ਵੈਨਕੂਵਰ (ਏਕਜੋਤ ਸਿੰਘ): ਸਾਊਥ ਸਰੀ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਵਾਪਰੀ ਜਬਰਦਸਤੀ ਵਸੂਲੀ ਅਤੇ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਤਿੰਨ ਸ਼ੱਕੀਆਂ ਨੂੰ ਸਰੀ ਦੀ ਪ੍ਰੋਵਿੰਸ਼ੀਅਲ ਕੋਰਟ ਨੇ ਸਜ਼ਾ ਸੁਣਾ ਦਿੱਤੀ ਹੈ। ਮੰਗਲਵਾਰ 9 ਜੂਨ ਨੂੰ ਹੋਈ ਸੁਣਵਾਈ ਦੌਰਾਨ ਤਿੰਨਾਂ ਵਿਦੇਸ਼ੀ ਨਾਗਰਿਕਾਂ ਨੇ ਆਪਣੇ ਗੁਨਾਹ ਕਬੂਲ ਕਰ ਲਏ ਸਨ। ਇਹ ਘਟਨਾ 1 ਫਰਵਰੀ ਨੂੰ ਵਾਪਰੀ ਸੀ ਜਦੋਂ ਇਹ ਨੌਜਵਾਨ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਰਾਈਡਸ਼ੇਅਰ ਗੱਡੀ ਰਾਹੀਂ ਫਰਾਰ ਹੋ ਗਏ ਸਨ। ਸਰੀ ਪੁਲਿਸ ਸਰਵਿਸ ਦੇ ਪ੍ਰੋਜੈਕਟ ਐਸ਼ੋਰੈਂਸ ਅਤੇ ਮੇਜਰ ਕ੍ਰਾਈਮ ਸੈਕਸ਼ਨ ਦੇ ਅਧਿਕਾਰੀਆਂ ਨੇ ਮਿਲ ਕੇ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਕਾਬੂ ਕੀਤਾ ਸੀ।
ਪੁਲਿਸ ਅਨੁਸਾਰ 1 ਫਰਵਰੀ ਨੂੰ ਤੜਕੇ ਕਰੀਬ 3:50 ਵਜੇ ਉਨ੍ਹਾਂ ਨੂੰ ਕ੍ਰੈਸੈਂਟ ਰੋਡ ਅਤੇ 132 ਸਟ੍ਰੀਟ ਨੇੜੇ ਇੱਕ ਘਰ ਦੇ ਬਾਹਰ ਗੋਲੀਬਾਰੀ ਹੋਣ ਅਤੇ ਛੋਟੀ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮਾਂ ਨੇ ਮੁਸਤੈਦੀ ਦਿਖਾਉਂਦਿਆਂ 28 ਐਵੇਨਿਊ ਅਤੇ 140 ਸਟ੍ਰੀਟ ਦੇ ਨੇੜੇ ਇੱਕ ਰਾਈਡਸ਼ੇਅਰ ਕਾਰ ਨੂੰ ਰੋਕ ਕੇ ਤਿੰਨਾਂ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ 21 ਸਾਲਾ ਹਰਜੋਤ ਸਿੰਘ, 19 ਸਾਲਾ ਤਰਨਵੀਰ ਸਿੰਘ ਅਤੇ 21 ਸਾਲਾ ਦਿਆਜੀਤ ਸਿੰਘ ਬਿਲਿੰਗ ਵਜੋਂ ਹੋਈ ਸੀ। ਕੈਨੇਡਾ ਦੇ ਕ੍ਰਿਮੀਨਲ ਕੋਡ ਤਹਿਤ ਇਨ੍ਹਾਂ ਤਿੰਨਾਂ ‘ਤੇ ਕਿਸੇ ਜਗ੍ਹਾ ‘ਤੇ ਹਥਿਆਰ ਚਲਾਉਣ, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਵਿਸਫੋਟਕ ਸੁੱਟਣ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਸਨ। ਅਦਾਲਤ ਵਿੱਚ ਦੋਸ਼ੀਆਂ ਵੱਲੋਂ ਆਪਣਾ ਜੁਰਮ ਕਬੂਲਣ ਤੋਂ ਬਾਅਦ ਉਨ੍ਹਾਂ ਨੂੰ ਵੱਖੋ-ਵੱਖਰੀਆਂ ਸਜ਼ਾਵਾਂ ਸੁਣਾਈਆਂ ਗਈਆਂ। ਤਰਨਵੀਰ ਸਿੰਘ ਨੂੰ ਲਾਪਰਵਾਹੀ ਨਾਲ ਹਥਿਆਰ ਚਲਾਉਣ ਦੇ ਦੋਸ਼ ਹੇਠ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦਿਆਜੀਤ ਸਿੰਘ ਨੂੰ ਵਿਸਫੋਟਕ ਸਮੱਗਰੀ ਸੁੱਟਣ ਦੇ ਦੋਸ਼ ਵਿੱਚ 27 ਮਹੀਨਿਆਂ ਦੀ ਕੈਦ ਦੀ ਸਜ਼ਾ ਮਿਲੀ ਹੈ। ਇਸੇ ਤਰ੍ਹਾਂ ਹਰਜੋਤ ਸਿੰਘ ਨੂੰ ਵੀ ਵਿਸਫੋਟਕ ਸਮੱਗਰੀ ਸੁੱਟਣ ਦੇ ਦੋਸ਼ ਹੇਠ 25 ਮਹੀਨਿਆਂ ਦੀ ਕੈਦ ਭੁਗਤਣੀ ਪਵੇਗੀ। ਤਿੰਨਾਂ ਦੋਸ਼ੀਆਂ ਦੀ ਸਜ਼ਾ ਵਿੱਚੋਂ ਉਹ ਸਮਾਂ ਘਟਾ ਦਿੱਤਾ ਜਾਵੇਗਾ ਜੋ ਉਨ੍ਹਾਂ ਨੇ ਫੈਸਲਾ ਆਉਣ ਤੋਂ ਪਹਿਲਾਂ ਹਿਰਾਸਤ ਵਿੱਚ ਬਿਤਾਇਆ ਹੈ। ਸਰੀ ਪੁਲਿਸ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣ ਵਿੱਚ ਮਦਦ ਮਿਲੇਗੀ। This report was written by Ekjot Singh as part of the Local Journalism Initiative.
ਜਬਰੀ ਵਸੂਲੀ ਦੇ ਮਾਮਲੇ ਵਿੱਚ ਪੰਜਾਬੀ ਨੌਜਵਾਨਾਂ ਨੂੰ ਸੁਣਾਈ ਗਈ ਸਜ਼ਾ

