14.7 C
Vancouver
Tuesday, July 14, 2026

ਕੌਣ ਸੀ ਪੈਰਿਸ ਕਮਿਊਨ ਦੀ ਵੀਰਾਂਗਣਾ? ਲੂਸੀ ਮਿਸ਼ੇਲ?

ਚਮਕੌਰ ਸਿੰਘ ਕੈਰਵੇ
18 ਮਾਰਚ, 1871 ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਕਿਰਤੀਆਂ ਨੇ ਸੰਸਾਰ ਵਿੱਚ ਪਹਿਲੀ ਵਾਰ ਆਪਣਾ ਰਾਜ ਕਾਇਮ ਕੀਤਾ, ਜੋ ਭਾਵੇਂ ਮਹਿਜ਼ 72 ਦਿਨ ਹੀ ਕਾਇਮ ਰਿਹਾ ਅਤੇ ਸਰਮਾਏਦਾਰਾਂ ਤਾਕਤਾਂ ਦੁਆਰਾ ਖੂਨ ਦੀਆਂ ਨਦੀਆਂ ਵਿੱਚ ਡੁਬੋ ਦਿੱਤਾ ਗਿਆ, ਪਰ ਕਿਰਤੀਆਂ ਦੇ ਇਸ ਪਹਿਲੇ ਰਾਜ ਨੇ ਨਾ ਸਿਰਫ ਇਹ ਦਿਖਾਇਆ ਕਿ ਕਿਰਤੀਆਂ ਦੀ ਰਾਜਸੱਤ ਕਿਸ ਤਰ੍ਹਾਂ ਸਿਆਸਤ ਅਤੇ ਪ੍ਰਸ਼ਾਸਨ ਦੇ ਕੰਮਾਂ ਵਿੱਚ ਯੁਗ-ਪਲਟਾਊ ਹੋਵੇਗੀ। ਇਸ ਛੋਟੇ ਜਿਹੇ ਅਰਸੇ ਵਿੱਚ ਪੈਰਿਸ ਦੇ ਕਿਰਤੀਆਂ ਨੇ ਬਹਾਦਰੀ ਅਤੇ ਕੁਰਬਾਨੀਆਂ ਦੀ ਮਿਸਾਲ ਕਾਇਮ ਕੀਤੀ ਅਤੇ ਕਿਰਤੀਆਂ ਦੇ ਅਨੇਕਾਂ ਹੀ ਨਾਇਕ ਪੈਦਾ ਕੀਤੇ। ਇਨ੍ਹਾਂ ਹੀ ਨਾਇਕਾਂ ਵਿੱਚ ਇੱਕ ਨਾਂ ਲੂਸੀ ਮਿਸ਼ੇਲ ਦਾ ਹੈ।
29 ਮਈ, 1830 ਨੂੰ ਫਰਾਂਸ ਵਿੱਚ ਜਨਮੀ ਲੂਸੀ ਮਿਸ਼ੇਲ ਇੱਕ ਅਮੀਰਜ਼ਾਦੇ ਅਤੇ ਉਸਦੀ ਨੌਕਰਾਣੀ ਦੀ ਔਲਾਦ ਸੀ। ਪਰ ਉਸਦੇ ਦਾਦਾ-ਦਾਦੀ ਨੇ ਉਸਨੂੰ ਆਪਣੇ ਕੋਲ ਰੱਖ ਕੇ ਪਾਲਿਆ ਅਤੇ ਉਸਦੀ ਸਿੱਖਿਆ ਉਦਾਰਵਾਦੀ ਖਿਆਲਾਂ ਦੇ ਮਾਹੌਲ ਵਿੱਚ ਹੋਈ। ਉਸਨੇ ਆਪਣੀ ਅਜ਼ਾਦ ਹੈਸੀਅਤ ਬਣਾਉਣ ਲਈ ਅਧਿਆਪਨ ਦਾ ਕਿੱਤਾ ਚੁਣਿਆ, ਕਿਉਂਕਿ ਉਸ ਸਮੇਂ ਦੇ ਫਰਾਂਸ ਵਿੱਚ ਲੂਸੀ ਜਿਹੀ ਇੱਕ ਕੁੜੀ ਲਈ ਸਮਾਜ ਵਿੱਚ ਇੱਕ ਆਦਰਯੋਗ ਜਗ੍ਹਾ ਬਣਾਉਣ ਲਈ ਇਹੀ ਇੱਕ ਕਿੱਤਾ ਸੀ। ਉਸੇ ਸਮੇਂ ਹੀ 1848 ਦੇ ਤੂਫਾਨੀ ਸਾਲ ਨੇ ਪੂਰੇ ਫਰਾਂਸ ਨੂੰ ਝੰਜੋੜ ਦਿੱਤਾ ਸੀ। ਮਜ਼ਦੂਰਾਂ ਦੀ ਜੂਨ ਮਹੀਨੇ ਦੀ ਬਗਾਵਤ ਨੂੰ ਦਬਾਅ ਦਿੱਤਾ ਗਿਆ ਅਤੇ ਮਜ਼ਦੂਰਾਂ ਤੋਂ ਡਰੀ ਹੋਈ ਸਰਮਾਏਦਾਰ ਜਮਾਤ ਨੇ ਰਾਜਾਸ਼ਾਹੀ ਨਾਲ ਸਮਝੌਤਾ ਕਰ ਕੇ ਚੱਲਣ ਵਿੱਚ ਹੀ ਆਪਣੀ ਭਲਾਈ ਸਮਝੀ।
ਲੂਸੀ ਨੂੰ ਵੀ ਇਸ ਤੁਫਾਨ ਨੇ ਪ੍ਰਭਾਵਿਤ ਕੀਤਾ ਸੀ ਅਤੇ ਉਹ ਬੋਨਾਪਾਰਟ-ਵਿਰੋਧੀ ਹੋ ਚੁੱਕੀ ਸੀ। ਸਿੱਟੇ ਵਜੋਂ 1850 ਵਿੱਚ ਜਦੋਂ ਉਸਨੂੰ ਅਧਿਆਪਕ ਵਜੋਂ ਸਰਕਾਰੀ ਨੌਕਰੀ ਲੈਣ ਸਮੇਂ ਨੈਪੋਲੀਅਨ ਤੀਜੇ ਦੀ ਸਹੁੰ ਚੁੱਕਣ ਲਈ ਕਿਹਾ ਗਿਆ ਤਾਂ ਉਸਨੇ ਨਾਂਹ ਕਰ ਦਿੱਤੀ ਅਤੇ ਇੱਕ ਅਜ਼ਾਦ ਅਧਿਆਪਕ ਵਜੋਂ ਕੰਮ ਕਰਨ ਦਾ ਫੈਸਲਾ ਕੀਤਾ। ਉਸਨੇ ਆਪਣਾ ਸਕੂਲ ਖੋਲ੍ਹ ਕੇ ਗਰੀਬਾਂ ਦੇ ਬੱਚਿਆਂ ਅਤੇ ਪੜ੍ਹਨ-ਲਿਖਣ ਵਿੱਚ ਜਮਾਂਦਰੂ ਕਮਜ਼ੋਰੀ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਉਸਦਾ ਕਲਾਸਰੂਮ ਕਮਾਲ ਦਾ ਸੀ, ਜਿਹੜਾ ਪੇਂਟਿੰਗਾਂ, ਸੰਗੀਤ ਯੰਤਰਾਂ ਅਤੇ ਜੀਵਾਂ ਦੇ ਮਾਡਲਾਂ ਨਾਲ ਸਜਿਆ ਹੁੰਦਾ। ਉਸਨੇ ਰਵਾਇਤੀ ਬੋਝਲ, ਆਤਮਾ ਨੂੰ ਤਬਾਹ ਕਰ ਦੇਣ ਵਾਲੇ ਘੋਟਾ-ਲਾਊ ਪੜ੍ਹਾਉਣ-ਢੰਗਾਂ ਦੀ ਥਾਂ ਆਪਣੇ ਨਵੇਂ ਕਿਸਮ ਦੇ ਢੰਗਾਂ ਨਾਲ ਬੱਚਿਆਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ। ਇਸੇ ਦੌਰਾਨ ਉਹ ਫਰਾਂਸ ਦੇ ਅਰਾਜਕਤਾਵਾਦੀਆਂ ਦੇ ਸੰਪਰਕ ਵਿੱਚ ਆ ਗਈ ਅਤੇ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗੀ।
1866 ਵਿੱਚ ਉਹ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਇੱਕ ਇਲਾਕੇ ਮਾਉਂਟਮਾਰਤਰੀ ਵਿੱਚ ਇੱਕ ਸਕੂਲ ਵਿੱਚ ਅਧਿਆਪਕਾ ਵਜੋਂ ਨਿਯੁਕਤ ਹੋਣ ਵਿੱਚ ਕਾਮਯਾਬ ਹੋ ਗਈ। ਇੱਥੇ ਆ ਕੇ ਉਸਦੀ ਸਿਆਸੀ ਸਰਗਰਮੀ ਹੋਰ ਵੀ ਤਿੱਖੀ ਹੋ ਗਈ। ਫਰਾਂਸ ਵਿੱਚ ਇੱਕ ਵਾਰ ਫਿਰ ਤੁਫਾਨ ਆਉਣ ਵਾਲਾ ਸੀ। 1870 ਵਿੱਚ ਲੂਈ ਬੋਨਾਪਾਰਟ ਨੇ ਪਰੂਸ਼ੀਆ (ਅੱਜ ਦਾ ਜਰਮਨੀ) ਖਿਲਾਫ ਜੰਗ ਛੇੜਨ ਦਾ ਐਲਾਨ ਕਰ ਦਿੱਤਾ ਜਿਸ ਲਈ ਫਰਾਂਸ ਦੇ ਲੋਕ ਉੱਕਾ ਹੀ ਰਾਜ਼ੀ ਨਹੀਂ ਸਨ। ਜੰਗ ਵਿੱਚ ਫਰਾਂਸ ਨੂੰ ਤੇਜ਼ੀ ਨਾਲ ਹਾਰ ਹੋਣ ਲੱਗੀ, ਲੂਈ ਬੋਨਾਪਾਰਟ ਦੀ ਫੌਜ ਖਿੰਡ ਗਈ ਅਤੇ ਪਰੂਸ਼ੀਆ ਦੀਆਂ ਫੌਜਾਂ ਪੈਰਿਸ ਵੱਲ ਵਧਣ ਲੱਗੀਆਂ। ਪੈਰਿਸ ਦੀ ਰੱਖਿਆ ਲਈ ਨੈਸ਼ਨਲ ਗਾਰਡ ਨਾਂ ਦਾ ਹਥਿਆਰਬੰਦ ਦਸਤਾ ਕਾਇਮ ਕੀਤਾ ਗਿਆ ਜਿਸ ਵਿੱਚ ਬਹੁਗਿਣਤੀ ਪੈਰਿਸ ਦੇ ਕਿਰਤੀਆਂ ਦੀ ਸੀ। ਲੂਸੀ ਮਿਸ਼ੇਲ ਨੇ ਅਧਿਆਪਕਾ ਦੀ ਨੌਕਰੀ ਛੱਡ ਕੇ ਬੰਦੂਕ ਚੁੱਕਣੀ ਜ਼ਰੂਰੀ ਸਮਝੀ ਅਤੇ ਉਹ ਕਿਰਤੀਆਂ ਦੀ ਫੌਜ ਵਿੱਚ ਜਾ ਭਰਤੀ ਹੋਈ। ਉੱਧਰ ਜਨਵਰੀ, 1871 ਆਉਂਦੇ-ਆਉਂਦੇ ਫਰਾਂਸ ਦੀ ਸੱਤਾ ਨੈਪੋਲੀਅਨ ਤੀਜੇ ਦੇ ਹੱਥਾਂ ਵਿੱਚੋਂ ਨਿਕਲ ਕੇ ਪੂਰੀ ਤਰ੍ਹਾਂ ਨਾਲ ਸਰਮਾਏਦਾਰ ਜਮਾਤ ਦੇ ਹੱਥਾਂ ਵਿੱਚ ਆ ਗਈ ਜਿਸਨੇ ਪਰੂਸ਼ੀਆ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਨੈਸ਼ਨਲ ਗਾਰਡ ਨੂੰ ਨਿਹੱਥਾ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਪਰ ਪੈਰਿਸ ਦੇ ਕਿਰਤੀ ਪਰੂਸ਼ੀਆ ਅੱਗੇ ਆਤਮ-ਸਮਰਪਣ ਲਈ ਤਿਆਰ ਨਹੀਂ ਸਨ। ਸਿੱਟੇ ਵਜੋਂ ਉਹਨਾਂ ਨੇ ਹਥਿਆਰ ਸਰਕਾਰ ਨੂੰ ਸਪੁਰਦ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਹੋਰ ਵਧੇਰੇ ਗਿਣਤੀ ਵਿੱਚ ਕਿਰਤੀਆਂ ਨੂੰ ਹਥਿਆਰਬੰਦ ਕਰਨਾ ਸ਼ੁਰੂ ਕਰ ਦਿੱਤਾ। 18 ਮਾਰਚ, 1871 ਨੂੰ ਇੱਕ ਆਮ ਬਗਾਵਤ ਤੋਂ ਬਾਅਦ ਸਰਮਾਏਦਾਰਾਂ ਦੀ ਸਰਕਾਰ ਨੂੰ ਸ਼ਹਿਰ ਵਿੱਚੋਂ ਭਜਾ ਦਿੱਤਾ ਗਿਆ ਅਤੇ ਪੈਰਿਸ ਦੇ ਕਿਰਤੀਆਂ ਨੇ ਸੱਤਾ ਸੰਭਾਲ ਲਈ ਜਿਸਨੂੰ ਉਹਨਾਂ ਨੇ ‘ਪੈਰਿਸ ਕਮਿਊਨ’ ਦਾ ਨਾਮ ਦਿੱਤਾ। ‘ਪੈਰਿਸ ਕਮਿਊਨ’ ਦੁਨੀਆਂ ਦੀ ਪਹਿਲੀ ਮਜ਼ਦੂਰ ਰਾਜਸੱਤਾ ਸੀ। ਲੂਸੀ ਮਿਸ਼ੇਲ ਕਮਿਊਨਾਰਡਾਂ ਦੀ ਮੋਹਰੀ ਕਤਾਰ ਵਿੱਚ ਸੀ। ਉਸਨੇ ਐਂਬੂਲੈਂਸ ਡਰਾਈਵਰ ਅਤੇ ਮੁਢਲੀ ਮੈਡੀਕਲ ਸਹਾਇਤਾ ਦੇਣ ਵਾਲੇ ਕਾਮੇ ਦੇ ਕੰਮ ਤੋਂ ਲੈ ਕੇ ਜ਼ਮੀਨੀ ਜਥੇਬੰਦੀਆਂ ਖੜ੍ਹੀਆਂ ਕਰਨ, ਆਮ ਸ਼ਹਿਰੀਆਂ ਨੂੰ, ਖਾਸ ਕਰਕੇ ਔਰਤਾਂ ਨੂੰ ਹਥਿਆਰਬੰਦ ਕਰਨ ਅਤੇ ਹਥਿਆਰਬੰਦ ਦਸਤਿਆਂ ਦੀ ਮਦਦ ਕਰਨ ਵਾਲੀਆਂ ਟੋਲੀਆਂ ਕਾਇਮ ਕਰਨ ਦੇ ਕੰਮ ਤੋਂ ਲੈ ਕੇ ਬੈਰੀਕੇਡਾਂ ਉੱਤੇ ਬੰਦੂਕ ਫੜ ਕੇ ਖੜ੍ਹਨ ਤਕ ਦੇ ਸਾਰੇ ਕੰਮਾਂ ਵਿੱਚ ਹਿੱਸਾ ਲਿਆ। ਜਦੋਂ ਮਈ, 1871 ਵਿੱਚ ਫਰਾਂਸ ਦੀ ਸਰਮਾਏਦਾਰ ਜਮਾਤ ਨੇ ਪਰੂਸ਼ੀਆ ਦੀਆਂ ਫੌਜਾਂ ਨਾਲ ਮਿਲਕੇ ਪੈਰਿਸ ਉੱਤੇ ਹਮਲਾ ਕੀਤਾ ਤਾਂ ਮਾਉਂਟਮਾਰਤਰੀ ਦੇ ਮੋਰਚੇ ਉੱਤੇ ਲੜ ਰਹੀ ਲੂਸੀ ਆਖਰ ਤਕ ਮੋਰਚੇ ਉੱਤੇ ਲੜਨ ਵਾਲੇ ਕਮਿਊਨਾਰਡਾਂ ਵਿੱਚੋਂ ਇੱਕ ਸੀ।
ਪੈਰਿਸ ਕਮਿਊਨ ਦੀ ਹਾਰ ਤੋਂ ਬਾਅਦ ਕਿਰਤੀਆਂ ਦਾ ਕਤਲੇਆਮ ਸ਼ੁਰੂ ਹੋ ਗਿਆ, ਜਿਸਨੂੰ ਇਤਿਹਾਸ ਵਿੱਚ ‘ਖੂਨੀ ਹਫਤਾ’ ਕਿਹਾ ਜਾਂਦਾ ਹੈ। ਇੱਕ ਹਫਤੇ ਵਿੱਚ 30 ਹਜ਼ਾਰ ਤੋਂ ਉੱਤੇ ਕਿਰਤੀਆਂ ਨੂੰ ਕਤਲ ਕਰ ਦਿੱਤਾ ਗਿਆ। ਕਿਰਤੀਆਂ ਨੂੰ ਮਾਰਨ ਲਈ ਲਹੂ-ਪਿਆਸੀ ਹੋਈ ਸਰਮਾਏਦਾਰਾਂ ਦੀ ਫੌਜ ਨੇ ਇੰਨੀਆਂ ਗੋਲੀਆਂ ਚਲਾਈਆਂ ਕਿ ਗੋਲੀਆਂ ਦੀ ਅਵਾਜ਼ ਕਰਕੇ ਪੈਰਿਸ ਦੇ ਅਮੀਰਾਂ ਦੀ ਨੀਂਦ ਵੀ ਖਰਾਬ ਹੋ ਗਈ, ਜਿਸ ਕਰਕੇ ਫੌਜੀਆਂ ਨੇ ਕਿਰਤੀਆਂ ਨੂੰ ਕਤਲ ਕਰਨ ਲਈ ਸੰਗੀਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ।
ਲੂਸੀ ਮਿਸ਼ੇਲ ਨੂੰ ਉਸਦੇ ਸਾਥੀ ਕਮਿਊਨਾਰਡਾਂ ਸਣੇ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸਨੂੰ ਦੇਸ਼-ਨਿਕਾਲੇ ਦੀ ਸਜ਼ਾ ਦਿੱਤੀ ਗਈ। ਉਸਦੇ ਸਾਥੀ ਕਮਿਊਨਾਰਡਾਂ ਵਿੱਚੋਂ ਕਈਆਂ ਨੂੰ ਫਾਹੇ ਲਾ ਦਿੱਤਾ ਗਿਆ, ਜਿਨ੍ਹਾਂ ਲਈ ਉਸਨੇ ਆਪਣੀ ਮਸ਼ਹੂਰ ਕਵਿਤਾ ‘ਰੈੱਡ ਕਾਰਨੇਸ਼ਨਜ਼’ ਲਿਖੀ। ਕਮਿਊਨਾਰਡਾਂ, ਖਾਸ ਕਰਕੇ ਲੂਸੀ ਵੱਲੋਂ ਅਦਾਲਤ ਵਿੱਚ ਦਿਖਾਈ ਨਿਧੜਕਤਾ ਨੂੰ ਦੇਖ ਕੇ ਹੀ ਵਿਕਟਰ ਹਿਊਗੋ ਨੇ ਆਪਣੀ ਕਵਿਤਾ “ਵਿਰੋ ਮੇਜ਼” ਲਿਖੀ ਸੀ। ਲੂਸੀ ਨੂੰ ਦੋ ਸਾਲ ਤਕ ਫਰਾਂਸ ਵਿੱਚ ਕਠੋਰ ਕੈਦ ਵਿੱਚ ਰੱਖਣ ਤੋਂ ਬਾਅਦ 4 ਹਜ਼ਾਰ ਹੋਰ ਕਮਿਊਨਾਰਡਾਂ ਸਮੇਤ ਫਰਾਂਸ ਤੋਂ ਹਜ਼ਾਰਾਂ ਮੀਲ ਦੂਰ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂ ‘ਨਿਊ ਕੈਲੇਡੋਨੀਆ’ ਭੇਜ ਦਿੱਤਾ ਗਿਆ ਜਿਸਨੂੰ ਉਸ ਸਮੇਂ ਫਰਾਂਸ ਸਰਕਾਰ ਵੱਲੋਂ ਕੈਦੀਆਂ, ਖਾਸ ਕਰਕੇ ਸਿਆਸੀ ਕੈਦੀਆਂ ਨੂੰ ਦੇਸ਼-ਨਿਕਾਲਾ ਦੇਣ ਲਈ ਭਾਰਤ ਵਿੱਚ ਕਾਲੇਪਾਣੀ ਦੀ ਸਜ਼ਾ ਵਾਂਗ ਵਰਤਿਆ ਜਾਂਦਾ ਸੀ।
“ਨਿਊ ਕੈਲੇਡੋਨੀਆ” ਵਿੱਚ ਆਪਣੇ ਦੇਸ਼-ਨਿਕਲੇ ਦੀ ਸਜ਼ਾ ਦੌਰਾਨ ਵੀ ਲੂਸੀ ਇੱਕ ਸੱਚੇ ਇਨਕਲਾਬੀ ਵਾਂਗ ਸਥਾਨਕ ਮੂਲਵਾਸੀ ‘ਕਨਕ’ ਲੋਕਾਂ ਨੂੰ ਪੜ੍ਹਾਉਣ-ਲਿਖਾਉਣ ਅਤੇ ਸਿੱਖਿਅਤ ਕਰਨ ਦੇ ਕੰਮ ਵਿੱਚ ਜੁੱਟ ਗਈ ਅਤੇ 1878 ਦੇ ‘ਕਨਕ ਵਿਦਰੋਹ’ ਵਿੱਚ ਉਹਨਾਂ ਦਾ ਸਾਥ ਦਿੱਤਾ। 1880 ਵਿੱਚ ਫਰਾਂਸ ਦੀ ਸਰਕਾਰ ਵੱਲੋਂ ਐਲਾਨੀ ਆਮ-ਮੁਆਫੀ ਦੇ ਹਿੱਸੇ ਵਜੋਂ ਲੂਸੀ ਨੂੰ ਵੀ ਫਰਾਂਸ ਵਾਪਸ ਆਉਣ ਦੀ ਆਗਿਆ ਮਿਲ ਗਈ, ਪਰ ਉਸਨੇ ਆਉਂਦੇ ਹੀ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਇਨਕਲਾਬ ਦਾ ਪ੍ਰਚਾਰ ਕਰਨ ਲਈ ਪੂਰੇ ਫਰਾਂਸ ਦਾ ਦੌਰਾ ਸ਼ੁਰੂ ਕਰ ਦਿੱਤਾ ਅਤੇ ਕਈ ਸਾਰੇ ਜਨਤਕ ਰੋਸ-ਵਿਖਾਵਿਆਂ ਦੀ ਅਗਵਾਈ ਵੀ ਕੀਤੀ। ਸਿੱਟੇ ਵਜੋਂ 1883 ਵਿੱਚ ਉਸਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਤੇ ਛੇ ਸਾਲ ਦੀ ਸਜ਼ਾ ਹੋ ਗਈ। 1886 ਵਿੱਚ ਉਸਨੂੰ ਜੇਲ੍ਹ ਤੋਂ ਛੱਡ ਦਿੱਤਾ ਗਿਆ ਪਰ ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ ਹੇਠ ਕੁਝ ਦੇਰ ਬਾਅਦ ਹੀ ਫਿਰ ਗ੍ਰਿਫਤਾਰ ਕਰ ਲਿਆ ਗਿਆ।
ਕੁਝ ਮਹੀਨਿਆਂ ਬਾਅਦ ਉਸ ਨੂੰ ਫਿਰ ਛੱਡ ਦਿੱਤਾ ਗਿਆ, ਪਰ ਉਸਨੂੰ ‘ਪਾਗਲ’ ਕਰਾਰ ਦੇ ਕੇ ਪਾਗਲਖਾਨੇ ਵਿੱਚ ਬੰਦ ਕਰਨ ਦੀ ਸਰਕਾਰੀ ਯੋਜਨਾ ਬਣ ਗਈ, ਜਿਸਦਾ ਪਤਾ ਲੱਗਣ ’ਤੇ ਉਹ ਇੰਗਲੈਂਡ ਚਲੀ ਗਈ। ਉੱਥੇ ਜਾ ਕੇ ਉਸਨੇ ਫਿਰ ਤੋਂ ਅਧਿਆਪਨ ਦਾ ਕੰਮ ਸ਼ੁਰੂ ਕਰ ਦਿੱਤਾ, ਪਰ ਉਸਨੇ ਸਿਆਸੀ ਸਰਗਰਮੀ ਨਾ ਤਿਆਗੀ ਅਤੇ ਚੋਰੀ-ਛੁਪੇ ਫਰਾਂਸ ਵਿੱਚ ਇਨਕਲਾਬੀ ਕਾਰਜ ਕਰਨ ਲਈ ਦੌਰੇ ਕਰਦੀ ਰਹੀ। 1895 ਵਿੱਚ ਉਸਨੂੰ ਫਰਾਂਸ ਵਾਪਸ ਆਉਣ ਦੀ ਇਜਾਜ਼ਤ ਮਿਲ ਗਈ। ਇਸ ਤੋਂ ਬਾਅਦ ਵੀ ਜੇਲ੍ਹ ਅਤੇ ਲੂਸੀ ਦਾ ਰਿਸ਼ਤਾ ਲਗਾਤਾਰ ਬਣਿਆ ਰਿਹਾ। 1905 ਵਿੱਚ ਬਿਮਾਰੀ ਦੀ ਹਾਲਤ ਵਿੱਚ ਹੀ ਉਹ ਫਰਾਂਸ ਦੇ ਬਸਤੀਵਾਦੀ ਹਾਕਮਾਂ ਦੀ ਸੱਤਾ ਖਿਲਾਫ ਲੜ ਰਹੇ ਅਲਜੀਰੀਆ ਦੇ ਬਾਗੀਆਂ ਦੀ ਹਿਮਾਇਤ ਵਿੱਚ ਪ੍ਰਚਾਰ ਕਰਨ ਲਈ ਗਈ, ਜਿੱਥੋਂ ਵਾਪਸ ਆਉਣ ’ਤੇ ਉਹ 10 ਜਨਵਰੀ, 1906 ਨੂੰ ਉਹ ਚੱਲ ਵਸੀ।
ਲੂਸੀ ਮਿਸ਼ੇਲ ਦੀ ਆਖਰੀ ਯਾਤਰਾ ਵਿੱਚ ਪੈਰਿਸ ਦੀਆਂ ਸੜਕਾਂ ਉੱਤੇ ਬੇਮਿਸਾਲ ਗਿਣਤੀ ਵਿੱਚ ਆਮ ਲੋਕ ਉਸਦੇ ਨਾਲ ਤੁਰੇ। ਇਹੋ ਜਿਹਾ ਸਨਮਾਨ ਉਸ ਸਮੇਂ ਕਿਸੇ ਨੂੰ ਵੀ ਹਾਸਲ ਨਹੀਂ ਹੋਇਆ। ਲੂਸੀ ਮਿਸ਼ੇਲ ਜਿਹੇ ਕਿਰਤੀ ਲੋਕਾਂ ਦੇ ਕਿੰਨੇ ਹੀ ਨਾਇਕ/ਨਾਇਕਾਵਾਂ ਦੀਆਂ ਸ਼ਾਨਾਮੱਤੀਆਂ ਗਾਥਾਵਾਂ ਸਰਮਾਏਦਾਰੀ ਦੇ ਭਾੜੇ ’ਤੇ ਲਿਖਾਏ ਇਤਿਹਾਸ ਦੀ ਧੂੜ ਥੱਲੇ ਦੱਬੀਆਂ ਪਈਆਂ ਹਨ, ਪਰ ਕਿਰਤੀ ਲਹਿਰ ਜਿਵੇਂ ਜਿਵੇਂ ਅੱਗੇ ਵਧੇਗੀ, ਕਿਰਤੀ ਲੋਕ ਆਪਣੇ ਇਤਿਹਾਸ ਨੂੰ ਫਰੋਲਣਗੇ ਅਤੇ ਆਪਣੇ ਨਾਇਕਾਂ ਨੂੰ ਸਨਮਾਨਤ ਕਰਨਗੇ।

ਰੁਝਾਨ ਖਬਰਾਂ