ਵੈਨਕੂਵਰ (ਏਕਜੋਤ ਸਿੰਘ): ਕੰਬਾਈਂਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਬ੍ਰਿਟਿਸ਼ ਕੋਲੰਬੀਆ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਰੀ ਦੇ 3 ਵਿਅਕਤੀਆਂ ਉੱਤੇ ਅਪਰਾਧਿਕ ਦੋਸ਼ ਆਇਦ ਕੀਤੇ ਗਏ ਹਨ। ਸਾਲ 2024 ਦੇ ਅਖੀਰ ਵਿੱਚ ਜਾਂਚ ਟੀਮ ਨੇ ਲੋਅਰ ਮੇਨਲੈਂਡ ਅਤੇ ਓਕਾਨਾਗਨ ਖੇਤਰਾਂ ਵਿੱਚ ਚੱਲ ਰਹੇ ਨਸ਼ਾ ਤਸਕਰੀ ਦੇ ਇੱਕ ਨੈੱਟਵਰਕ ਦੀ ਪੜਤਾਲ ਸ਼ੁਰੂ ਕੀਤੀ ਸੀ। ਜਾਂਚ ਅਧਿਕਾਰੀਆਂ ਨੇ ਪਾਇਆ ਕਿ ਇਹ ਪੂਰਾ ਨੈੱਟਵਰਕ ਇੱਕ ਸੰਗਠਿਤ ਅਪਰਾਧਿਕ ਗਿਰੋਹ ਵੱਲੋਂ ਚਲਾਇਆ ਜਾ ਰਿਹਾ ਸੀ ਜੋ ਗੈਰ ਕਾਨੂੰਨੀ ਨਸ਼ਿਆਂ ਦੀ ਸਪਲਾਈ ਕਰਦਾ ਸੀ। ਜਾਂਚ ਨੂੰ ਅੱਗੇ ਵਧਾਉਂਦਿਆਂ 11 ਜੂਨ 2025 ਨੂੰ ਵੈਨਕੂਵਰ ਅਤੇ ਸਰੀ ਵਿੱਚ ਵੱਖ ਵੱਖ ਪੁਲਿਸ ਟੀਮਾਂ ਦੀ ਮਦਦ ਨਾਲ 5 ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ।
ਇਹਨਾਂ ਛਾਪਿਆਂ ਦੌਰਾਨ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ। ਪੁਲਿਸ ਨੇ 11 ਔਂਸ ਕੋਕੀਨ, 5 ਔਂਸ ਮੈਥਾਮਫੇਟਾਮਾਈਨ, 5 ਔਂਸ ਫੈਂਟਾਨਿਲ ਅਤੇ 1 ਕਿਲੋਗ੍ਰਾਮ ਕਟਿੰਗ ਏਜੰਟ ਜ਼ਬਤ ਕੀਤਾ। ਇਸ ਤੋਂ ਇਲਾਵਾ ਲਗਭਗ 2400 ਕੈਨੇਡੀਅਨ ਡਾਲਰ, ਨਸ਼ਾ ਤਸਕਰੀ ਵਿੱਚ ਵਰਤਿਆ ਜਾਣ ਵਾਲਾ ਸਮਾਨ, ਗੋਲੀ ਸਿੱਕਾ ਅਤੇ ਕਈ ਇਲੈਕਟ੍ਰਾਨਿਕ ਯੰਤਰ ਵੀ ਬਰਾਮਦ ਕੀਤੇ ਗਏ। ਇਸ ਨੈੱਟਵਰਕ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ 17 ਜੂਨ 2025 ਤੋਂ 17 ਜੂਨ 2026 ਤੱਕ ਇੱਕ ਰੈਸਟਰੇਂਟ ਆਰਡਰ ਵੀ ਜਾਰੀ ਕੀਤਾ ਗਿਆ ਸੀ। ਲੰਬੀ ਜਾਂਚ ਤੋਂ ਬਾਅਦ 4 ਜੂਨ 2026 ਨੂੰ ਇਸ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ 14 ਅਪਰਾਧਿਕ ਦੋਸ਼ ਮਨਜ਼ੂਰ ਕੀਤੇ ਗਏ ਹਨ।
ਦੋਸ਼ੀਆਂ ਵਿੱਚ ਸਰੀ ਦਾ 24 ਸਾਲਾ ਜੋਨਾਥਨ ਮਿਰਾਲਡਾ ਅਲਵਾਰੇਜ਼ ਸ਼ਾਮਲ ਹੈ ਜਿਸ ਉੱਤੇ ਨਸ਼ਾ ਤਸਕਰੀ ਅਤੇ ਨਸ਼ਾ ਰੱਖਣ ਦੇ 4 ਮਾਮਲੇ ਦਰਜ ਹਨ। ਇਸੇ ਤਰ੍ਹਾਂ ਸਰੀ ਦੀ 25 ਸਾਲਾ ਟਵਿੰਕਲ ਨੋਟੇ ਉੱਤੇ ਨਸ਼ਾ ਤਸਕਰੀ ਦੇ 8 ਅਤੇ 22 ਸਾਲਾ ਅਰਸ਼ਦੀਪ ਸਿੰਘ ਬੱਸੀ ਉੱਤੇ 2 ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਅਨੁਸਾਰ ਇਸ ਗਿਰੋਹ ਦਾ ਆਗੂ ਜੋ ਕਿ ਮੁੱਖ ਸ਼ੱਕੀ ਸੀ, ਉਹ ਗੈਂਗ ਵਾਰ ਦਾ ਸ਼ਿਕਾਰ ਹੋ ਕੇ ਮਾਰਿਆ ਜਾ ਚੁੱਕਾ ਹੈ। ਪੁਲਿਸ ਵੱਲੋਂ 5 ਜੂਨ ਨੂੰ ਜੋਨਾਥਨ ਅਤੇ ਟਵਿੰਕਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹਨਾਂ ਨੂੰ ਬਾਅਦ ਵਿੱਚ ਸ਼ਰਤਾਂ ਉੱਤੇ ਰਿਹਾਅ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਪੇਸ਼ੀ ਆਉਣ ਵਾਲੇ ਸਮੇਂ ਵਿੱਚ ਹੋਵੇਗੀ। ਸੀਐਫਐਸਈਯੂ ਦੀ ਮੀਡੀਆ ਅਫਸਰ ਸਾਰਜੈਂਟ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਇਸ ਕਾਰਵਾਈ ਨਾਲ ਖਤਰਨਾਕ ਨਸ਼ਿਆਂ ਨੂੰ ਬਜ਼ਾਰ ਵਿੱਚ ਜਾਣ ਤੋਂ ਰੋਕਿਆ ਗਿਆ ਹੈ। This report was written by Ekjot Singh as part of the Local Journalism Initiative.
ਵੈਨਕੂਵਰ ਅਤੇ ਸਰੀ ਵਿੱਚ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ

