ਸਰੀ, (ਏਕਜੋਤ ਸਿੰਘ): ਜੈਸੀ ਬਰਾੜ ਫੀਫਾ ਵਿਸ਼ਵ ਕੱਪ 2026 ਵੈਨਕੂਵਰ ਹੋਸਟ ਕਮੇਟੀ ਦੀ ਮੁਖੀ ਅਤੇ ਚੀਫ ਡਿਲੀਵਰੀ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਵੈਨਕੂਵਰ ਪ੍ਰਸ਼ਾਸਨ ਦੇ ਅਧੀਨ ਕੰਮ ਕਰਦੇ ਹੋਏ ਇਸ ਅਹਿਮ ਖੇਡ ਸਮਾਗਮ ਦੀਆਂ ਤਿਆਰੀਆਂ ਦੀ ਅਗਵਾਈ ਕਰ ਰਹੇ ਹਨ। ਪਿਛਲੇ ਲਗਭਗ 2.5 ਸਾਲਾਂ ਤੋਂ ਉਹ ਆਪਣੀ ਟੀਮ ਨਾਲ ਮਿਲ ਕੇ ਵੈਨਕੂਵਰ ਨੂੰ ਦੁਨੀਆ ਦੇ ਸਭ ਤੋਂ ਵਿਸ਼ਾਲ ਖੇਡ ਮੁਕਾਬਲਿਆਂ ਵਿੱਚੋਂ ਇੱਕ ਲਈ ਤਿਆਰ ਕਰਨ ਵਿੱਚ ਲੱਗੇ ਹੋਏ ਹਨ। ਉਹਨਾਂ ਦੀ ਜ਼ਿੰਮੇਵਾਰੀ ਸਿਰਫ ਸਟੇਡੀਅਮ ਤੱਕ ਸੀਮਿਤ ਨਹੀਂ ਹੈ ਬਲਕਿ ਪੂਰੇ ਸ਼ਹਿਰ ਵਿੱਚ ਸੈਲਾਨੀਆਂ ਦੇ ਸਵਾਗਤ ਅਤੇ ਆਵਾਜਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਹੈ।
ਆਪਣੇ ਕਰੀਅਰ ਵਿੱਚ ਜੈਸੀ ਬਰਾੜ ਕੋਲ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਪ੍ਰੋਜੈਕਟ ਡਿਲੀਵਰੀ ਦਾ 3 ਦਹਾਕਿਆਂ ਦਾ ਤਜਰਬਾ ਹੈ। ਉਹਨਾਂ ਨੇ 2013 ਵਿੱਚ ਪਹਿਲੀ ਵਾਰ ਵੈਨਕੂਵਰ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਜਿੱਥੇ ਉਹਨਾਂ ਨੇ ਸੂਚਨਾ ਤਕਨਾਲੋਜੀ ਅਤੇ ਲਾਇਸੈਂਸਿੰਗ ਵਿਭਾਗ ਦੀ ਅਗਵਾਈ ਕੀਤੀ ਸੀ। ਇਸ ਤੋਂ ਬਾਅਦ ਉਹ ਪ੍ਰਾਈਵੇਟ ਸੈਕਟਰ ਵਿੱਚ ਚਲੇ ਗਏ ਸਨ। ਜਨਵਰੀ 2024 ਵਿੱਚ ਉਹਨਾਂ ਨੇ ਫੀਫਾ ਲਈ ਵੈਨਕੂਵਰ ਦੀ ਸਥਾਨਕ ਪ੍ਰਬੰਧਕੀ ਕਮੇਟੀ ਦੀ ਅਗਵਾਈ ਕਰਨ ਲਈ ਮਿਊਂਸੀਪਲ ਸਰਕਾਰ ਵਿੱਚ ਵਾਪਸੀ ਕੀਤੀ।
ਇਸ ਅਹਿਮ ਭੂਮਿਕਾ ਵਿੱਚ ਵੱਖ ਵੱਖ ਵਿਭਾਗਾਂ ਅਤੇ ਸਰਕਾਰਾਂ ਨਾਲ ਤਾਲਮੇਲ ਬਣਾਉਣਾ ਉਹਨਾਂ ਦਾ ਮੁੱਖ ਕੰਮ ਹੈ। ਐਡਕਾਕ ਦੀ ਅਗਵਾਈ ਹੇਠ ਫੀਫਾ ਹੋਸਟ ਕਮੇਟੀ ਫੈਡਰਲ ਸਰਕਾਰ ਦੇ ਨਾਲ ਨਾਲ ਜਨਤਕ ਸੁਰੱਖਿਆ ਸੰਸਥਾਵਾਂ ਅਤੇ ਸੈਰ ਸਪਾਟਾ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਦੀ ਹੈ। ਇਸ ਤੋਂ ਇਲਾਵਾ ਉਹ ਟੋਰਾਂਟੋ ਅਤੇ ਸਿਆਟਲ ਵਰਗੇ ਹੋਰ ਮੇਜ਼ਬਾਨ ਸ਼ਹਿਰਾਂ ਨਾਲ ਵੀ ਲਗਾਤਾਰ ਰਾਬਤਾ ਕਾਇਮ ਰੱਖ ਰਹੇ ਹਨ ਤਾਂ ਜੋ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਵਧੀਆ ਤਜਰਬਾ ਦਿੱਤਾ ਜਾ ਸਕੇ। ਉਹਨਾਂ ਦੀ ਦੇਖਰੇਖ ਹੇਠ ਵੈਨਕੂਵਰ ਵਿੱਚ 28 ਦਿਨਾਂ ਤੱਕ ਚੱਲਣ ਵਾਲੇ ਫੀਫਾ ਫੈਨ ਫੈਸਟੀਵਲ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਜੈਸੀ ਬਰਾੜ ਦਾ ਪਿਛੋਕੜ ਪੰਜਾਬ ਦੇ ਵਿਰਾਸਤੀ ਸ਼ਹਿਰ ਫਰੀਦਕੋਟ ਨਾਲ ਹੈ।
ਜੈਸੀ ਬਰਾੜ ਦੇ ਮੋਢਿਆਂ ’ਤੇ ਵੈਨਕੂਵਰ ’ਚ ਫੀਫਾ ਕੱਪ ਦੀ ਜ਼ਿੰਮੇਵਾਰੀ

