ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਦੀ 31ਵੀਂ ਗਵਰਨਰ ਜਨਰਲ ਵਜੋਂ ਲੁਈਸ ਆਰਬਰ ਨੇ ਸੋਮਵਾਰ ਨੂੰ ਓਟਾਵਾ ਦੇ ਸੈਨੇਟ ਚੈਂਬਰ ਵਿੱਚ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਹੁਦਾ ਸੰਭਾਲ ਲਿਆ ਹੈ। ਇਸ ਤਾਜਪੋਸ਼ੀ ਸਮਾਗਮ ਤੋਂ ਬਾਅਦ ਉਹਨਾਂ ਨੂੰ ਮਿਲਟਰੀ ਸਨਮਾਨ ਦਿੱਤਾ ਗਿਆ ਜਿੱਥੇ ਉਹਨਾਂ ਨੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ ਅਤੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਉਪਰੰਤ ਨਵੀਂ ਗਵਰਨਰ ਜਨਰਲ ਰਿਡਿਊ ਹਾਲ ਪਹੁੰਚੇ ਜਿੱਥੇ ਉਹਨਾਂ ਦੇ ਪਰਿਵਾਰ ਅਤੇ ਸਟਾਫ ਮੈਂਬਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗਵਰਨਰ ਜਨਰਲ ਦੇ ਫੁੱਟ ਗਾਰਡਾਂ ਵੱਲੋਂ ਵੀ ਉਹਨਾਂ ਨੂੰ ਸਲਾਮੀ ਦਿੱਤੀ ਗਈ। ਲੁਈਸ ਆਰਬਰ ਨੇ ਕਿਹਾ ਕਿ ਉਹ ਪੂਰੇ ਕੈਨੇਡਾ ਦੇ ਲੋਕਾਂ ਨੂੰ ਮਿਲਣ ਅਤੇ ਉਹਨਾਂ ਦੇ ਵਿਚਾਰ ਜਾਣਨ ਲਈ ਬਹੁਤ ਉਤਸ਼ਾਹਿਤ ਹਨ।
ਕਿਊਬਿਕ ਦੇ ਮਾਂਟਰੀਅਲ ਵਿੱਚ ਪੈਦਾ ਹੋਏ ਲੁਈਸ ਆਰਬਰ ਨੇ ਆਪਣੀ ਮੁੱਢਲੀ ਪੜ੍ਹਾਈ ਰੇਜੀਨਾ ਅਸੰਪਟਾ ਕਾਲਜ ਤੋਂ ਕੀਤੀ ਅਤੇ 1970 ਵਿੱਚ ਮਾਂਟਰੀਅਲ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਓਟਾਵਾ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਕੈਨੇਡਾ ਦੀ ਸੁਪਰੀਮ ਕੋਰਟ ਵਿੱਚ ਵੀ ਸੇਵਾਵਾਂ ਨਿਭਾਈਆਂ। ਉਹਨਾਂ ਨੂੰ 1971 ਵਿੱਚ ਕਿਊਬਿਕ ਬਾਰ ਅਤੇ 1977 ਵਿੱਚ ਉਨਟਾਰੀਓ ਬਾਰ ਦਾ ਮੈਂਬਰ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਸਰਕਾਰ ਵੱਲੋਂ ਉਹਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗਵਰਨਰ ਜਨਰਲ ਸਾਡੇ ਸੰਵਿਧਾਨਕ ਢਾਂਚੇ ਦੇ ਰਖਵਾਲੇ ਅਤੇ ਏਕਤਾ ਦੇ ਪ੍ਰਤੀਕ ਹਨ ਜਿਹਨਾਂ ਉੱਤੇ ਲੋਕਾਂ ਨੂੰ ਪੂਰਾ ਭਰੋਸਾ ਹੁੰਦਾ ਹੈ।
ਆਪਣੇ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਲੁਈਸ ਆਰਬਰ ਦੇ ਸ਼ਾਨਦਾਰ ਕਰੀਅਰ ਦੀ ਤਾਰੀਫ ਕਰਦਿਆਂ ਕਿਹਾ ਕਿ ਉਹਨਾਂ ਨੇ ਕੈਨੇਡਾ ਦੀ ਨਿਆਂ ਪ੍ਰਣਾਲੀ ਵਿੱਚ ਉੱਚੇ ਅਹੁਦਿਆਂ ਉੱਤੇ ਕੰਮ ਕੀਤਾ ਹੈ। ਉਹਨਾਂ ਦਾ ਕੰਮ ਸਿਰਫ ਦੇਸ਼ ਤੱਕ ਹੀ ਸੀਮਿਤ ਨਹੀਂ ਰਿਹਾ ਬਲਕਿ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਨੇ ਯੂਗੋਸਲਾਵੀਆ ਅਤੇ ਰਵਾਂਡਾ ਲਈ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲਾਂ ਦੇ ਮੁੱਖ ਸਰਕਾਰੀ ਵਕੀਲ ਵਜੋਂ ਕੰਮ ਕਰਦਿਆਂ ਇਹ ਸਾਬਤ ਕੀਤਾ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਵਿੱਚ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਵਜੋਂ ਉਹਨਾਂ ਨੇ ਹਮੇਸ਼ਾ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ। ਕੈਨੇਡਾ ਨੂੰ ਉਮੀਦ ਹੈ ਕਿ ਉਹ ਇਸੇ ਤਰ੍ਹਾਂ ਇਨਸਾਫ਼ ਅਤੇ ਬਰਾਬਰਤਾ ਲਈ ਕੰਮ ਕਰਦੇ ਰਹਿਣਗੇ। This report was written by Ekjot Singh as part of the Local Journalism Initiative.
ਲੁਈਸ ਆਰਬਰ ਨੇ ਕੈਨੇਡਾ ਦੀ 31ਵੀਂ ਗਵਰਨਰ ਜਨਰਲ ਵਜੋਂ ਅਹੁਦਾ ਸੰਭਾਲਿਆ

