19.1 C
Vancouver
Tuesday, July 14, 2026

ਵੈਨਕੂਵਰ ਵਿੱਚ ਘਰ ਬਣਾਉਣ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਪਰਮਿਟ ਪ੍ਰਕਿਰਿਆ ਹੋਈ ਤੇਜ਼

ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਸ਼ਹਿਰ ਵਿੱਚ ਘਰ ਬਣਾਉਣਾ ਅਤੇ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੁਣ ਪਹਿਲਾਂ ਨਾਲੋਂ ਕਿਤੇ ਆਸਾਨ ਹੋ ਗਿਆ ਹੈ। ਸਿਟੀ ਆਫ ਵੈਨਕੂਵਰ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਪਰਮਿਟ ਅਤੇ ਲਾਇਸੈਂਸ ਦੇਣ ਦੀ ਪ੍ਰਕਿਰਿਆ ਨੂੰ ਬਹੁਤ ਤੇਜ਼ ਅਤੇ ਸੁਖਾਲਾ ਬਣਾ ਦਿੱਤਾ ਗਿਆ ਹੈ। ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼ਹਿਰ ਵਿੱਚ ਰਿਹਾਇਸ਼ੀ ਸਮੱਸਿਆਵਾਂ ਨਾਲ ਨਜਿੱਠਣ ਲਈ ਮਨਜ਼ੂਰੀਆਂ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਕਿਰਿਆ ਵਿੱਚ ਬਚਾਇਆ ਗਿਆ ਹਰ ਇੱਕ ਦਿਨ ਲੋਕਾਂ ਨੂੰ ਘਰ ਅਤੇ ਨੌਕਰੀਆਂ ਜਲਦੀ ਮੁਹੱਈਆ ਕਰਵਾਉਣ ਵਿੱਚ ਮਦਦ ਕਰਦਾ ਹੈ। ਜਿਵੇਂ ਜਿਵੇਂ ਸ਼ਹਿਰ ਦਾ ਵਿਕਾਸ ਹੋ ਰਿਹਾ ਹੈ, ਪਰਮਿਟ ਪ੍ਰਣਾਲੀ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ।
ਨਵੇਂ ਅੰਕੜਿਆਂ ਮੁਤਾਬਕ ਘਰਾਂ ਦੀ ਮਾਮੂਲੀ ਮੁਰੰਮਤ ਦੇ 92 ਫੀਸਦੀ ਪਰਮਿਟ ਹੁਣ ਸਿਰਫ 3 ਦਿਨਾਂ ਦੇ ਅੰਦਰ ਜਾਰੀ ਕੀਤੇ ਜਾ ਰਹੇ ਹਨ। ਲੇਨਵੇਅ ਘਰਾਂ ਦੀ ਮਨਜ਼ੂਰੀ ਵਿੱਚ 50 ਫੀਸਦੀ ਦਾ ਸੁਧਾਰ ਆਇਆ ਹੈ ਜਿੱਥੇ ਸਾਲ 2022 ਵਿੱਚ 200 ਦਿਨ ਲੱਗਦੇ ਸਨ ਉੱਥੇ ਹੁਣ 2025 ਵਿੱਚ ਇਹ ਕੰਮ 100 ਦਿਨਾਂ ਵਿੱਚ ਹੋ ਰਿਹਾ ਹੈ। ਇਸੇ ਤਰ੍ਹਾਂ ਸਿੰਗਲ ਡਿਟੈਚਡ ਘਰਾਂ ਦੇ ਪਰਮਿਟ ਲੈਣ ਦਾ ਸਮਾਂ 250 ਦਿਨਾਂ ਤੋਂ ਘੱਟ ਕੇ 160 ਦਿਨ ਰਹਿ ਗਿਆ ਹੈ। ਮਲਟੀ ਫੈਮਿਲੀ ਅਤੇ ਮਿਡ ਰਾਈਜ਼ ਘਰਾਂ ਲਈ ਡਿਵੈਲਪਮੈਂਟ ਪਰਮਿਟ ਦਾ ਸਮਾਂ 18.1 ਮਹੀਨਿਆਂ ਤੋਂ ਘਟਾ ਕੇ 9.8 ਮਹੀਨੇ ਕਰ ਦਿੱਤਾ ਗਿਆ ਹੈ। ਕਾਰੋਬਾਰੀ ਲਾਇਸੈਂਸ ਲੈਣ ਵਿੱਚ ਵੀ 98 ਫੀਸਦੀ ਦੀ ਤੇਜ਼ੀ ਆਈ ਹੈ ਜੋ ਕਿ ਪਹਿਲਾਂ 16 ਹਫ਼ਤੇ ਲੈਂਦਾ ਸੀ ਅਤੇ ਹੁਣ ਸਿਰਫ 2 ਦਿਨਾਂ ਵਿੱਚ ਮਿਲ ਰਿਹਾ ਹੈ।
ਸਾਲ 2022 ਤੋਂ ਸ਼ਹਿਰ ਪ੍ਰਸ਼ਾਸਨ ਨੇ ਬੇਲੋੜੇ ਨਿਯਮਾਂ ਨੂੰ ਖਤਮ ਕਰਕੇ ਕਈ ਡਿਜੀਟਲ ਟੂਲ ਪੇਸ਼ ਕੀਤੇ ਹਨ। ਮਲਟੀਪਲੈਕਸ ਘਰਾਂ ਲਈ ਪਰਮਿਟ ਪ੍ਰਕਿਰਿਆ ਨੂੰ 50 ਫੀਸਦੀ ਤੱਕ ਤੇਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਨਵਾਂ ਹਾਊਸਿੰਗ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ ਜਿੱਥੇ ਬਿਨੈਕਾਰ ਆਪਣੇ ਪ੍ਰੋਜੈਕਟ ਦੀ ਸਥਿਤੀ ਬਾਰੇ ਜਾਣਕਾਰੀ ਲੈ ਸਕਦੇ ਹਨ ਅਤੇ ਸਿਟੀ ਸਟਾਫ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਲਗਭਗ 70 ਫੀਸਦੀ ਵਿਕਾਸ ਸ਼ਰਤਾਂ ਨੂੰ ਖਤਮ ਜਾਂ ਸਰਲ ਕਰ ਦਿੱਤਾ ਗਿਆ ਹੈ ਜਿਸ ਨਾਲ ਬਿਨੈਕਾਰਾਂ ਲਈ ਕੰਮ ਕਰਨਾ ਵਧੇਰੇ ਆਸਾਨ ਹੋਇਆ ਹੈ। ਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਵੇਂ ਕਾਫੀ ਸੁਧਾਰ ਹੋਇਆ ਹੈ ਪਰ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਅਜੇ ਹੋਰ ਵੀ ਕੰਮ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ