19.1 C
Vancouver
Tuesday, July 14, 2026

ਪਿਆਰ ਸਭ ਮਰਜ਼ਾਂ ਦੀ ਦਵਾ

ਮੋਹਨ ਸ਼ਰਮਾਂ, ਸੰਪਰਕ: 94171-48866
ਨਸ਼ੱਈ ਕਦੇ ਵੀ ਕੁੱਟਮਾਰ, ਝਿੜਕਾਂ, ਬੇਇੱਜ਼ਤੀ ਜਾਂ ਜ਼ਲੀਲ ਕਰਨ ਨਾਲ ਮੁੱਖ ਧਾਰਾ ਵਿੱਚ ਨਹੀਂ ਆਉਂਦੇ। ਜੇਕਰ ਅਜਿਹਾ ਸੰਭਵ ਹੁੰਦਾ ਤਾਂ ਥਾਣੇ ਜਾਂ ਜੇਲ੍ਹਾਂ ਵਿੱਚੋਂ ਨਸ਼ੱਈ ਸਾਊ ਬੰਦੇ ਬਣ ਕੇ ਨਿਕਲਦੇ। ਸਖ਼ਤੀ ਨਾਲ ਪੇਸ਼ ਆਉਣ ਦੇ ਉਲਟ ਨਤੀਜੇ ਨਿਕਲਦੇ ਹਨ। ਜੇਲ੍ਹ ’ਚੋਂ ਬਾਹਰ ਆ ਕੇ ਉਹ ਲੁੱਟ-ਖੋਹ, ਚੋਰੀਆਂ, ਠੱਗੀਆਂ, ਝਪਟਮਾਰੀ ਦੇ ਨਾਲ-ਨਾਲ ਨਸ਼ਾ ਤਸਕਰੀ ਦੇ ਧੰਦੇ ਨਾਲ ਵੀ ਜੁੜ ਜਾਂਦੇ ਹਨ। ਇੰਜ ਜੁਰਮ ਨਾਲ ਪੁਲੀਸ ਦਾ ਰੋਜ਼ਨਾਮਚਾ ਭਰਦਾ ਰਹਿੰਦਾ ਹੈ।
ਦਰਅਸਲ ਨਸ਼ੱਈ ਨੌਜਵਾਨ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ। ਇਨ੍ਹਾਂ ਦੇ ਹਿੱਸੇ ਇਹ ਪੀੜ ਕਿਵੇਂ ਆਈ? ਜ਼ਿੰਦਗੀ ਦੇ ਰਾਹ ’ਤੇ ਭਟਕ ਕੇ ਇਨ੍ਹਾਂ ਦੇ ਨਾਮ ਨਾਲ ਨਸ਼ੱਈ ਸ਼ਬਦ ਕਿੰਜ ਜੁੜ ਗਿਆ? ਇਨ੍ਹਾਂ ਮੂਲ ਕਾਰਨਾਂ ਬਾਰੇ ਜਾਨਣ ਉਪਰੰਤ ਨਸ਼ੱਈ ਨੌਜਵਾਨ ਨੂੰ ਦੁਆ ਅਤੇ ਦਵਾ ਦੇ ਸੁਮੇਲ ਨਾਲ ਠੀਕ ਕੀਤਾ ਜਾ ਸਕਦਾ ਹੈ। ਸਹੀ ਅਗਵਾਈ, ਸੇਧ, ਹੌਸਲਾ-ਅਫ਼ਜ਼ਾਈ, ਪਿਆਰ, ਅਪਣੱਤ ਅਤੇ ਉਨ੍ਹਾਂ ਦੇ ਸੰਗੀ-ਸਾਥੀ ਬਣ ਕੇ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਕੀਤੇ ਸਾਰਥਿਕ ਯਤਨਾਂ ਨਾਲ ਨਸ਼ੱਈ ਨੌਜਵਾਨਾਂ ਦਾ ਰੁਖ਼ ‘ਬੁਰਾਈ’ ਤੋਂ ‘ਚੰਗਿਆਈ’ ਵੱਲ ਮੋੜਿਆ ਜਾ ਸਕਦਾ ਹੈ। ਨਸ਼ੱਈ ਜ਼ਾਲਮ ਜਾਂ ਨਿਰਦਈ ਨਹੀਂ ਹੁੰਦੇ, ਇਨ੍ਹਾਂ ਦੇ ਅੰਦਰ ਵੀ ਕੋਮਲ ਦਿਲ ਧੜਕਦਾ ਹੈ।
ਦਰਅਸਲ ਨੌਜਵਾਨਾਂ ਦਾ ਪ੍ਰਵਾਹ ਹੜ੍ਹਾਂ ਦੇ ਪਾਣੀ ਵਰਗਾ ਹੁੰਦਾ ਹੈ। ਹੜ੍ਹ ਦੇ ਪਾਣੀ ਨੂੰ ਜੇ ਢੁਕਵੀਂ ਵਿਉਂਤਬੰਦੀ ਕਰ ਕੇ ਰਜਵਾਹਿਆਂ, ਨਾਲਿਆਂ ਜਾਂ ਨਦੀਆਂ ਵਿੱਚ ਨਾ ਪਾਇਆ ਜਾਵੇ ਤਾਂ ਇਹ ਘਰਾਂ ਅਤੇ ਫ਼ਸਲਾਂ ਦਾ ਬੇਪਨਾਹ ਨੁਕਸਾਨ ਕਰਦਾ ਹੈ। ਨੌਜਵਾਨਾਂ ਦੇ ਪ੍ਰਵਾਹ ਨੂੰ ਰੋਕਣ ਲਈ ਵੀ ਸਹੀ ਦਿਸ਼ਾ ਦੇਣੀ ਬਹੁਤ ਜ਼ਰੂਰੀ ਹੈ। ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ੱਈ ਮਰੀਜ਼ਾਂ ਦਾ ਗੇਟ ਤੋੜ ਕੇ ਭੱਜਣ ਅਤੇ ਸਕਿਉਰਿਟੀ ਵਾਲਿਆਂ ਦੀ ਕੁੱਟਮਾਰ ਦੇ ਕਿੱਸੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਮੈਂ ਇੱਕ ਨਾਮਵਰ ਸੰਸਥਾ ਦਾ ਕਰੀਬ 18 ਸਾਲ ਡਾਇਰੈਕਟਰ ਹੁੰਦਿਆਂ ਆਪਣੇ ਨਿੱਜੀ ਅਨੁਭਵ ਦੇ ਆਧਾਰ ’ਤੇ ਲਿਖ ਰਿਹਾ ਹਾਂ ਕਿ ਜੇਕਰ ਦਾਖ਼ਲ ਨਸ਼ੱਈ ਮਰੀਜ਼ਾਂ ਨੂੰ ਧਰਮ, ਸਾਹਿਤ ਅਤੇ ਕਿਰਤ ਦਾ ਸੰਕਲਪ ਦੇਣ ਲਈ ਯਤਨ ਕੀਤੇ ਜਾਣ, ਉਨ੍ਹਾਂ ਨੂੰ ਪਰਿਵਾਰਕ ਮਾਹੌਲ ਦਿੱਤਾ ਜਾਵੇ ਤੇ ਭਵਿੱਖ ਪ੍ਰਤੀ ਉਸਾਰੂ ਸੋਚ ਧਾਰਨ ਕਰਨ ਦਾ ਪਾਠ ਪੜ੍ਹਾਇਆ ਜਾਵੇ ਤਾਂ ਉਹ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਹੋ ਕੇ ਚੰਗੇ ਪੁੱਤ, ਚੰਗੇ ਪਤੀ, ਚੰਗੇ ਬਾਪ ਅਤੇ ਚੰਗੇ ਨਾਗਰਿਕ ਬਣ ਸਕਦੇ ਹਨ।
ਉਨ੍ਹਾਂ ਦੀ ਨਸ਼ਾ ਛੱਡਣ ਦੀ ਦ੍ਰਿੜ ਇੱਛਾ ਸ਼ਕਤੀ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਦਾ ਜ਼ਿੰਦਗੀ ਵਿੱਚ ਇੰਜ ਥਿੜਕਣ ਦੇ ਮੂਲ ਕਾਰਨਾਂ ’ਤੇ ਵੀ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ। ਕੇਂਦਰ ’ਚ ਦਾਖ਼ਲ ਨਸ਼ੱਈ ਨੌਜਵਾਨਾਂ ਨੂੰ ਜਦੋਂ ਮੈਂ ਪੁੱਤ ਕਹਿ ਕੇ ਬੁਲਾਉਂਦਾ ਹੁੰਦਾ ਸੀ ਤਾਂ ਉਨ੍ਹਾਂ ਵਿੱਚੋਂ ਕਈ ਭਾਵੁਕ ਹੁੰਦਿਆਂ ਕਹਿੰਦੇ ਸਨ, ‘‘ਸਰ, ਸਾਡੇ ਹਿੱਸੇ ਤਾਂ ਹੁਣ ਤੱਕ ਗਾਲ੍ਹਾਂ ਅਤੇ ਛਿੱਤਰ ਹੀ ਆਏ ਹਨ। ਪੁੱਤ ਸ਼ਬਦ ਤਾਂ ਤੁਹਾਡੇ ਮੂੰਹੋਂ ਸੁਣਿਆ ਹੈ।’’ ਇੰਜ ਨਸ਼ੱਈ ਮਰੀਜ਼ਾਂ ਨਾਲ ਮੋਹ, ਅਪਣੱਤ ਅਤੇ ਸਤਿਕਾਰ ਦਾ ਰਿਸ਼ਤਾ ਜੁੜ ਜਾਂਦਾ ਸੀ ਅਤੇ ਉਨ੍ਹਾਂ ਦੀ ਮਾੜੀ ਸੋਚ ’ਤੇ ਕਾਫ਼ੀ ਹੱਦ ਤੱਕ ਲਗਾਮ ਲੱਗ ਜਾਂਦੀ ਸੀ। ਰਾਤ ਦੇ ਸਾਢੇ ਕੁ 8 ਵਜੇ ਤੱਕ ਦਾ ਸਮਾਂ ਮੈਂ ਉਨ੍ਹਾਂ ਵਿੱਚ ਗੁਜ਼ਾਰਦਾ ਸੀ। ਜਦੋਂ ਉਹ ਰਾਤ ਦਾ ਖਾਣਾ ਖਾ ਕੇ ਬੈੱਡਾਂ ’ਤੇ ਚਲੇ ਜਾਂਦੇ, ਮੈਂ ਫਿਰ ਘਰ ਪਰਤਦਾ ਸੀ।
ਨਸ਼ੱਈਆਂ ’ਤੇ ਸ਼ਾਮ ਦੇ ਸਮੇਂ ਮਾਰੂ ਸੋਚ ਕਈ ਵਾਰ ਭਾਰੂ ਹੋ ਸਕਦੀ ਹੈ, ਇਸ ਪੱਖੋਂ ਵੀ ਮੈਂ ਸੁਚੇਤ ਸਾਂ। ਇੱਕ ਦਿਨ ਰਾਤ ਨੂੰ 12 ਵਜੇ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਦੇ ਕਰਮਚਾਰੀ ਦਾ ਫੋਨ ਆਇਆ, ‘‘ਸਰ, ਡੇਢ ਘੰਟਾ ਹੋ ਗਿਆ, ਆਪਣੇ ਸੈਂਟਰ ਦੀ ਲਾਈਟ ਖ਼ਰਾਬ ਹੋ ਗਈ। ਹੁਣ ਇਨਵਰਟਰ ਵੀ ਜਵਾਬ ਦੇ ਗਿਆ। ਅੰਤਾਂ ਦੀ ਗਰਮੀ ਵਿੱਚ ਨਸ਼ੱਈ ਮਰੀਜ਼ ਅੰਦਰ ਤੜਪ ਰਹੇ ਹਨ। ਬਿਜਲੀ ਵਾਲਿਆਂ ਨੂੰ ਕਈ ਵਾਰ ਟੈਲੀਫੋਨ ਕੀਤੇ, ਪਰ ਉਹ ਚੁੱਕਦੇ ਨਹੀਂ। ਤੁਸੀਂ ਆ ਕੇ ਕੋਈ ਪ੍ਰਬੰਧ ਕਰੋ।’’ ਮੈਂ ਉਨ੍ਹਾਂ ਨੂੰ ‘ਹੁਣੇ ਆਇਆ’ ਦਾ ਕਹਿ ਕੇ ਜਦੋਂ ਸੈਂਟਰ ਵੱਲ ਜਾਣ ਲੱਗਿਆ ਤਾਂ ਪਤਨੀ ਨੇ ਇਹ ਕਹਿ ਕੇ ਟੋਕਿਆ, ‘‘ਤੁਸੀਂ ਦਿਨੇ ਵੀ ਆਰਾਮ ਨਹੀਂ ਕਰਦੇ ਅਤੇ ਹੁਣ ਰਾਤ ਨੂੰ ਫਿਰ ਚੱਲ ਪਏ।’’ ਮੇਰਾ ਜੀਵਨ ਸਾਥਣ ਨੂੰ ਜਵਾਬ ਸੀ, ‘‘ਜੇਠ-ਹਾੜ੍ਹ ਦੀ ਅੰਤਾਂ ਦੀ ਗਰਮੀ, ਆਪਾਂ ਤਾਂ ਇੱਥੇ ਏ ਸੀ ਲਾ ਕੇ ਪਏ ਹਾਂ।
ਉਹ ਵਿਚਾਰੇ ਪੱਖਿਆਂ ਅਤੇ ਕੂਲਰਾਂ ਤੋਂ ਵੀ ਵਾਂਝੇ ਹਨ। ਉਨ੍ਹਾਂ ਦੀ ਸੁੱਖ ਚੈਨ ਦੀ ਜ਼ਿੰਮੇਵਾਰੀ ਮੁਖੀ ਹੋਣ ਦੇ ਨਾਤੇ ਮੇਰੀ ਹੈ। ਅਜਿਹੀ ਹਾਲਤ ਵਿੱਚ ਭਲਾ ਮੈਂ ਕਿੰਝ ਸੌਂ ਸਕਦਾ?’­’ ਕੁਝ ਸਮੇਂ ਬਾਅਦ ਮੈਂ ਸੈਂਟਰ ਵਿੱਚ ਪੁੱਜ ਗਿਆ। ਗਰਮੀ ਨਾਲ ਤੜਪਦੇ ਤੀਹ ਕੁ ਨੌਜਵਾਨਾਂ ਨੂੰ ਬਿਨਾਂ ਕਿਸੇ ਸਕਿਉਰਿਟੀ ਤੋਂ ਬਾਹਰ ਵਿਹੜੇ ਵਿੱਚ ਕੱਢ ਲਿਆ ਅਤੇ ਫਿਰ ਉਨ੍ਹਾਂ ਨੂੰ ਪਿਆਰ ਨਾਲ ਸੰਬੋਧਨ ਕਰਦਿਆਂ ਕਿਹਾ, ‘‘ਤੁਸੀਂ ਬਾਹਰ ਬੈਠੋ। ਮੈਂ ਬਿਜਲੀ ਠੀਕ ਕਰਨ ਲਈ ਮਕੈਨਿਕ ਲੈ ਕੇ ਆਉਂਦਾ ਹਾਂ।’’ ਨਾਲ ਹੀ ਜ਼ੋਰ ਦੇ ਕੇ ਇਹ ਵੀ ਕਿਹਾ, ‘‘ਮੇਰੇ ਭਰੋਸੇ ਨੂੰ ਸੱਟ ਨਾ ਮਾਰਿਓ।’’ ਉਨ੍ਹਾਂ ਦਾ ਇੱਕਸੁਰਤਾ ਵਿੱਚ ਜਵਾਬ ਸੀ, ‘‘ਸਰ, ਤੁਸੀਂ ਸਾਡੇ ਪਿੱਛੇ ਰਾਤ ਨੂੰ ਵੀ ਭੱਜੇ ਫਿਰਦੇ ਹੋ। ਅਸੀਂ ਤੁਹਾਨੂੰ ਧੋਖਾ ਨਹੀਂ ਦੇਵਾਂਗੇ।’’ ਕੇਂਦਰ ਦੇ ਦੋ ਮੁਲਾਜ਼ਮ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪਏ ਅਤੇ ਮੈਂ ਬਿਜਲੀ ਦਫ਼ਤਰ ਦੇ ਕੰਪਲੇਂਟ ਸੈਂਟਰ ਵਿੱਚ ਜਾ ਕੇ ਉਨ੍ਹਾਂ ਨੂੰ ਪੇਸ਼ ਆਈ ਸਮੱਸਿਆ ਬਾਰੇ ਜਾਣੂ ਕਰਵਾਇਆ। ਬਿਜਲੀ ਦਫ਼ਤਰ ਦੇ ਦੋ ਕਰਮਚਾਰੀ ਮੇਰੇ ਨਾਲ ਹੀ ਤੁਰ ਪਏ। ਲਾਈਨ ਦਾ ਨੁਕਸ ਦੂਰ ਕਰਨ ਉਪਰੰਤ ਸੈਂਟਰ ਵਿੱਚ ਚਾਨਣ ਬਿਖੇਰ ਕੇ ਮੁੜ ਗਏ। ਮਰੀਜ਼ਾਂ ਨੂੰ ਵਾਰਡ ਵਿੱਚ ਭੇਜਣ ਉਪਰੰਤ ਵਾਪਸੀ ਵੇਲੇ ਉਨ੍ਹਾਂ ਦਾ ਸ਼ੁਕਰਾਨੇ ਵਜੋਂ ਸਤਿਕਾਰ ਨਾਲ ਕੀਤਾ ਸਿਜਦਾ ਚੰਗੇ ਅਤੇ ਸਾਊ ਇਨਸਾਨਾਂ ਵਾਲੀ ਸ਼ਾਹਦੀ ਭਰਦਾ ਸੀ।

ਰੁਝਾਨ ਖਬਰਾਂ