ਪਰਮਜੀਤ ਿਸੰਘ
ਬੈਂਕ ਆਫ ਕੈਨੇਡਾ ਵੱਲੋਂ ਲਗਾਤਾਰ ਪੰਜਵੀਂ ਵਾਰ ਵਿਆਜ ਦਰਾਂ ਨੂੰ 2.25 ਫੀਸਦੀ ‘ਤੇ ਬਰਕਰਾਰ ਰੱਖਣ ਦਾ ਫੈਸਲਾ ਕਈ ਸਵਾਲ ਖੜ੍ਹੇ ਕਰਦਾ ਹੈ। ਗਵਰਨਰ ਟਿਫ ਮੈਕਲਮ ਦਾ ਇਹ ਬਿਆਨ ਕਿ ਅਰਥਚਾਰਾ ਕਮਜ਼ੋਰ ਹੈ ਪਰ ਸਪੱਸ਼ਟ ਤੌਰ ‘ਤੇ ਮੰਦੀ ਵਿੱਚ ਨਹੀਂ ਹੈ, ਅੰਕੜਿਆਂ ਅਤੇ ਅਸਲੀਅਤ ਵਿਚਕਾਰ ਇੱਕ ਅਹਿਮ ਟਕਰਾਅ ਨੂੰ ਦਰਸਾਉਂਦਾ ਹੈ। ਜਦੋਂ ਅਰਥਸ਼ਾਸਤਰ ਦੇ ਬੁਨਿਆਦੀ ਨਿਯਮਾਂ ਅਨੁਸਾਰ ਲਗਾਤਾਰ ਦੋ ਤਿਮਾਹੀਆਂ ਵਿੱਚ ਜੀਡੀਪੀ ਦਾ ਡਿੱਗਣਾ ਮੰਦੀ ਅਖਵਾਉਂਦਾ ਹੈ, ਤਾਂ ਕੇਂਦਰੀ ਬੈਂਕ ਵੱਲੋਂ ਸ਼ਬਦਾਂ ਦੀ ਖੇਡ ਖੇਡਣਾ ਆਮ ਲੋਕਾਂ ਲਈ ਭੰਬਲਭੂਸਾ ਪੈਦਾ ਕਰਨ ਵਾਲਾ ਕਦਮ ਹੈ। ਸਾਲ 2025 ਦੀ ਚੌਥੀ ਤਿਮਾਹੀ ਵਿੱਚ ਜੀਡੀਪੀ 1 ਫੀਸਦੀ ਡਿੱਗੀ ਅਤੇ 2026 ਦੀ ਪਹਿਲੀ ਤਿਮਾਹੀ ਵਿੱਚ 0.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਬਾਵਜੂਦ ਇਸ ਨੂੰ ਸਿਰਫ਼ ਇੱਕ ਤਕਨੀਕੀ ਮੰਦੀ ਕਹਿ ਕੇ ਨਕਾਰਨਾ ਸਥਿਤੀ ਦੀ ਗੰਭੀਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਜਾਪਦੀ ਹੈ।
ਮੈਕਲਮ ਦਾ ਇਹ ਤਰਕ ਕਿ ਅਰਥਚਾਰੇ ਵਿੱਚ ਵਿਆਪਕ ਗਿਰਾਵਟ ਨਹੀਂ ਆਈ ਅਤੇ ਬੇਰੁਜ਼ਗਾਰੀ ਦਰ 6.5 ਤੋਂ 7 ਫੀਸਦੀ ਦੇ ਵਿਚਕਾਰ ਸਥਿਰ ਹੈ, ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਨਜ਼ਰ ਆਉਂਦਾ ਹੈ। ਆਮ ਆਦਮੀ ਲਈ ਰੁਜ਼ਗਾਰ ਦੇ ਮੌਕਿਆਂ ਵਿੱਚ ਖੜੋਤ ਅਤੇ ਮਹਿੰਗਾਈ ਦਾ ਬੋਝ ਕਿਸੇ ਮੰਦੀ ਤੋਂ ਘੱਟ ਨਹੀਂ ਹੈ। ਜਦੋਂ ਪਿਛਲੇ 12 ਮਹੀਨਿਆਂ ਤੋਂ ਵਿਕਾਸ ਦਰ ਲਗਭਗ ਸਥਿਰ ਹੈ ਅਤੇ ਅਰਥਚਾਰੇ ਨੇ ਕੋਈ ਤਰੱਕੀ ਨਹੀਂ ਕੀਤੀ, ਤਾਂ ਇਸ ਨੂੰ ਕਮਜ਼ੋਰੀ ਦਾ ਨਾਮ ਦੇ ਕੇ ਸਰਕਾਰ ਅਤੇ ਬੈਂਕ ਆਪਣੀਆਂ ਨਾਕਾਮੀਆਂ ਤੋਂ ਪੱਲਾ ਝਾੜਦੇ ਨਜ਼ਰ ਆਉਂਦੇ ਹਨ।
ਇਹ ਇੱਕ ਆਲੋਚਨਾਤਮਕ ਪਹਿਲੂ ਹੈ ਕਿ ਨੀਤੀ ਘਾੜੇ ਅੰਕੜਿਆਂ ਦੀ ਆੜ ਵਿੱਚ ਉਨ੍ਹਾਂ ਲੋਕਾਂ ਦੇ ਦਰਦ ਨੂੰ ਅੱਖੋਂ ਪਰੋਖੇ ਕਰ ਰਹੇ ਹਨ ਜੋ ਰੋਜ਼ਾਨਾ ਜੀਵਨ ਵਿੱਚ ਉੱਚੀਆਂ ਕੀਮਤਾਂ ਅਤੇ ਆਮਦਨ ਦੀ ਘਾਟ ਨਾਲ ਜੂਝ ਰਹੇ ਹਨ।
ਆਰਥਿਕ ਸੁਸਤੀ ਲਈ ਮੱਧ ਪੂਰਬ ਦੇ ਟਕਰਾਅ, ਈਰਾਨ ਯੁੱਧ, ਊਰਜਾ ਦੀਆਂ ਵਧਦੀਆਂ ਕੀਮਤਾਂ ਅਤੇ ਅਮਰੀਕੀ ਟੈਰਿਫ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਇੱਕ ਪੁਰਾਣੀ ਅਤੇ ਰਵਾਇਤੀ ਪਹੁੰਚ ਹੈ। ਬੇਸ਼ੱਕ ਇਹ ਬਾਹਰੀ ਕਾਰਕ ਆਲਮੀ ਸਪਲਾਈ ਚੇਨ ਨੂੰ ਪ੍ਰਭਾਵਿਤ ਕਰਦੇ ਹਨ, ਪਰ ਇੱਕ ਮਜ਼ਬੂਤ ਫੈਡਰਲ ਨੀਤੀ ਦਾ ਕੰਮ ਅਜਿਹੇ ਝਟਕਿਆਂ ਤੋਂ ਦੇਸ਼ ਨੂੰ ਬਚਾਉਣਾ ਹੁੰਦਾ ਹੈ। ਭੋਜਨ ਦੀ ਮਹਿੰਗਾਈ ਅਜੇ ਵੀ ਉੱਚੀ ਹੈ ਅਤੇ ਲੋਕਾਂ ਦੀ ਖਰੀਦ ਸ਼ਕਤੀ ਲਗਾਤਾਰ ਘਟ ਰਹੀ ਹੈ। ਗਵਰਨਰ ਦਾ ਇਹ ਕਹਿਣਾ ਕਿ ਊਰਜਾ ਦੀਆਂ ਕੀਮਤਾਂ ਦਾ ਦੂਜੀਆਂ ਵਸਤਾਂ ‘ਤੇ ਵਿਆਪਕ ਅਸਰ ਨਹੀਂ ਪਿਆ, ਖਪਤਕਾਰਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਨੂੰ ਘਟਾ ਕੇ ਪੇਸ਼ ਕਰਨ ਦੇ ਬਰਾਬਰ ਹੈ।
ਇਸ ਸਥਿਤੀ ਨੇ ਸਿਆਸੀ ਆਲੋਚਨਾ ਨੂੰ ਵੀ ਜਨਮ ਦਿੱਤਾ ਹੈ। ਕੰਜ਼ਰਵੇਟਿਵ ਆਗੂ ਪੀਅਰ ਪੋਇਲੀਵਰ ਦਾ ਇਹ ਦੋਸ਼ ਬਿਲਕੁਲ ਸਹੀ ਦਿਸ਼ਾ ਵਿੱਚ ਇਸ਼ਾਰਾ ਕਰਦਾ ਹੈ ਕਿ ਜਦੋਂ ਜੀ 20 ਦੇ ਬਾਕੀ 19 ਦੇਸ਼ ਮੰਦੀ ਦਾ ਸ਼ਿਕਾਰ ਨਹੀਂ ਹਨ ਤਾਂ ਕੈਨੇਡਾ ਦੀ ਇਸ ਹਾਲਤ ਲਈ ਸਿਰਫ਼ ਵਿਸ਼ਵਵਿਆਪੀ ਕਾਰਨਾਂ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਅੰਤ ਵਿੱਚ ਬੈਂਕ ਆਫ ਕੈਨੇਡਾ ਚਾਹੇ ਇਸ ਨੂੰ ਮੰਦੀ ਕਹਿਣ ਤੋਂ ਗੁਰੇਜ਼ ਕਰੇ ਪਰ ਅਸਲੀਅਤ ਇਹ ਹੈ ਕਿ ਕੈਨੇਡੀਅਨ ਅਰਥਚਾਰਾ ਸੰਕਟ ਵਿੱਚ ਹੈ। ਸ਼ਬਦਾਂ ਦਾ ਹੇਰ ਫੇਰ ਕਰਨ ਦੀ ਬਜਾਏ ਠੋਸ ਅਤੇ ਜਵਾਬਦੇਹ ਆਰਥਿਕ ਨੀਤੀਆਂ ਲਾਗੂ ਕਰਨ ਦੀ ਸਖ਼ਤ ਲੋੜ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਇਸ ਆਰਥਿਕ ਖੜੋਤ ਵਿੱਚੋਂ ਬਾਹਰ ਕੱਢਿਆ ਜਾ ਸਕੇ।
ਕੀ ਬੈਂਕ ਆਫ ਕੈਨੇਡਾ ਮੰਦੀ ਦੇ ਅਸਲ ਹਾਲਾਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ’ਚ ਹੈ?

