ਵੈਨਕੂਵਰ (ਏਕਜੋਤ ਸਿੰਘ) ਕੈਲਗਰੀ ਪੁਲਿਸ ਨੇ 2025 ਵਿੱਚ ਇੱਕ ਨੌਜਵਾਨ ਮਹਿਲਾ ਦੇ ਘਰੇਲੂ ਕਤਲ ਵਿੱਚ ਵਰਤੀ ਗਈ ਬੰਦੂਕ ਨਾਲ ਸਬੰਧ ਪਾਏ ਜਾਣ ਤੋਂ ਬਾਅਦ ਇੱਕ ਹੋਰ ਮਹਿਲਾ ਖ਼ਿਲਾਫ਼ ਨਵੇਂ ਦੋਸ਼ ਆਇਦ ਕੀਤੇ ਹਨ। 23 ਸਾਲਾ ਮੈਡੀਸਨ ਕੌਬ ਦੀ 19 ਜੁਲਾਈ 2025 ਨੂੰ ਦੱਖਣ-ਪੱਛਮੀ ਕੈਲਗਰੀ ਵਿੱਚ ਸ਼ਾਪਸ ਐਟ ਹੈਰੀਟੇਜ ਦੇ ਇੱਕ ਪਾਰਕੇਡ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਘਟਨਾ ਦੇ 2 ਦਿਨ ਬਾਅਦ ਅਧਿਕਾਰੀਆਂ ਨੇ 27 ਸਾਲਾ ਡੇਵੋਨ ਬ੍ਰੈਡਲੀ ਮਲਿਕ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਫਸਟ ਡਿਗਰੀ ਮਰਡਰ ਦਾ ਦੋਸ਼ ਲਗਾਇਆ ਸੀ। ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਕਿ ਮਲਿਕ ਅਤੇ ਕੌਬ ਦੇ ਸਬੰਧ 2025 ਦੀ ਸ਼ੁਰੂਆਤ ਵਿੱਚ ਟੁੱਟ ਗਏ ਸਨ। ਕੌਬ ਨੇ ਕਥਿਤ ਤੌਰ ‘ਤੇ ਜੂਨ ਵਿੱਚ ਮਲਿਕ ਖ਼ਿਲਾਫ਼ ਇੱਕ ਰਿਸਟ੍ਰੇਨਿੰਗ ਆਰਡਰ ਲਿਆ ਸੀ ਅਤੇ ਅਦਾਲਤ ਵਿੱਚ ਇੱਕ ਹਲਫਨਾਮੇ ਵਿੱਚ ਦੱਸਿਆ ਸੀ ਕਿ ਉਸ ਨੂੰ ਯਕੀਨ ਹੈ ਕਿ ਮਲਿਕ ਕੋਲ ਬੰਦੂਕ ਹੈ। ਪੁਲਿਸ ਨੇ ਬਾਅਦ ਵਿੱਚ ਗੋਲੀਬਾਰੀ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਸੀ ਪਰ ਉਸ ਦਾ ਸੀਰੀਅਲ ਨੰਬਰ ਮਿਟਾਇਆ ਹੋਇਆ ਸੀ, ਜਿਸ ਕਾਰਨ ਇੱਕ ਵੱਖਰੀ ਜਾਂਚ ਸ਼ੁਰੂ ਕੀਤੀ ਗਈ। ਉਸ ਜਾਂਚ ਦੇ ਅਧਾਰ ‘ਤੇ 3 ਫਰਵਰੀ ਨੂੰ ਤਲਾਸ਼ੀ ਵਾਰੰਟ ਦੌਰਾਨ ਅਧਿਕਾਰੀਆਂ ਨੇ 7 ਬੰਦੂਕਾਂ, ਏਅਰ ਗਨ ਅਤੇ ਗੋਲਾ-ਬਰੂਦ ਜ਼ਬਤ ਕੀਤਾ। 44 ਸਾਲਾ ਗੋਰਡਨ ਕੇਸ਼ ਕੈਮਰਨ ‘ਤੇ ਹਥਿਆਰਾਂ ਦੀ ਤਸਕਰੀ, ਗੁੰਮ ਜਾਂ ਚੋਰੀ ਹੋਏ ਹਥਿਆਰਾਂ ਦੀ ਰਿਪੋਰਟ ਨਾ ਕਰਨ ਅਤੇ ਪਾਬੰਦੀਸ਼ੁਦਾ ਉਪਕਰਣ ਰੱਖਣ ਦੇ ਦੋਸ਼ ਲਗਾਏ ਗਏ ਸਨ।

