19.1 C
Vancouver
Tuesday, July 14, 2026

ਜ਼ਿੰਦਗੀ ਨਾਲ ਆਢਾ!

ਜਗਜੀਤ ਸਿੰਘ ਲੋਹਟਬੱਡੀ, ਸੰਪਰਕ: 89684-33500
ਲੂੰਹਦੀ ਤਪਸ਼ ਹੋਵੇ ਜਾਂ ਹੱਡ-ਚੀਰਵੀਂ ਠੰਢ ਉਹ ਬਿਨਾਂ ਨਾਗਾ ਹਾਜ਼ਰ ਹੁੰਦਾ। ਸਾਈਕਲ ਰੇੜ੍ਹੇ ਦੀ ਕਾਠੀ ਉੱਤੇ ਘੰਟਿਆਂਬੱਧੀ ਬੈਠਾ ਰਹਿੰਦਾ। ਨਜ਼ਰ ਪਛਾਣਨੋਂ ਇਨਕਾਰੀ, ਪਰ ਇਰਾਦਾ ਪਹਾੜ ਜਿੱਡਾ। ਉਮਰ ਦੇ 88 ਵਰ੍ਹੇ ਪਾਰ ਕਰ ਕੇ ਵੀ ਜ਼ਿੰਦਗੀ ਨੂੰ ਵੰਗਾਰ ਰਿਹਾ, “ਹੋਰ ਇਮਤਿਹਾਨ ਲੈ-ਲੈ… ਸੈਂਕੜਾ ਪੂਰਾ ਕਰੂੰ…!” ਪਿਛਲੇ ਬਾਰਾਂ ਕੁ ਸਾਲਾਂ ਤੋਂ ਟਰੈਫਿਕ ਲਾਈਟਾਂ ਵਾਲੇ ਚੌਕ ਨੇੜੇ ਬਾਪੂ ਮੱਘਰ ਸਿਹੁੰ ਸੁਵਖਤੇ ਹੀ ਆਪਣਾ ਅੱਡਾ ਆ ਮੱਲਦਾ। ਰੇੜ੍ਹੇ ਉੱਤੇ ਛੋਟਾ ਜਿਹਾ ਫੱਟਾ ਲਟਕਦਾ ਰਹਿੰਦਾ: ‘ਇੱਥੇ ਫਟੇ-ਪੁਰਾਣੇ ਨੋਟ ਬਦਲੇ ਜਾਂਦੇ ਹਨ।’ ਗੱਲ ਵੱਢੇ-ਟੁੱਕੇ ਨੋਟਾਂ ਦੇ ਬਦਲਣ ਤੋਂ ਚੱਲੀ। “ਅਸਾਂ ਦਾ ਜਨਮ ਬਲੋਚਿਸਤਾਨ ਵਿੱਚ ਹੋਇਆ ਸੀ… ਯਾਰ੍ਹਾਂ ਵਰ੍ਹਿਆਂ ਦਾ ਸਾਂ ਜਦੋਂ ਵੰਡ ਹੋਈ… ਪਿੰਡ ਤੁਰਨਾਲ ਛੱਡਣਾ ਪਿਆ… ਕੋਈ ਢਾਈ ਹਜ਼ਾਰ ਮੀਲ ਦੂਰ ਸੀ ਲਾਹੌਰ ਤੋਂ… ਜ਼ਿਲ੍ਹਾ ਕੈਂਬਲਪੁਰ ਪੈਂਦਾ ਸੀ…!” ਮੈਂ ਦੇਖਿਆ ਬਾਪੂ ਦਾ ਚਿਹਰਾ ਜ਼ਿੰਦਗੀ ਦੇ ਦਿੱਤੇ ਫੱਟਾਂ ਦੇ ਹਾਲੇ ਵੀ ਤਾਜ਼ਾ ਹੋਣ ਦੀ ਗਵਾਹੀ ਭਰ ਰਿਹਾ ਸੀ, “ਹਜੇ ਵੀ ਸੁਪਨਿਆਂ ਵਿੱਚ ਪਿੰਡ ਵਾਲਾ ਢਾਰਾ ਦਿਖਾਈ ਦਿੰਦੈ।” ਰੇੜ੍ਹੇ ਉੱਤੇ ਹੋਰ ਵੀ ਕਿੰਨਾ ਹੀ ਨਿੱਕ-ਸੁੱਕ ਰੱਖਿਆ ਹੋਇਆ ਸੀ- ਰੁਮਾਲ, ਜੁਰਾਬਾਂ, ਦਸਤਾਨੇ ਤੇ ਪਟਕੇ। “ਐਸ ਉਮਰੇ ਵੀ ਰੁੱਖੇ ਮੌਸਮਾਂ ਨਾਲ ਆਢਾ ?” ਮੈਂ ਸਹਿਜੇ ਹੀ ਪੁੱਛ ਬੈਠਿਆ। “ਖੌਰੇ ਅਸਾਂ ਬਲੋਚਾਂ ਨੂੰ ਕੁਦਰਤ ਨੇ ਜਾਣ-ਬੁੱਝ ਕੇ ਕਠੋਰ ਬਣਾਇਐ… ਜੰਮਦਿਆਂ ਹੀ ਗੁੜ੍ਹਤੀ ਭੀੜਾਂ-ਸ੍ਵੀੜਾਂ ਨਾਲ ਮੱਥਾ ਲਾਉਣ ਦੀ ਮਿਲਦੀ ਏ… ਘਰੋਂ ਬੇਘਰ ਹੋਏ, ਝੱਖੜਾਂ ਥੀਂ ਹੁੰਦੇ ਹਿੰਦੋਸਤਾਨ ਪਹੁੰਚੇ, ਤੰਬੂਆਂ ਵਿੱਚ ਰਾਤੀਂ ਕੱਟੀਆਂ…!” ਯਾਦਾਂ ਵਿੱਚ ਸਭ ਤਾਜ਼ਾ ਸੀ, ਜਿਵੇਂ ਕੱਲ੍ਹ ਦੀਆਂ ਬਾਤਾਂ ਹੋਣ! “ਮਾਂ ਪੇ ਕੱਟ ਵੱਢ ਵਿੱਚ ਹੀ ਕਿੱਧਰੇ ਅਲੋਪ ਹੋ ਗਏ… ਹੁਣ ਤੇ ਚੰਗੀ ਤਰ੍ਹਾਂ ਉਨ੍ਹਾਂ ਦੀਆਂ ਸ਼ਕਲਾਂ ਵੀ ਨਹੀਂ ਯਾਦ… ਇੱਧਰ ਆ ਕੇ ਕੱਪੜੇ ਦੀ ਫੇਰੀ ਲਾਈ, ਪੰਦਰਾਂ ਸਾਲ ਸਬਜ਼ੀ ਵੇਚੀ, ਰਿਕਸ਼ਾ ਚਲਾਇਆ, ਪੜ੍ਹਾਈ ਜੁ ਪੱਲੇ ਕੋ ਨਾ ਸੀ।” ਗੱਲਾਂ ਕਰਦੇ ਮੱਘਰ ਸਿਹੁੰ ਦੀ ਜ਼ੁਬਾਨ ਥਿੜਕ ਰਹੀ ਸੀ ਤੇ ਹੱਥ ਕੰਬ ਰਹੇ ਸਨ। “ਆਹ ਲਓ ਕੁਝ ਫਟੇ ਪੁਰਾਣੇ ਨੋਟ, ਬਦਲੇ ਵਿੱਚ ਜੋ ਮਿਲੇਗਾ ਮੈਂ ਬਾਅਦ ਵਿੱਚ ਤੁਹਾਡੇ ਕੋਲੋਂ ਲੈ ਲਵਾਂਗਾ।” ਮੈਂ ਉਸ ਦਾ ਧਿਆਨ ਵੰਡਾਉਣ ਦੀ ਕੋਸ਼ਿਸ਼ ਕੀਤੀ। “… ਮੱਘਰ ਸਿੰਘ ਕਿਸੇ ਦਾ ਉਧਾਰ ਨਹੀਂ ਰੱਖਦਾ!” ਉਸ ਦੇ ਬੋਲ ਖਰ੍ਹਵੇ ਹੋ ਗਏ ਸਨ। ਗੱਲਬਾਤ ਦੀ ਲੜੀ ਟੁੱਟਣ ਦੇ ਡਰੋਂ ਮੈਂ ਉਸ ਨੂੰ ਫਿਰ ਅਸਲ ਮੁੱਦੇ ’ਤੇ ਮੋੜਨਾ ਚਾਹੁੰਦਾ ਸੀ, “ਔਲਾਦ ਦਾ ਸੁਖ ਨਸੀਬ ਨਹੀਂ ਹੋਇਆ?” ਬਾਪੂ ਦੇ ਕਾਲਜੇ ਵਿੱਚੋਂ ਜਿਵੇਂ ਰੁੱਗ ਭਰਿਆ ਗਿਆ ਹੋਵੇ, ਪਰ ਉਸ ਨੇ ਚਿਹਰੇ ਉੱਤੇ ਕੋਈ ਸ਼ਿਕਨ ਨਹੀਂ ਆਉਣ ਦਿੱਤਾ, “ਕੁਲਹਿਣੇ ਸਮੇਂ ਨੇ ਪਿੱਛਾ ਨਹੀਂ ਛੱਡਿਆ… ਲੜਕੀ ਬਾਰਾਂ ਸਾਲ ਦੀ ਹੋ ਕੇ ਗੁਜ਼ਰ ਗਈ… ਵੱਡਾ ਲੜਕਾ ਨਿੱਤ ਦਾ ਸ਼ਰਾਬੀ, ਛੋਟਾ ਜੁਆਰੀ, ਲਾਜਪਤ ਨਗਰ ’ਚ ਦੋ ਕਮਰਿਆਂ ਦਾ ਘਰ ਖ਼ਰੀਦਿਆ ਸੀ, ਉਹ ਵੀ ਵਿਕ ਗਿਆ, ਦੋਵੇਂ ਜਹਾਨੋਂ ਕੂਚ ਕਰ ਗਏ…!” ਦਰਦ ਭਿੰਨੀ ਵਾਰਤਾ ਨੇ ਮਾਹੌਲ ਗ਼ਮਗੀਨ ਕਰ ਦਿੱਤਾ ਸੀ, ਪਰ ਬਾਪੂ ਦੀ ਜਿਵੇਂ ਸਹਿਜ ਮਤੇ ਇਸ ਤ੍ਰਾਸਦੀ ਨੂੰ ਜਰਨ ਦੀ ਆਦਤ ਬਣ ਗਈ ਹੋਵੇ। “ਜ਼ਿੰਦਗੀ ਨੇ ਬਹੁਤ ਜ਼ਖ਼ਮ ਦਿੱਤੇ, ਕਦੇ ਗਿਲ਼ਾ ਨਹੀਂ ਹੋਇਆ…?” ਮੈਂ ਉਸ ਦੀ ਢਲਦੀ ਸ਼ਾਮ ਵੱਲ ਦੇਖ ਅਗਲਾ ਸਵਾਲ ਕੀਤਾ। “ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿਣੇ, ਦੋ ਵੇਲਿਆਂ ਦੀ ਰੋਟੀ ਮਿਲੀ ਜਾਂਦੀ ਏ, ਝੋਰਾ ਕਿਸ ਗੱਲ ਦਾ…?” ਹਨੇਰਾ ਪਸਰਨ ਲੱਗਿਆ ਤਾਂ ਮੱਘਰ ਸਿਹੁੰ ਨੇ ਰੇੜ੍ਹੇ ਦਾ ਮੂੰਹ ਮੋੜ ਲਿਆ। ਮੈਂ ਨਾਲ ਦੀ ਫੜ੍ਹੀ ਵਾਲੇ ਰਾਜੂ ਨੂੰ ਬਾਪੂ ਦੀ ਚੜ੍ਹਦੀ ਕਲਾ ਦਾ ਰਾਜ਼ ਪੁੱਛਿਆ। “…ਦਾਰ ਜੀ ਨੇ ਅਜੇ ਮੰਜੇ ’ਤੇ ਪਏ ਅਪਾਹਜ ਪੋਤੇ ਦਾ ਕਰਜ਼ਾ ਉਤਾਰਨੈ ਸ਼ਾਇਦ।” ਦੱਸਣ ਸਾਰ ਉਸ ਦੀਆਂ ਅੱਖਾਂ ਨਮ ਹੋ ਗਈਆਂ। ਹੌਲੀ-ਹੌਲੀ ਕਦਮਾਂ ਨਾਲ ਘਰ ਵੱਲ ਤੁਰੇ ਜਾਂਦੇ ਬਾਪੂ ਮੱਘਰ ਸਿਹੁੰ ਵੱਲ ਦੇਖ ਕੇ ਮੈਂ ਸੋਚ ਰਿਹਾ ਸੀ ਕਿ ਸਾਡਾ ਪੌਰਾਣਿਕ ਕਥਾਵਾਂ ਵਾਲਾ ‘ਧਰਤੀ ਹੇਠਲਾ ਬਲਦ’ ਇੰਨਾ ਭਾਰ ਚੁੱਕ ਸਕਦੈ ਕਿ ਨਹੀਂ?

ਰੁਝਾਨ ਖਬਰਾਂ