19.1 C
Vancouver
Tuesday, July 14, 2026

ਚੀਨੀ ਇਲੈਕਟ੍ਰਿਕ ਵਾਹਨਾਂ ‘ਤੇ ਟੈਰਿਫ ਘਟਾਉਣ ਦੇ ਫੈਸਲੇ ਨਾਲ ਕੈਨੇਡਾ-ਅਮਰੀਕਾ ਵਪਾਰ ਗੱਲਬਾਤ ਗਰਮਾਈ

ਵੈਨਕੂਵਰ (ਏਕਜੋਤ ਸਿੰਘ): ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੱਸਿਆ ਹੈ ਕਿ ਫਰਾਂਸ ਵਿੱਚ ਹੋਏ ਜੀ7 ਸੰਮੇਲਨ ਦੌਰਾਨ ਭਾਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੋਈ ਰਸਮੀ ਦੁਵੱਲੀ ਬੈਠਕ ਨਹੀਂ ਹੋਈ, ਪਰ ਉਨ੍ਹਾਂ ਵਿਚਕਾਰ ਕਈ ਗੈਰ-ਰਸਮੀ ਅਤੇ ਸਕਾਰਾਤਮਕ ਚਰਚਾਵਾਂ ਹੋਈਆਂ ਹਨ। ਸੀਐਨਐਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਾਰਨੀ ਨੇ ਇਰਾਨ ਨਾਲ ਹੋਏ ਸ਼ਾਂਤੀ ਸਮਝੌਤੇ ਦੇ ਸ਼ੁਰੂਆਤੀ ਖਰੜੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਮੀਦਾਂ ਤੋਂ ਕਿਤੇ ਬਿਹਤਰ ਹੈ। ਅਮਰੀਕਾ ਨੇ ਇਰਾਨ ਯੁੱਧ ਖ਼ਤਮ ਕਰਨ ਅਤੇ ਹੋਰਮੁਜ਼ ਦੇ ਰਸਤੇ ‘ਤੇ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ, ਜਿਸ ‘ਤੇ ਸਵਿਟਜ਼ਰਲੈਂਡ ਵਿੱਚ ਹਸਤਾਖ਼ਰ ਕੀਤੇ ਜਾਣਗੇ। ਕਾਰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ 36 ਘੰਟਿਆਂ ਦੌਰਾਨ ਉਨ੍ਹਾਂ ਦੀ ਟਰੰਪ ਨਾਲ 7 ਤੋਂ 8 ਵਾਰ ਗੱਲਬਾਤ ਹੋਈ, ਜਿਸ ਵਿੱਚ ਗਲੋਬਲ ਆਰਥਿਕਤਾ, ਆਰਟੀਫੀਸ਼ੀਅਲ ਇੰਟੈਲੀਜੈਂਸ, ਯੂਕ੍ਰੇਨ ਸੰਕਟ ਅਤੇ ਅਮਰੀਕਾ-ਇਰਾਨ ਸ਼ਾਂਤੀ ਸਮਝੌਤੇ ਵਰਗੇ ਅਹਿਮ ਮੁੱਦੇ ਸ਼ਾਮਲ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਅਧਿਕਾਰਤ ਬੈਠਕ ਦਾ ਨਾ ਹੋਣਾ ਕੋਈ ਨਕਾਰਾਤਮਕ ਸੰਕੇਤ ਨਹੀਂ ਹੈ। ਇਸ ਸਮਝੌਤੇ ਵਿੱਚ ਕੈਨੇਡਾ ਦਾ ਕੋਈ ਵਿੱਤੀ ਨਿਵੇਸ਼ ਸ਼ਾਮਲ ਨਹੀਂ ਹੈ, ਪਰ ਇਸ ਨਾਲ ਯੂਕ੍ਰੇਨ ਅਤੇ ਲੇਬਨਾਨ ਦੇ ਹਾਲਾਤ ਵਿੱਚ ਸਕਾਰਾਤਮਕ ਤਬਦੀਲੀ ਆਉਣ ਦੀ ਪੂਰੀ ਉਮੀਦ ਹੈ। ਇਹ ਸੰਮੇਲਨ ਅਜਿਹੇ ਸਮੇਂ ਹੋਇਆ ਹੈ ਜਦੋਂ ਕੈਨੇਡਾ ਅਤੇ ਅਮਰੀਕਾ ਵਿਚਾਲੇ CUSMA ਵਪਾਰ ਸਮਝੌਤੇ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ। ਕੈਨੇਡਾ ਨੇ ਹਾਲ ਹੀ ਵਿੱਚ ਚੀਨ ਦੇ ਇਲੈਕਟ੍ਰਿਕ ਵਾਹਨਾਂ ‘ਤੇ ਲੱਗੇ 100 ਫ਼ੀਸਦੀ ਟੈਰਿਫ ਨੂੰ ਘਟਾ ਕੇ 6.1 ਫ਼ੀਸਦੀ ਕਰ ਦਿੱਤਾ ਹੈ, ਜਿਸ ਦੇ ਬਦਲੇ ਚੀਨ ਨੇ ਕੈਨੇਡੀਅਨ ਖੇਤੀਬਾੜੀ ਉਤਪਾਦਾਂ ‘ਤੇ ਲਗਾਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਟਰੰਪ ਨੇ ਪਹਿਲਾਂ ਇਸ ਫੈਸਲੇ ਦੀ ਆਲੋਚਨਾ ਕੀਤੀ ਸੀ, ਪਰ ਕਾਰਨੀ ਦੀ ਸਫ਼ਾਈ ਤੋਂ ਬਾਅਦ ਉਨ੍ਹਾਂ ਨੇ ਇਸ ਯੋਜਨਾ ‘ਤੇ ਸਹਿਮਤੀ ਪ੍ਰਗਟਾਈ। ਕਾਰਨੀ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਸਿਰਫ਼ ਉਨ੍ਹਾਂ ਨਿਵੇਸ਼ਾਂ ਵਿੱਚ ਦਿਲਚਸਪੀ ਰੱਖਦਾ ਹੈ ਜੋ ਸਥਾਨਕ ਵਰਕਰਾਂ ਅਤੇ ਖਪਤਕਾਰਾਂ ਦੇ ਹਿੱਤ ਵਿੱਚ ਹੋਣ। ਸੰਮੇਲਨ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਬੈਠਕ ਵਿੱਚ ਇਸ ਸਾਲ ਦੇ ਅੰਤ ਤੱਕ ਆਪਸੀ ਵਪਾਰ ਸਮਝੌਤਾ ਪੂਰਾ ਕਰਨ ਦਾ ਟੀਚਾ ਵੀ ਰੱਖਿਆ ਗਿਆ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ