19.1 C
Vancouver
Tuesday, July 14, 2026

ਕੈਨੇਡਾ ਵਿੱਚ ਨੌਜਵਾਨ ਪੀੜ੍ਹੀ ਮਾਨਸਿਕ ਸੰਕਟ ਦੇ ਦੌਰ ਵਿੱਚ

ਸਰੀ, (ਏਕਜੋਤ ਸਿੰਘ): ਕੈਨੇਡਾ ਵਿੱਚ ਰਹਿਣ ਵਾਲੀ ਨੌਜਵਾਨ ਪੀੜ੍ਹੀ, ਖ਼ਾਸ ਕਰਕੇ 18 ਤੋਂ 34 ਸਾਲ ਦੇ ਨੌਜਵਾਨ, ਇਸ ਵੇਲੇ ਇੱਕ ਗੰਭੀਰ ਮਾਨਸਿਕ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸਿਹਤ ਮਾਹਿਰਾਂ, ਸਰਕਾਰੀ ਅੰਕੜਿਆਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਜਾਰੀ ਕੀਤੀਆਂ ਗਈਆਂ ਤਾਜ਼ਾ ਰਿਪੋਰਟਾਂ ਅਨੁਸਾਰ, ਇਸ ਉਮਰ ਵਰਗ ਵਿੱਚ ਐਂਗਜ਼ਾਇਟੀ (Anxiety Disorder), ਮੂਡ ਡਿਸਆਰਡਰਜ਼ ਅਤੇ ਵਿੱਤੀ ਤਣਾਅ ਦੇ ਮਾਮਲੇ ਇਤਿਹਾਸਕ ਪੱਧਰ ‘ਤੇ ਪਹੁੰਚ ਗਏ ਹਨ। ਰਿਪੋਰਟਾਂ ਦਰਸਾਉਂਦੀਆਂ ਹਨ ਕਿ ਹਰ ਸਾਲ ਲਗਭਗ 5 ਵਿੱਚੋਂ 1 ਕੈਨੇਡੀਅਨ ਕਿਸੇ ਨਾ ਕਿਸੇ ਮਾਨਸਿਕ ਚੁਣੌਤੀ ਨਾਲ ਜੂਝ ਰਿਹਾ ਹੈ, ਪਰ ਇਸ ਦਾ ਸਭ ਤੋਂ ਵੱਡਾ ਪ੍ਰਭਾਵ ਦੇਸ਼ ਦੀ ਨੌਜਵਾਨ ਪੀੜ੍ਹੀ ‘ਤੇ ਪੈ ਰਿਹਾ ਹੈ।
ਕੈਨੇਡੀਅਨ ਕਮਿਊਨਿਟੀ ਹੈਲਥ ਸਰਵੇ ਅਤੇ ਹੋਰ ਖੋਜਾਂ ਮੁਤਾਬਕ, 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਮੁਕਾਬਲੇ, 18 ਤੋਂ 34 ਸਾਲ ਦੇ ਨੌਜਵਾਨਾਂ ਵਿੱਚ ਐਂਗਜ਼ਾਇਟੀ ਹੋਣ ਦਾ ਖ਼ਤਰਾ 3 ਗੁਣਾ ਜ਼ਿਆਦਾ ਹੈ। ਜੇਕਰ ਐਂਗਜ਼ਾਇਟੀ ਅਤੇ ਡਿਪ੍ਰੈਸ਼ਨ ਨੂੰ ਇਕੱਠਾ ਦੇਖਿਆ ਜਾਵੇ, ਤਾਂ ਨੌਜਵਾਨਾਂ ਵਿੱਚ ਇਸ ਦਾ ਖ਼ਤਰਾ ਬਜ਼ੁਰਗਾਂ ਦੇ ਮੁਕਾਬਲੇ 9 ਗੁਣਾ ਤੱਕ ਵਧੇਰੇ ਪਾਇਆ ਗਿਆ ਹੈ। ਲਿੰਗ ਦੇ ਅਧਾਰ ‘ਤੇ ਹੋਈ ਖੋਜ ਦਰਸਾਉਂਦੀ ਹੈ ਕਿ ਨੌਜਵਾਨ ਕੁੜੀਆਂ ਅਤੇ ਔਰਤਾਂ ਵਿੱਚ ਮਾਨਸਿਕ ਤਣਾਅ ਅਤੇ ਐਂਗਜ਼ਾਇਟੀ ਦੇ ਮਾਮਲੇ ਨੌਜਵਾਨ ਮੁੰਡਿਆਂ ਨਾਲੋਂ ਵੀ ਵਧੇਰੇ ਦੇਖੇ ਗਏ ਹਨ। ਗ੍ਰੀਨਸ਼ੀਲਡ ਅਤੇ ਮੈਂਟਲ ਹੈਲਥ ਰਿਸਰਚ ਕੈਨੇਡਾ ਦੀ ਇੱਕ ਹੋਰ ਰਿਪੋਰਟ ਅਨੁਸਾਰ, 16 ਤੋਂ 29 ਸਾਲ ਦੀ ਉਮਰ ਦੇ ਤਿੰਨ ਵਿੱਚੋਂ ਇੱਕ ਮੁੰਡਾ ਮਾਨਸਿਕ ਸਿਹਤ ਲਈ ਮਦਦ ਮੰਗਣ ਨੂੰ ਕਮਜ਼ੋਰੀ ਦੀ ਨਿਸ਼ਾਨੀ ਮੰਨਦਾ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।
ਨੌਜਵਾਨਾਂ ਵਿੱਚ ਵੱਧ ਰਹੀ ਇਸ ਐਂਗਜ਼ਾਇਟੀ ਦੇ ਪਿੱਛੇ ਕਈ ਸਮਾਜਿਕ ਅਤੇ ਆਰਥਿਕ ਕਾਰਨ ਜ਼ਿੰਮੇਵਾਰ ਹਨ। ਯੂਨਾਈਟਿਡ ਵੇਅ ਸੈਂਟਰੇਡ ਕੈਨੇਡਾ (UWCC) ਦੇ ਵਿੱਤੀ ਚਿੰਤਾ ਸੂਚਕਾਂਕ ਅਨੁਸਾਰ, ਕੈਨੇਡਾ ਵਿੱਚ ਲਗਭਗ ਅੱਧੀ ਆਬਾਦੀ (46 ਫੀਸਦੀ) ਅਜਿਹੀ ਸਥਿਤੀ ਵਿੱਚ ਹੈ ਜਿੱਥੇ ਜੇਕਰ ਉਨ੍ਹਾਂ ਦੀ ਮੁੱਖ ਆਮਦਨ ਬੰਦ ਹੋ ਜਾਂਦੀ ਹੈ, ਤਾਂ ਉਹ ਸਿਰਫ਼ ਇੱਕ ਮਹੀਨੇ ਜਾਂ ਉਸ ਤੋਂ ਘੱਟ ਸਮੇਂ ਵਿੱਚ ਹੀ ਕਰਜ਼ੇ ਦੇ ਬੋਝ ਹੇਠ ਆ ਜਾਣਗੇ। ਇਹ ਅੰਕੜਾ ਪਿਛਲੇ ਛੇ ਮਹੀਨਿਆਂ ਵਿੱਚ 42 ਫੀਸਦੀ ਤੋਂ ਵਧਿਆ ਹੈ। ਇਹ ਆਰਥਿਕ ਦਬਾਅ ਹੁਣ ਸਿਰਫ਼ ਘੱਟ ਆਮਦਨ ਵਾਲੇ ਪਰਿਵਾਰਾਂ ਤੱਕ ਸੀਮਤ ਨਹੀਂ ਰਿਹਾ। 53 ਫੀਸਦੀ ਕੈਨੇਡੀਅਨ ਆਪਣੀ ਵਿੱਤੀ ਸਥਿਤੀ ਨੂੰ “ਠੀਕ” ਜਾਂ ਉਸ ਤੋਂ ਮਾੜਾ ਮੰਨਦੇ ਹਨ। ਨਿੱਜੀ ਵਿੱਤ ਬਾਰੇ ਸੋਚਣ ਨਾਲ 60 ਫੀਸਦੀ ਲੋਕਾਂ ਵਿੱਚ ਚਿੰਤਾ ਪੈਦਾ ਹੁੰਦੀ ਹੈ। ਆਰਥਿਕ ਤਣਾਅ ਕਾਰਨ 40 ਫੀਸਦੀ ਲੋਕਾਂ ਨੂੰ ਨੀਂਦ ਦੀ ਸਮੱਸਿਆ ਹੈ ਅਤੇ 34 ਫੀਸਦੀ ਨੂੰ ਕੰਮ ਜਾਂ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਇਕੱਲੇ ਮਾਪੇ (58 ਫੀਸਦੀ) ਅਤੇ ਨਵੇਂ ਆਏ ਪ੍ਰਵਾਸੀ (54 ਫੀਸਦੀ) ਇਸ ਆਰਥਿਕ ਅਸੁਰੱਖਿਆ ਦਾ ਸਭ ਤੋਂ ਵੱਧ ਸ਼ਿਕਾਰ ਹਨ। ਇੱਥੋਂ ਤੱਕ ਕਿ 38 ਫੀਸਦੀ ਲੋਕ ਭੋਜਨ ਦੀ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ। ਆਰਥਿਕ ਮੰਦਹਾਲੀ ਦੇ ਨਾਲ-ਨਾਲ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ, ਕੋਰੋਨਾ ਮਹਾਮਾਰੀ ਦੌਰਾਨ ਪੈਦਾ ਹੋਇਆ ਸਮਾਜਿਕ ਇਕੱਲਾਪਣ ਅਤੇ ਨਵੇਂ ਆਏ ਪ੍ਰਵਾਸੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਮੈਂਟਲ ਹੈਲਥ ਕਮਿਸ਼ਨ ਆਫ਼ ਕੈਨੇਡਾ ਮੁਤਾਬਕ, ਰੋਜ਼ਾਨਾ 6 ਘੰਟੇ ਤੋਂ ਵੱਧ ਸਕ੍ਰੀਨ ਟਾਈਮ ਵਾਲੇ ਨੌਜਵਾਨਾਂ ਵਿੱਚ ਗੰਭੀਰ ਐਂਗਜ਼ਾਇਟੀ ਹੋਣ ਦੀ ਸੰਭਾਵਨਾ 2.5 ਗੁਣਾ ਵੱਧ ਜਾਂਦੀ ਹੈ। ਭਾਵੇਂ ਜਾਗਰੂਕਤਾ ਵਧੀ ਹੈ, ਪਰ ਸਮਾਜਿਕ ਨਾਮੋਸ਼ੀ ਅਤੇ ਸਿਸਟਮ ਦੀਆਂ ਖਾਮੀਆਂ ਕਾਰਨ ਮਦਦ ਲੈਣ ਵਿੱਚ ਕਈ ਰੁਕਾਵਟਾਂ ਹਨ। 39% ਕੈਨੇਡੀਅਨ ਅੱਜ ਵੀ ਆਪਣੀ ਮਾਨਸਿਕ ਸਥਿਤੀ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ। ਸਰਕਾਰੀ ਸੇਵਾਵਾਂ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਨਿੱਜੀ ਇਲਾਜ ਬਹੁਤ ਮਹਿੰਗਾ ਹੈ। ਯੂਨਾਈਟਿਡ ਵੇਅ ਸੈਂਟਰੇਡ ਕੈਨੇਡਾ ਦੇ ਪ੍ਰਧਾਨ ਡੈਨ ਕਲੇਮੈਂਟ ਨੇ ਕਿਹਾ ਕਿ ਇਹ ਕੋਈ ਆਉਣ ਵਾਲਾ ਸੰਕਟ ਨਹੀਂ ਹੈ, ਸਗੋਂ ਇਹ ਹੁਣ ਵਾਪਰ ਰਿਹਾ ਹੈ। ਹਾਲਾਂਕਿ, ਜਦੋਂ ਲੋਕ ਭਾਈਚਾਰਕ ਸੰਸਥਾਵਾਂ ਤੋਂ ਮਦਦ ਲੈਂਦੇ ਹਨ, ਤਾਂ ਉਨ੍ਹਾਂ ਨੂੰ ਰਾਹਤ ਮਿਲਦੀ ਹੈ। ਜੇਕਰ ਕੋਈ ਇਸ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ, ਤਾਂ ਕੈਨੇਡਾ ਵਿੱਚ ਸੁਸਾਈਡ ਕਰਾਈਸਿਸ ਹੈਲਪਲਾਈਨ (988), ਕਿਡਜ਼ ਹੈਲਪ ਫੋਨ (1-800-668-6868), ਅਤੇ ਵੈਲਨੈੱਸ ਟੂਗੈਦਰ ਕੈਨੇਡਾ (1-866-585-0445) ਵਰਗੀਆਂ ਮੁਫ਼ਤ ਸੇਵਾਵਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਰੁਝਾਨ ਖਬਰਾਂ