ਵੈਨਕੂਵਰ (ਏਕਜੋਤ ਸਿੰਘ): ਜੋਨਾਥਨ ਡੇਵਿਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਗੋਲ ਕੀਤੇ ਅਤੇ ਕੈਨੇਡਾ ਨੂੰ ਫੀਫਾ ਵਿਸ਼ਵ ਕੱਪ ਵਿੱਚ ਆਪਣੀ ਪਹਿਲੀ ਇਤਿਹਾਸਕ ਜਿੱਤ ਦਿਵਾਈ। ਬੀਸੀ ਪਲੇਸ ਸਟੇਡੀਅਮ ਵਿੱਚ ਵੀਰਵਾਰ ਨੂੰ ਖੇਡੇ ਗਏ ਇਸ ਮੈਚ ਵਿੱਚ ਕੈਨੇਡਾ ਨੇ ਕਤਰ ਨੂੰ 6 ਗੋਲਾਂ ਦੇ ਫਰਕ ਨਾਲ ਕਰਾਰੀ ਮਾਤ ਦਿੱਤੀ। ਸਟੇਡੀਅਮ ਵਿੱਚ 52,497 ਦਰਸ਼ਕ ਮੌਜੂਦ ਸਨ ਜਿਨ੍ਹਾਂ ਨੇ ਟੀਮ ਦਾ ਪੂਰਾ ਹੌਸਲਾ ਵਧਾਇਆ।
ਡੇਵਿਡ ਪਿਛਲੇ 4 ਵਿਸ਼ਵ ਕੱਪ ਮੈਚਾਂ ਵਿੱਚ ਗੋਲ ਕਰਨ ਵਿੱਚ ਅਸਫਲ ਰਹੇ ਸਨ ਪਰ ਇਸ ਵਾਰ ਉਨ੍ਹਾਂ ਨੇ ਕਮਾਲ ਕਰ ਦਿੱਤਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਲਾਲ ਜਰਸੀ ਪਹਿਨੇ ਅਤੇ ਮੈਪਲ ਲੀਫਸ ਲਹਿਰਾਉਂਦੇ ਪ੍ਰਸ਼ੰਸਕਾਂ ਨੇ ਬ੍ਰਾਇਨ ਐਡਮਜ਼ ਦੇ ਗੀਤ ਅਤੇ ਓ ਕੈਨੇਡਾ ਗਾ ਕੇ ਮਾਹੌਲ ਨੂੰ ਹੋਰ ਵੀ ਰੋਮਾਂਚਕ ਬਣਾ ਦਿੱਤਾ। ਕੈਨੇਡਾ ਦੀ ਟੀਮ ਦੇ ਮੈਦਾਨ ਵਿੱਚ ਉਤਰਦਿਆਂ ਹੀ ਪੂਰਾ ਸਟੇਡੀਅਮ ਕੈਨੇਡਾ ਦੇ ਨਾਅਰਿਆਂ ਨਾਲ ਗੂੰਜ ਉੱਠਿਆ।
ਡੇਵਿਡ ਨੇ ਮੈਚ ਦੇ 29ਵੇਂ ਮਿੰਟ ਅਤੇ ਪਹਿਲੇ ਅੱਧ ਦੇ ਵਾਧੂ ਸਮੇਂ ਦੇ ਤੀਜੇ ਮਿੰਟ ਵਿੱਚ ਗੋਲ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜੇ ਅੱਧ ਦੇ ਵਾਧੂ ਸਮੇਂ ਦੇ ਦੂਜੇ ਮਿੰਟ ਵਿੱਚ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਕੈਲ ਲਾਰਿਨ ਨੇ 16ਵੇਂ ਮਿੰਟ ਵਿੱਚ ਗੋਲ ਕਰਕੇ ਦਰਸ਼ਕਾਂ ਵਿੱਚ ਭਾਰੀ ਜੋਸ਼ ਭਰ ਦਿੱਤਾ। ਲਾਰਿਨ ਨੇ ਬੋਸਨੀਆ ਹਰਜ਼ੇਗੋਵਿਨਾ ਖਿਲਾਫ ਵੀ ਸ਼ਾਨਦਾਰ ਖੇਡ ਦਿਖਾਈ ਸੀ। ਇਸਮਾਈਲ ਕੋਨੇ ਦੇ ਜ਼ਖਮੀ ਹੋਣ ਤੋਂ ਬਾਅਦ ਮੈਦਾਨ ਵਿੱਚ ਆਏ ਨਾਥਨ ਸਲੀਬਾ ਨੇ 63ਵੇਂ ਮਿੰਟ ਅਤੇ ਜੈਕਬ ਸ਼ੈਫਲਬਰਗ ਨੇ 75ਵੇਂ ਮਿੰਟ ਵਿੱਚ ਗੋਲ ਦਾਗੇ। ਕੈਨੇਡੀਅਨ ਗੋਲਕੀਪਰ ਮੈਕਸਿਮ ਕ੍ਰੇਪਿਊ ਨੂੰ ਪੂਰੇ ਮੈਚ ਵਿੱਚ ਕਿਸੇ ਸ਼ਾਟ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਉਨ੍ਹਾਂ ਨੇ ਕਲੀਨ ਸ਼ੀਟ ਹਾਸਲ ਕੀਤੀ। ਕੈਨੇਡਾ ਨੇ ਸ਼ਾਟ ਦੇ ਮਾਮਲੇ ਵਿੱਚ 30 ਅਤੇ 2 ਦੀ ਲੀਡ ਬਣਾਈ ਰੱਖੀ।
ਇਸ ਜਿੱਤ ਨਾਲ ਕੈਨੇਡੀਅਨ ਟੀਮ ਗਰੁੱਪ ਬੀ ਵਿੱਚ ਸਵਿਟਜ਼ਰਲੈਂਡ ਦੇ ਨਾਲ ਪਹਿਲੇ ਸਥਾਨ ਉੱਤੇ ਪਹੁੰਚ ਗਈ ਹੈ। ਇਸ ਨਾਲ 48 ਟੀਮਾਂ ਵਾਲੇ ਇਸ ਟੂਰਨਾਮੈਂਟ ਦੇ ਨਾਕਆਊਟ ਗੇੜ ਵਿੱਚ ਪਹੁੰਚਣ ਦੀਆਂ ਉਨ੍ਹਾਂ ਦੀਆਂ ਸੰਭਾਵਨਾਵਾਂ ਬਿਹਤਰ ਹੋ ਗਈਆਂ ਹਨ। ਕੈਨੇਡਾ ਦਾ ਅਗਲਾ ਮੁਕਾਬਲਾ ਬੁੱਧਵਾਰ ਨੂੰ ਬੀਸੀ ਪਲੇਸ ਸਟੇਡੀਅਮ ਵਿੱਚ ਸਵਿਟਜ਼ਰਲੈਂਡ ਨਾਲ ਹੋਵੇਗਾ। ਮੈਚ ਦੌਰਾਨ ਪ੍ਰਸ਼ੰਸਕਾਂ ਦੇ ਲਾਲ ਸਮੁੰਦਰ ਵਿੱਚ ਇੱਕ ਚਿੱਟਾ ਹਿੱਸਾ ਵੀ ਸੀ ਜਿੱਥੇ ਕਤਰ ਦੇ ਪ੍ਰਸ਼ੰਸਕ ਰਵਾਇਤੀ ਪੁਸ਼ਾਕਾਂ ਵਿੱਚ ਆਪਣੇ ਝੰਡੇ ਲਹਿਰਾ ਰਹੇ ਸਨ। ਮੈਚ ਦੇਖਣ ਵਾਲਿਆਂ ਵਿੱਚ ਫੈਡਰਲ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਵੈਨਕੂਵਰ ਦੇ ਮੇਅਰ ਕੇਨ ਸਿਮ ਵੀ ਸ਼ਾਮਲ ਸਨ।
ਮੈਚ ਦੌਰਾਨ ਇੱਕ ਮੰਦਭਾਗੀ ਘਟਨਾ ਵੀ ਵਾਪਰੀ ਜਦੋਂ 51ਵੇਂ ਮਿੰਟ ਵਿੱਚ ਕੋਨੇ ਦੇ ਖੱਬੀ ਲੱਤ ਵਿੱਚ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਸਟਰੈਚਰ ਉੱਤੇ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਇਸ ਤੋਂ ਇਲਾਵਾ 31ਵੇਂ ਮਿੰਟ ਵਿੱਚ ਕਾਫੀ ਵਿਵਾਦ ਹੋਇਆ ਜਦੋਂ ਫਾਰਵਰਡ ਟੇਜੋਨ ਬੁਕਾਨਾਨ ਨੂੰ ਡਿਫੈਂਡਰ ਹੋਮੇਨ ਅਹਿਮਦ ਨੇ ਹੇਠਾਂ ਸੁੱਟ ਦਿੱਤਾ। ਪਹਿਲਾਂ ਲੱਗਿਆ ਕਿ ਕੈਨੇਡਾ ਨੂੰ ਪੈਨਲਟੀ ਕਿੱਕ ਮਿਲੇਗੀ ਪਰ ਫੈਸਲਾ ਬਦਲ ਦਿੱਤਾ ਗਿਆ। ਅਹਿਮਦ ਅਤੇ ਕਤਰ ਦੇ ਮਿਡਫੀਲਡਰ ਅਸਿਮ ਮਦੀਬੋ ਨੂੰ ਰੈੱਡ ਕਾਰਡ ਦਿਖਾਇਆ ਗਿਆ ਜਿਸ ਕਾਰਨ ਟੀਮ ਦੇ ਦੋ ਖਿਡਾਰੀ ਘੱਟ ਗਏ। This report was written by Ekjot Singh as part of the Local Journalism Initiative.
ਜੋਨਾਥਨ ਡੇਵਿਡ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਕੈਨੇਡਾ ਨੇ ਕਤਰ ਨੂੰ 6-0 ਨਾਲ ਹਰਾਇਆ

