19.1 C
Vancouver
Tuesday, July 14, 2026

ਝਾਂਸਾ ਦੇ ਕੇ ਬਜ਼ੁਰਗ ਔਰਤ ਤੋਂ 15,000 ਡਾਲਰ ਠੱਗੇ

ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਸ਼ਹਿਰ ਵਿੱਚ ਬਜ਼ੁਰਗ ਨਿਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਧੋਖਾਧੜੀ ਦੀਆਂ ਘਟਨਾਵਾਂ, ਜਿਨ੍ਹਾਂ ਨੂੰ ‘ਬਲੈਸਿੰਗ ਸਕੈਮ’ (ਧਾਰਮਿਕ ਅਸੀਸ ਦੇ ਨਾਮ ‘ਤੇ ਠੱਗੀ) ਕਿਹਾ ਜਾਂਦਾ ਹੈ, ਦੇ ਸਬੰਧ ਵਿੱਚ ਸੀਸੀਟੀਵੀ ਫੁਟੇਜ ਜਾਰੀ ਕਰਕੇ ਜਨਤਕ ਚੇਤਾਵਨੀ ਜਾਰੀ ਕੀਤੀ ਹੈ। ਜਾਂਚ ਅਧਿਕਾਰੀਆਂ ਨੇ ਮਈ ਮਹੀਨੇ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਵੈਨਕੂਵਰ ਭਰ ਵਿੱਚ ਅਜਿਹੇ ਘੱਟੋ-ਘੱਟ ਪੰਜ ਵੱਖ-ਵੱਖ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਬਜ਼ੁਰਗਾਂ ਦੇ ਹਜ਼ਾਰਾਂ ਡਾਲਰ ਅਤੇ ਗਹਿਣੇ ਚੋਰੀ ਕੀਤੇ ਗਏ ਹਨ।
ਕਾਂਸਟੇਬਲ ਡੈਰਨ ਵੋਂਗ ਨੇ ਦੱਸਿਆ ਕਿ ਇਹ ਸ਼ੱਕੀ ਠੱਗ ਬਜ਼ੁਰਗਾਂ ਦੀ ਭਾਵਨਾਤਮਕ ਕਮਜ਼ੋਰੀ, ਡਰ, ਅਤੇ ਸੱਭਿਆਚਾਰਕ ਮਾਨਤਾਵਾਂ ਦਾ ਫਾਇਦਾ ਉਠਾ ਕੇ ਉਨ੍ਹਾਂ ਦੀ ਜੀਵਨ ਭਰ ਦੀ ਕਮਾਈ ਲੁੱਟ ਰਹੇ ਹਨ। ਤਾਜ਼ਾ ਘਟਨਾ 6 ਜੂਨ ਨੂੰ ਸਾਊਥਵੈਸਟ ਮੈਰੀਨ ਡਰਾਈਵ ਅਤੇ ਯੂਕੋਨ ਸਟ੍ਰੀਟ ਦੇ ਨੇੜੇ ਵਾਪਰੀ, ਜਿੱਥੇ ਕੈਮਰੇ ਵਿੱਚ ਦੋ ਮਹਿਲਾ ਸ਼ੱਕੀ ਇੱਕ ਬਜ਼ੁਰਗ ਔਰਤ ਨੂੰ ਗੱਲਾਂ ਵਿੱਚ ਉਲਝਾਉਂਦੀਆਂ ਦਿਖਾਈ ਦੇ ਰਹੀਆਂ ਹਨ।
ਠੱਗਾਂ ਨੇ ਮਹਿਲਾ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਦੇ ਪਰਿਵਾਰ ‘ਤੇ ਕੋਈ ਵੱਡੀ ਮੁਸੀਬਤ ਜਾਂ ਸਰਾਪ ਆਉਣ ਵਾਲਾ ਹੈ ਅਤੇ ਇਸ ਨੂੰ ਟਾਲਣ ਲਈ ਉਹ ਉਸ ਦੇ ਕੀਮਤੀ ਸਮਾਨ ਦੀ ਇੱਕ ਵਿਸ਼ੇਸ਼ ‘ਧਾਰਮਿਕ ਪੂਜਾ’ ਕਰਨਾ ਚਾਹੁੰਦੀਆਂ ਹਨ। ਬਜ਼ੁਰਗ ਔਰਤ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਘਰੋਂ 15,000 ਡਾਲਰ ਨਕਦ ਅਤੇ ਸੋਨੇ ਦੀ ਅੰਗੂਠੀ ਲੈ ਆਈ। ਮੁਲਜ਼ਮਾਂ ਨੇ ਹੱਥ ਦੀ ਸਫ਼ਾਈ ਅਤੇ ਧਿਆਨ ਭਟਕਾ ਕੇ ਬੈਗ ਵਿੱਚੋਂ ਪੈਸੇ ਕੱਢ ਲਏ ਅਤੇ ਕੱਪੜੇ ਦਾ ਟੁਕੜਾ ਰੱਖ ਦਿੱਤਾ। ਪੁਲਿਸ ਨੇ ਬਜ਼ੁਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਨੂੰ ਨਿੱਜੀ ਦਾਇਰੇ ਵਿੱਚ ਨਾ ਆਉਣ ਦੇਣ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ