਮਾਰ ਕਿਵੇਂ ਬਚਿਆ ਜਾਏ?

ਡਾ. ਗੁਰਿੰਦਰ ਕੌਰ
ਅਜਕੱਲ੍ਹ ਪੂਰੀ ਦੁਨੀਆ ਦੇ ਜ਼ਿਆਦਾਤਰ ਦੇਸ਼ ਗਰਮ ਲਹਿਰਾਂ ਦੀ ਮਾਰ ਹੇਠ ਹਨ। ਏਅਰ ਕੁਆਲਿਟੀ ਇੰਡੈਕਸ ਅਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਅੰਕੜਿਆਂ ਅਨੁਸਾਰ 22 ਮਈ 2026 ਨੂੰ ਦੁਨੀਆ ਦੇ ਕਈ ਮਹਾਂਦੀਪਾਂ ਵਿੱਚ ਭਾਰੀ ਤਪਸ਼ ਦਰਜ ਕੀਤੀ ਗਈ। ਮਈ ਮਹੀਨੇ ਦੌਰਾਨ ਅਮਰੀਕਾ, ਯੂਰਪ, ਅਫ਼ਰੀਕਾ ਅਤੇ ਏਸ਼ੀਆ ਦੇ ਕਈ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 44 ਤੋਂ 48 ਡਿਗਰੀ ਸੈਲਸੀਅਸ ਦੇ ਦਰਮਿਆਨ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਜਦੋਂ ਕਿਸੇ ਵੀ ਖੇਤਰ ਦਾ ਤਾਪਮਾਨ ਔਸਤ ਨਾਲੋਂ 5 ਡਿਗਰੀ ਸੈਲਸੀਅਸ ਵਧ ਜਾਂਦਾ ਹੈ ਤਾਂ ਉਹ ਖੇਤਰ ਗਰਮ ਲਹਿਰਾਂ ਤੋਂ ਅਸਰਅੰਦਾਜ਼ ਮੰਨਿਆ ਜਾਂਦਾ ਹੈ। ਦੁਨੀਆ ਭਰ ਵਿੱਚ ਮੈਦਾਨੀ, ਤੱਟਵਰਤੀ ਅਤੇ ਪਹਾੜੀ ਖੇਤਰਾਂ ਵਿੱਚ ਤਾਪਮਾਨ ਦੇ ਨਵੇਂ ਰਿਕਾਰਡ ਬਣ ਰਹੇ ਹਨ।
ਦੁਨੀਆ ਵਿੱਚ ਗਰਮੀਆਂ ਦੌਰਾਨ ਲੂ ਚੱਲਣਾ ਕੋਈ ਨਵਾਂ ਅਤੇ ਅਨੋਖਾ ਵਰਤਾਰਾ ਨਹੀਂ ਹੈ, ਪਰ ਧਰਤੀ ਦੇ ਔਸਤ ਤਾਪਮਾਨ ਵਿੱਚ ਇਨ੍ਹਾਂ ਗਰਮ ਲਹਿਰਾਂ ਦੇ ਆਉਣ ਦੇ ਸਮੇਂ, ਦਿਨਾਂ ਦੀ ਗਿਣਤੀ ਅਤੇ ਮਾਰੂ ਅਸਰ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਪਹਿਲਾਂ ਜਿਨ੍ਹਾਂ ਦੇਸ਼ਾਂ ਵਿੱਚ ਗਰਮ ਲਹਿਰਾਂ ਦਾ ਅਸਰ ਸਿਰਫ਼ ਕੁਝ ਦਿਨ ਰਹਿੰਦਾ ਸੀ, ਹੁਣ ਉੱਥੇ ਇਹ ਗਿਣਤੀ ਵਧ ਕੇ ਦੁੱਗਣੀ ਜਾਂ ਤਿੱਗਣੀ ਹੋ ਗਈ ਹੈ। ਉੱਤਰੀ ਅਮਰੀਕਾ, ਦੱਖਣੀ ਯੂਰਪ ਅਤੇ ਆਸਟਰੇਲੀਆ ਵਰਗੇ ਖੇਤਰਾਂ ਵਿੱਚ ਗਰਮ ਲਹਿਰਾਂ ਦੇ ਦਿਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। 2015 ਤੱਕ ਦੁਨੀਆ ਦੇ ਕੁਝ ਖਾਸ ਖੇਤਰ ਹੀ ਗਰਮ ਲਹਿਰਾਂ ਦੀ ਮਾਰ ਤੋਂ ਪ੍ਰਭਾਵਿਤ ਹੁੰਦੇ ਸਨ। ਅਫ਼ਸੋਸ 2024 ਵਿੱਚ ਇਨ੍ਹਾਂ ਖੇਤਰਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਸੀ, ਜਿਨ੍ਹਾਂ ਵਿੱਚ ਠੰਢੇ ਮੰਨੇ ਜਾਂਦੇ ਯੂਰਪੀਅਨ ਦੇਸ਼ ਅਤੇ ਕਈ ਤੱਟਵਰਤੀ ਰਾਜ ਵੀ ਸ਼ਾਮਿਲ ਸਨ।
ਤਪਸ਼ ਦੀ ਆਮਦ ਦੇ ਦਿਨਾਂ ਅਤੇ ਮਾਰੂ ਅਸਰ ਵਿੱਚ ਵਾਧਾ ਇਕਦਮ ਜਾਂ ਅਚਾਨਕ ਨਹੀਂ ਹੋਇਆ। ਇਸ ਵਰਤਾਰੇ ਬਾਰੇ ਦੁਨੀਆ ਦੇ ਵਿਗਿਆਨੀ ਕਈ ਦਹਾਕਿਆਂ ਤੋਂ ਚਿਤਾਵਨੀਆਂ ਦੇ ਰਹੇ ਹਨ। ਰਿਕਾਰਡ ਅਨੁਸਾਰ 2024 ਦਾ ਸਾਲ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ ਹੈ। 2024 ਵਿੱਚ ਧਰਤੀ ਦੇ ਔਸਤ ਤਾਪਮਾਨ ਵਿੱਚ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਔਸਤ ਤਾਪਮਾਨ ਨਾਲੋਂ 1.55 ਡਿਗਰੀ ਸੈਲਸੀਅਸ ਵਾਧਾ ਦਰਜ ਕੀਤਾ ਗਿਆ ਹੈ। ਰਿਕਾਰਡ ਅਨੁਸਾਰ ਪਹਿਲੀ ਵਾਰ ਹੈ ਕਿ ਪਿਛਲੇ ਤਿੰਨ ਸਾਲਾਂ 2023 ਤੋਂ 2025 ਦੌਰਾਨ ਧਰਤੀ ਦਾ ਔਸਤ ਤਾਪਮਾਨ ਉਦਯੋਗਿਕ ਇਨਕਲਾਬ ਤੋਂ ਪਹਿਲਾਂ ਦੇ ਤਾਪਮਾਨ ਤੋਂ ਲਗਾਤਾਰ 1.5 ਡਿਗਰੀ ਸੈਲਸੀਅਸ ਦੀ ਸੀਮਾ ਨੂੰ ਪਾਰ ਕਰ ਗਿਆ ਹੈ। 2015 ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਨੇ ਪੈਰਿਸ ਵਾਤਾਵਰਣ ਸਬੰਧੀ ਸਮਝੌਤੇ ਤਹਿਤ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਤੇਜ਼ੀ ਨਾਲ ਕਟੌਤੀ ਕਰ ਕੇ ਧਰਤੀ ਦੇ ਔਸਤ ਤਾਪਮਾਨ ਨੂੰ 2045 ਤੱਕ 1.5 ਡਿਗਰੀ ਸੈਲਸੀਅਸ ਤੱਕ ਦੇ ਵਾਧੇ ਤੱਕ ਸੀਮਿਤ ਕਰਨ ਦੀ ਯੋਜਨਾ ਉਲੀਕੀ ਸੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕਿਸੇ ਵੀ ਦੇਸ਼ ਦੀ ਫੈਡਰਲ ਸਰਕਾਰ ਨੇ ਇਸ ਉੱਤੇ ਸੰਜੀਦਗੀ ਨਾਲ ਅਮਲ ਨਹੀਂ ਕੀਤਾ, ਜਿਸ ਦੇ ਨਤੀਜੇ ਵਜੋਂ 2015 ਤੋਂ 2025 ਤੱਕ ਦੇ 11 ਸਾਲ ਹੁਣ ਤੱਕ ਦੇ ਸਭ ਤੋਂ ਗਰਮ ਸਾਲ ਰਹੇ ਹਨ।
ਪਹਿਲੀ ਵਾਰ 2014 ਵਿੱਚ ਇੰਟਰਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਦੀ 5ਵੀਂ ਰਿਪੋਰਟ ਨੇ ਤਾਪਮਾਨ ਦੇ ਵਾਧੇ ਨਾਲ ਹੋ ਰਹੀਆਂ ਮੌਸਮੀ ਤਬਦੀਲੀਆਂ ਬਾਰੇ ਚਿੰਤਾਜਨਕ ਤੱਥ ਜਾਰੀ ਕੀਤੇ ਸਨ ਅਤੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਤੇਜ਼ੀ ਨਾਲ ਕਟੌਤੀ ਨਾ ਕੀਤੀ ਗਈ ਤਾਂ ਦੁਨੀਆ ਦਾ ਕੋਈ ਵੀ ਦੇਸ਼ ਮੌਸਮੀ ਤਬਦੀਲੀਆਂ ਦੀ ਮਾਰ ਤੋਂ ਨਹੀਂ ਬਚ ਸਕੇਗਾ। ਪੂਰੀ ਦੁਨੀਆ ਉੱਤੇ ਮੌਸਮੀ ਤਬਦੀਲੀਆਂ ਦਾ ਅਸਰ ਭਿਆਨਕ ਰੂਪ ਲੈ ਰਿਹਾ ਹੈ। 2015 ਵਿੱਚ ਵਾਤਾਵਰਨ ਵਿੱਚ ਕਾਰਬਨ ਡਾਇਆਕਸਾਈਡ ਦੀ ਨਿਕਾਸੀ 399.40 ਪਾਰਟਸ ਪ੍ਰਤੀ ਮਿਲੀਅਨ ਸੀ, ਜਿਹੜੀ 2025 ਵਿੱਚ ਵਧ ਕੇ 427.35 ਪਾਰਟਸ ਪ੍ਰਤੀ ਮਿਲੀਅਨ ਹੋ ਗਈ ਹੈ।
ਪਿਛਲੇ 11 ਸਾਲਾਂ ਵਿੱਚ ਇਸ ਦੀ ਨਿਕਾਸੀ ਵਿੱਚ 2.53 ਪਾਰਟਸ ਪ੍ਰਤੀ ਮਿਲੀਅਨ ਦੀ ਦਰ ਨਾਲ ਸਾਲਾਨਾ ਵਾਧਾ ਹੋ ਰਿਹਾ ਹੈ। ਤਾਪਮਾਨ ਵਿੱਚ 1 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਗਰਮ ਲਹਿਰਾਂ ਦੀ ਆਮਦ ਵਿੱਚ 5 ਗੁਣਾ ਵਾਧਾ ਹੁੰਦਾ ਹੈ ਅਤੇ 2 ਡਿਗਰੀ ਦੇ ਵਾਧੇ ਨਾਲ 14 ਗੁਣਾ ਵਾਧਾ ਹੋਣ ਦੀ ਸੰਭਾਵਨਾ ਹੈ। ਤਾਪਮਾਨ ਦੇ ਵਾਧੇ ਨਾਲ ਸਿਰਫ਼ ਗਰਮ ਲਹਿਰਾਂ ਦੀ ਆਮਦ ਵਿੱਚ ਹੀ ਵਾਧਾ ਨਹੀਂ ਹੋਵੇਗਾ, ਸਗੋਂ ਇਸ ਨਾਲ ਸੋਕੇ ਅਤੇ ਜੰਗਲੀ ਅੱਗ ਵਰਗੀਆਂ ਘਟਨਾਵਾਂ ਵਿੱਚ ਵੀ ਕਈ ਗੁਣਾ ਵਾਧਾ ਹੋ ਜਾਵੇਗਾ।
ਇਸ ਸਾਲ ਗਰਮ ਲਹਿਰਾਂ ਦੀ ਆਮਦ ਨੂੰ ਸੁਪਰ ਐਲ ਨੀਨੋ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਜੋ ਇੱਕ ਕੁਦਰਤੀ ਵਰਤਾਰਾ ਹੈ। ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਐਲ ਨੀਨੋ ਵਾਲੇ ਸਾਲਾਂ ਵਿੱਚ ਔਸਤ ਤਾਪਮਾਨ ਵਿੱਚ ਭਾਰੀ ਵਾਧਾ ਹੋ ਜਾਂਦਾ ਹੈ।
ਧਰਤੀ ਦੇ ਔਸਤ ਤਾਪਮਾਨ ਵਿੱਚ ਵਾਧੇ ਦਾ ਕਾਰਨ ਮੁੱਖ ਤੌਰ ਉੱਤੇ ਮਨੁੱਖੀ ਗਤੀਵਿਧੀਆਂ ਹਨ। ਯੂਨਾਈਟਡ ਨੇਸ਼ਨਜ਼ ਦੇ ਇਨਵਾਰਇਨਮੈਂਟ ਪ੍ਰੋਗਰਾਮ ਦੀ 2023 ਦੀ ਇੱਕ ਰਿਪੋਰਟ ਅਨੁਸਾਰ ਮਨੁੱਖ ਨੇ ਆਪਣੀਆਂ ਗਤੀਵਿਧੀਆਂ ਦੁਆਰਾ ਧਰਤੀ ਦਾ 70 ਫ਼ੀਸਦੀ ਅਤੇ ਸਮੁੰਦਰਾਂ ਦਾ 66 ਫ਼ੀਸਦੀ ਹਿੱਸਾ ਬਦਲ ਕੇ ਰੱਖ ਦਿੱਤਾ ਹੈ। ਧਰਤੀ ਅਤੇ ਸਮੁੰਦਰ ਦੇ ਵਾਤਾਵਰਨ ਨੂੰ ਮਨੁੱਖ ਨੇ ਆਪਣੀਆਂ ਸੁੱਖ ਸਹੂਲਤਾਂ ਲਈ ਬਦਲ ਲਿਆ ਹੈ। ਮਨੁੱਖ ਨੇ ਆਪਣੇ ਵਸੇਬੇ ਲਈ ਪਿੰਡਾਂ, ਸ਼ਹਿਰਾਂ, ਸੜਕਾਂ ਅਤੇ ਹਰ ਤਰ੍ਹਾਂ ਦੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਦਿਆਂ ਜੰਗਲਾਂ ਨੂੰ ਅੰਨ੍ਹੇਵਾਹ ਵੱਢਿਆ ਹੈ, ਜਿਸ ਨਾਲ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧ ਗਈ ਹੈ।
ਇੱਕ ਤੋਂ ਦੂਜੇ ਥਾਂ ਜਾਣ ਲਈ ਮੋਟਰ ਗੱਡੀਆਂ, ਹਵਾਈ ਅਤੇ ਸਮੁੰਦਰੀ ਜਹਾਜ਼ਾਂ ਅਤੇ ਉਦਯੋਗਿਕ ਇਕਾਈਆਂ ਵਿੱਚ ਤੇਲ, ਕੋਲੇ, ਅਤੇ ਗੈਸ ਦੀ ਵਰਤੋਂ ਨਾਲ ਪੈਦਾ ਹੋਈਆਂ ਨਾਈਟਰੋਜਨ ਸਲਫਰ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ ਆਦਿ ਵਰਗੀਆਂ ਗੈਸਾਂ ਵਾਤਾਵਰਨ ਨੂੰ ਤੇਜ਼ੀ ਨਾਲ ਗਰਮ ਕਰ ਰਹੀਆਂ ਹਨ।
ਇਸ ਤੋਂ ਇਲਾਵਾ ਇਮਾਰਤਾਂ ਵਿੱਚ ਵਰਤਿਆ ਜਾਣ ਵਾਲਾ ਕੰਕਰੀਟ, ਸ਼ੀਸ਼ਾ, ਖੇਤੀਬਾੜੀ ਖੇਤਰ ਵਿੱਚ ਬਦਲਦਾ ਫ਼ਸਲੀ ਚੱਕਰ, ਵਧਦਾ ਸ਼ਹਿਰੀਕਰਨ, ਤੇਜ਼ੀ ਨਾਲ ਵੱਢੇ ਜਾਂਦੇ ਸਥਾਨਕ ਦਰੱਖ਼ਤ, ਪਿੰਡਾਂ ਤੇ ਸ਼ਹਿਰਾਂ ਵਿੱਚੋਂ ਘਟ ਰਹੀਆਂ ਚਰਾਗਾਹਾਂ ਅਤੇ ਬਾਗ਼ ਬਗੀਚੇ ਵੀ ਔਸਤ ਤਾਪਮਾਨ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਮਨੁੱਖ ਨੇ ਆਪਣੀਆਂ ਗਤੀਵਿਧੀਆਂ ਰਾਹੀਂ ਹਵਾ ਦੇ ਨਾਲ ਨਾਲ ਪਾਣੀ ਨੂੰ ਵੀ ਗਰਮ ਕਰ ਦਿੱਤਾ ਹੈ। ਦੁਨੀਆ ਭਰ ਦੇ ਦਰਿਆਵਾਂ ਉੱਤੇ ਉਨ੍ਹਾਂ ਦੀ ਸਮਰੱਥਾ ਨਾਲੋਂ ਵੱਧ ਡੈਮ ਬਣਾ ਕੇ ਉਨ੍ਹਾਂ ਦੀ ਹੋਂਦ ਨੂੰ ਹੀ ਖ਼ਤਰਾ ਖੜ੍ਹਾ ਕਰ ਦਿੱਤਾ ਹੈ।
ਸਥਾਨਕ ਜਲ ਸਰੋਤਾਂ ਵਿੱਚ ਕੂੜਾ ਕਰਕਟ ਸੁੱਟ ਕੇ ਉਨ੍ਹਾਂ ਦਾ ਪਾਣੀ ਇੰਨਾ ਗੰਧਲਾ ਕਰ ਦਿੱਤਾ ਹੈ ਕਿ ਉਨ੍ਹਾਂ ਕੋਲੋਂ ਲੰਘਣਾ ਵੀ ਔਖਾ ਹੋ ਗਿਆ ਹੈ। ਝੀਲਾਂ ਅਤੇ ਕੁਦਰਤੀ ਪਾਣੀ ਦੇ ਸੋਮੇ ਜਾਂ ਤਾਂ ਪੂਰ ਦਿੱਤੇ ਗਏ ਹਨ ਜਾਂ ਕੂੜੇਦਾਨਾਂ ਵਿੱਚ ਬਦਲ ਦਿੱਤੇ ਗਏ ਹਨ। ਇੱਥੋਂ ਤੱਕ ਕਿ ਸਮੁੰਦਰਾਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ, ਉਨ੍ਹਾਂ ਵਿੱਚ ਉਦਯੋਗਾਂ ਤੋਂ ਨਿਕਲੇ ਰਸਾਇਣ ਸੁੱਟ ਕੇ ਪਲੀਤ ਕਰ ਦਿੱਤਾ ਗਿਆ ਹੈ। ਗਰਮ ਤੇ ਗੰਧਲੀ ਹਵਾ, ਗਰਮ ਤੇ ਗੰਦਾ ਪਾਣੀ ਅਤੇ ਗੰਧਲਾ ਹੋਇਆ ਆਲਾ ਦੁਆਲਾ ਲੋਕਾਂ ਅਤੇ ਵਾਤਾਵਰਨ ਨੂੰ ਹਰ ਪਲ, ਹਰ ਘੜੀ ਹੋਰ ਤਪਸ਼ ਵੱਲ ਧੱਕ ਰਹੇ ਹਨ। ਗਰਮ ਲਹਿਰਾਂ ਕਾਰਨ ਦੁਨੀਆ ਭਰ ਵਿੱਚ ਲੋਕ ਹੀਟ ਸਟਰੋਕ, ਚਮੜੀ ਦੇ ਰੋਗ, ਪਾਣੀ ਦੀ ਕਮੀ ਵਰਗੀਆਂ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਪਸ਼ੂਆਂ ਅਤੇ ਪੰਛੀਆਂ ਉੱਤੇ ਵੀ ਗਰਮ ਹਵਾਵਾਂ ਦਾ ਮਨੁੱਖਾਂ ਵਾਂਗ ਹੀ ਅਸਰ ਹੁੰਦਾ ਹੈ। ਤਾਪਮਾਨ ਦੇ ਵਾਧੇ ਨਾਲ ਫ਼ਸਲਾਂ, ਫ਼ਲਾਂ, ਸਬਜ਼ੀਆਂ ਆਦਿ ਦਾ ਉਤਪਾਦਨ ਵੀ ਘਟ ਜਾਂਦਾ ਹੈ।
ਇਸ ਦੇ ਨਤੀਜੇ ਵਜੋਂ ਘੱਟ ਪੈਦਾਵਰ ਹੋਣ ਨਾਲ ਕਿਸਾਨਾਂ ਦੀ ਆਮਦਨੀ ਘਟੇਗੀ ਅਤੇ ਆਲਮੀ ਪੱਧਰ ਉੱਤੇ ਅਨਾਜ ਦੀ ਥੁੜ੍ਹ ਪੈਦਾ ਹੋ ਸਕਦੀ ਹੈ। ਅਨਾਜਾਂ ਦੀ ਥੁੜ੍ਹ ਕਾਰਨ ਮਹਿੰਗਾਈ ਵਧੇਗੀ ਅਤੇ ਅਨਾਜ ਪਦਾਰਥ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੇ। ਤਾਪਮਾਨ ਦੇ ਵਾਧੇ ਨਾਲ ਧਰਤੀ ਦੇ ਦੋਵਾਂ ਧਰੁਵਾਂ ਅਤੇ ਉੱਚੇ ਪਹਾੜਾਂ ਵਿਚਲੇ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਲੱਗ ਜਾਣਗੇ, ਜਿਸ ਕਾਰਨ ਸਮੁੰਦਰੀ ਪਾਣੀ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਹੋਣ ਨਾਲ ਤੱਟਵਰਤੀ ਸ਼ਹਿਰਾਂ ਦੇ ਡੁੱਬਣ ਦਾ ਖ਼ਤਰਾ ਵਧ ਜਾਵੇਗਾ। ਦੁਨੀਆ ਦੇ ਕਈ ਇਲਾਕਿਆਂ ਵਿੱਚ ਫਲੈਸ਼ ਫਲੱਡ ਆਉਣ ਦਾ ਖ਼ਤਰਾ ਵੀ ਵਧੇਗਾ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਵੇਗਾ।
ਤਾਪਮਾਨ ਦੇ ਵਾਧੇ ਅਤੇ ਤਪਸ਼ ਦੇ ਕਹਿਰ ਤੋਂ ਨਿਜਾਤ ਪਾਉਣ ਲਈ ਵਿਸ਼ਵ ਪੱਧਰ ਉੱਤੇ ਫੈਡਰਲ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਠੋਸ ਯੋਜਨਾਵਾਂ ਉਲੀਕ ਕੇ ਫੌਰੀ ਉਪਰਾਲੇ ਕਰਨ ਦੀ ਲੋੜ ਹੈ। ਇਸ ਲਈ ਆਵਾਜਾਈ ਦੇ ਸਾਧਨਾਂ, ਰਹਿਣ ਸਹਿਣ ਦੇ ਤੌਰ ਤਰੀਕਿਆਂ, ਖਾਣ ਪੀਣ ਦੀਆਂ ਆਦਤਾਂ ਆਦਿ ਬਦਲਣ ਦੇ ਨਾਲ ਨਾਲ ਇਮਾਰਤਾਂ ਦੀ ਉਸਾਰੀ ਲਈ ਵਰਤੀ ਜਾ ਰਹੀ ਸਮੱਗਰੀ ਵੀ ਸਥਾਨਕ ਖੇਤਰਾਂ ਦੀ ਭੂਗੋਲਿਕ ਸਥਿਤੀ ਦੇ ਅਨੁਸਾਰ ਹੀ ਲਾਉਣੀ ਚਾਹੀਦੀ ਹੈ। ਆਵਾਜਾਈ ਦੇ ਸਾਧਨਾਂ ਤੋਂ ਪੈਦਾ ਹੋ ਰਹੀਆਂ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਲਈ ਨਿੱਜੀ ਵਾਹਨਾਂ ਦੀ ਥਾਂ ਜਨਤਕ ਆਵਾਜਾਈ ਦੇ ਸਾਧਨਾਂ ਵਿੱਚ ਤਬਦੀਲੀਆਂ ਕਰ ਕੇ ਆਬਾਦੀ ਅਤੇ ਸਮੇਂ ਦੇ ਹਾਣ ਦੀ ਬਣਾਉਣ ਦੀ ਜ਼ਰੂਰਤ ਹੈ। ਜੰਗਲਾਂ ਹੇਠ ਰਕਬਾ ਵਧਾਉਣ ਦੇ ਨਾਲ ਨਾਲ ਸੰਘਣੇ ਜੰਗਲਾਂ ਦੀ ਕਟਾਈ ਉੱਤੇ ਪੂਰਨ ਰੋਕ ਲਾਉਣੀ ਚਾਹੀਦੀ ਹੈ।
ਹਰ ਦੇਸ਼ ਵਿੱਚ ਵਪਾਰਕ ਤੌਰ ਉੱਤੇ ਫ਼ਾਇਦੇਮੰਦ ਅਤੇ ਸਜਾਵਟੀ ਦਰੱਖ਼ਤਾਂ ਦੀ ਥਾਂ ਉੱਤੇ ਸਥਾਨਕ ਰੁੱਖ ਤਰਜੀਹੀ ਤੌਰ ਉੱਤੇ ਲਾਉਣੇ ਚਾਹੀਦੇ ਹਨ। ਕੁਦਰਤੀ ਸੁੰਦਰਤਾ ਵਾਲੇ ਖੇਤਰਾਂ ਵਿੱਚ ਚੌੜੀਆਂ ਸੜਕਾਂ ਅਤੇ ਹੋਟਲਾਂ ਆਦਿ ਦੀਆਂ ਗ਼ੈਰ ਜ਼ਰੂਰੀ ਉਸਾਰੀਆਂ ਉੱਤੇ ਰੋਕ ਲਾਉਣੀ ਚਾਹੀਦੀ ਹੈ।
ਸੈਲਾਨੀਆਂ ਅਤੇ ਨਿੱਜੀ ਮੋਟਰ ਗੱਡੀਆਂ ਦੀ ਗਿਣਤੀ ਵੀ ਸ਼ਹਿਰਾਂ ਦੀ ਸਮੱਰਥਾ ਅਨੁਸਾਰ ਨਿਰਧਾਰਤ ਕਰਨੀ ਚਾਹੀਦੀ ਹੈ। ਦਰਿਆਵਾਂ ਦੀ ਸਮਰੱਥਾ ਅਨੁਸਾਰ ਹੀ ਉਨ੍ਹਾਂ ਉੱਤੇ ਪਣ ਬਿਜਲੀ ਪ੍ਰਾਜੈਕਟ ਲਾਉਣੇ ਚਾਹੀਦੇ ਹਨ। ਹਰ ਖੇਤਰ ਵਿੱਚ ਬਹੁ ਮੰਜ਼ਿਲੀ ਕੰਕਰੀਟ ਅਤੇ ਸ਼ੀਸ਼ੇ ਦੀਆਂ ਇਮਾਰਤਾਂ ਬਣਾਉਣ ਦੀ ਥਾਂ ਸਥਾਨਕ ਤਕਨੀਕਾਂ ਅਤੇ ਲੋੜਾਂ ਅਨੁਸਾਰ ਹੀ ਉਸਾਰੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਨਾਲ ਦੁਨੀਆ ਦੇ ਹਰ ਨਾਗਰਿਕ ਨੂੰ ਇਸ ਮਸਲੇ ਵਿੱਚ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਰੁਝਾਨ ਖਬਰਾਂ