14.7 C
Vancouver
Tuesday, July 14, 2026

ਫਾਇਰਫਾਈਟਰਾਂ, ਗਰਭਵਤੀ ਔਰਤਾਂ ਅਤੇ ਸੜਕ ਸੁਰੱਖਿਆ ਲਈ ਬੀਸੀ ਵਿੱਚ ਨਵੇਂ ਕਾਨੂੰਨ ਲਾਗੂ

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਬਸੰਤ ਇਜਲਾਸ ਦੀ ਸਮਾਪਤੀ ਹੋ ਗਈ ਹੈ। ਬੀਸੀ ਕੰਜ਼ਰਵੇਟਿਵ ਕਾਕਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਸੂਬੇ ਦੇ ਇਤਿਹਾਸ ਵਿੱਚ ਕਿਸੇ ਵੀ ਵਿਰੋਧੀ ਧਿਰ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਪ੍ਰਾਈਵੇਟ ਮੈਂਬਰ ਬਿੱਲ ਪਾਸ ਕਰਵਾਏ ਹਨ। ਪਾਰਟੀ ਅਨੁਸਾਰ 2024 ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਮਿਹਨਤ ਕਰਦਿਆਂ 4 ਅਹਿਮ ਬਿੱਲ ਪਾਸ ਕਰਵਾਏ ਹਨ। ਲੈਂਗਲੀ ਵਾਲਨਟ ਗਰੋਵ ਤੋਂ ਵਿਧਾਇਕ ਮਿਸਟੀ ਵੈਨ ਪੋਪਟਾ ਵੱਲੋਂ ਪੇਸ਼ ਕੀਤਾ ਗਿਆ ਫਾਇਰਫਾਈਟਰਜ਼ ਹੈਲਥ ਐਕਟ 13 ਅਪ੍ਰੈਲ ਨੂੰ ਪਾਸ ਕੀਤਾ ਗਿਆ। ਇਸ ਕਾਨੂੰਨ ਤਹਿਤ ਸਰਕਾਰ ਲਈ ਫਾਇਰਫਾਈਟਰਾਂ ਦੀ ਕੈਂਸਰ ਜਾਂਚ, ਸਰੀਰਕ ਅਤੇ ਮਾਨਸਿਕ ਸਿਹਤ ਦੀ ਜਾਂਚ ਯਕੀਨੀ ਬਣਾਉਣਾ ਲਾਜ਼ਮੀ ਹੈ। ਇਸੇ ਤਰ੍ਹਾਂ ਪ੍ਰਿੰਸ ਜਾਰਜ ਵੇਲਮਾਉਂਟ ਤੋਂ ਵਿਧਾਇਕ ਰੋਜ਼ਲਿਨ ਬਰਡ ਵੱਲੋਂ ਪੇਸ਼ ਕੀਤਾ ਗਿਆ ਵੈਟਰਨਜ਼ ਐਂਡ ਫਸਟ ਰਿਸਪੌਂਡਰਜ਼ ਮੰਥ ਐਕਟ 4 ਮਈ ਨੂੰ ਪਾਸ ਹੋਇਆ। ਇਸ ਕਾਨੂੰਨ ਤਹਿਤ ਨਵੰਬਰ ਮਹੀਨੇ ਨੂੰ ਵੈਟਰਨਜ਼ ਅਤੇ ਫਸਟ ਰਿਸਪੌਂਡਰਜ਼ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ ਤਾਂ ਜੋ ਉਹਨਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕੀਤਾ ਜਾ ਸਕੇ। ਕਮਲੂਪਸ ਨੌਰਥ ਥੌਮਸਨ ਤੋਂ ਵਿਧਾਇਕ ਵਾਰਡ ਸਟੇਮਰ ਨੇ ਡੈਸ਼ਬੋਰਡ ਕੈਮਰਾ ਇਨ ਕਮਰਸ਼ੀਅਲ ਵਹੀਕਲਜ਼ ਐਕਟ ਪੇਸ਼ ਕੀਤਾ ਜਿਸ ਨੂੰ 25 ਮਈ ਨੂੰ ਮਨਜ਼ੂਰੀ ਮਿਲੀ। ਇਸ ਕਾਨੂੰਨ ਮੁਤਾਬਕ ਬੀਸੀ ਦੇ ਹਾਈਵੇਅ ਉੱਤੇ ਚੱਲਣ ਵਾਲੇ ਵਪਾਰਕ ਟਰੱਕਾਂ ਵਿੱਚ ਬਾਹਰ ਵੱਲ ਮੂੰਹ ਵਾਲੇ ਡੈਸ਼ ਕੈਮਰੇ ਲਗਾਉਣੇ ਜ਼ਰੂਰੀ ਕਰ ਦਿੱਤੇ ਗਏ ਹਨ। ਸਟੇਮਰ ਨੇ ਕਿਹਾ ਕਿ ਇਹ ਕੈਮਰੇ ਜਾਨਾਂ ਬਚਾਉਣ ਅਤੇ ਹਾਦਸੇ ਸਮੇਂ ਸਬੂਤ ਜੁਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਹਨਾਂ ਨੇ 2023 ਵਿੱਚ ਵਾਪਰੇ ਸੜਕ ਹਾਦਸਿਆਂ ਤੋਂ ਬਾਅਦ ਇਹਨਾਂ ਕੈਮਰਿਆਂ ਦੀ ਮੰਗ ਰੱਖੀ ਸੀ। ਪਿਛਲੇ ਇਜਲਾਸ ਦੌਰਾਨ ਲੈਂਗਲੀ ਵਿਲੋਬਰੁੱਕ ਤੋਂ ਵਿਧਾਇਕ ਜੋਡੀ ਟੂਰ ਨੇ ਪੈਰੀਨੇਟਲ ਅਤੇ ਪੋਸਟਨੇਟਲ ਮੈਂਟਲ ਹੈਲਥ ਐਕਟ ਪੇਸ਼ ਕੀਤਾ ਸੀ ਜੋ 26 ਮਈ 2025 ਨੂੰ ਪਾਸ ਹੋਇਆ ਸੀ। ਇਸ ਕਾਨੂੰਨ ਤਹਿਤ ਗਰਭ ਅਵਸਥਾ ਦੌਰਾਨ ਅਤੇ ਬਾਅਦ ਵਿੱਚ ਔਰਤਾਂ ਦੀ ਮਾਨਸਿਕ ਸਿਹਤ ਦਾ ਧਿਆਨ ਰੱਖਣ ਲਈ ਸੂਬਾਈ ਰਣਨੀਤੀ ਬਣਾਉਣੀ ਲਾਜ਼ਮੀ ਕੀਤੀ ਗਈ ਹੈ। ਇਸ ਵਿੱਚ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨਾ ਅਤੇ ਮਾਹਿਰਾਂ ਰਾਹੀਂ ਸਲਾਹ ਮਸ਼ਵਰਾ ਦੇਣਾ ਸ਼ਾਮਲ ਹੈ। ਟੂਰ ਅਨੁਸਾਰ ਕਿਸੇ ਵੀ ਔਰਤ ਨੂੰ ਚੁੱਪ ਰਹਿ ਕੇ ਦੁੱਖ ਨਹੀਂ ਝੱਲਣਾ ਚਾਹੀਦਾ ਅਤੇ ਇਹ ਬਿੱਲ ਪਰਿਵਾਰਾਂ ਲਈ ਨਵੀਂ ਉਮੀਦ ਲੈ ਕੇ ਆਇਆ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ