ਵੈਨਕੂਵਰ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਕੈਨੇਡਾ ਦੇ ਟਰਾਂਟੋ ਹਵਾਈ ਅੱਡੇ ਤੋਂ ਵਾਪਸ ਭਾਰਤ ਪਰਤਣਾ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਸਾਰੀ ਕਾਰਵਾਈ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਇੱਕ ਸ਼ਿਕਾਇਤ ਦੇ ਆਧਾਰ ‘ਤੇ ਹੋਈ ਹੈ। ਪਾਰਟੀ ਸੂਤਰਾਂ ਮੁਤਾਬਕ ਬੰਟੀ ਰੋਮਾਣਾ ਆਪਣੀ ਕੈਨੇਡਾ ਫੇਰੀ ਦੇ ਤਹਿਤ ਟਰਾਂਟੋ ਪੁੱਜੇ ਸਨ। ਹਵਾਈ ਅੱਡੇ ਉੱਤੇ ਪਹੁੰਚਣ ‘ਤੇ ਫੈਡਰਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਸ਼ਿਕਾਇਤ ਦੇ ਮੱਦੇਨਜ਼ਰ ਅਧਿਕਾਰੀਆਂ ਵੱਲੋਂ ਉਨ੍ਹਾਂ ਕੋਲੋਂ ਲਗਾਤਾਰ ਕਈ ਘੰਟੇ ਪੁੱਛਗਿੱਛ ਕੀਤੀ ਗਈ। ਇਸ ਲੰਬੀ ਪੁੱਛਗਿੱਛ ਦੇ ਬਾਵਜੂਦ ਜਦੋਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਉਨ੍ਹਾਂ ਨੇ ਖੁਦ ਹੀ ਵਾਪਸ ਭਾਰਤ ਮੁੜਨ ਦਾ ਫੈਸਲਾ ਕਰ ਲਿਆ। ਫਿਲਹਾਲ ਉਸ ਸ਼ਿਕਾਇਤ ਦੇ ਵਿਸਤ੍ਰਿਤ ਵੇਰਵਿਆਂ ਬਾਰੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

